Breaking News
Home / ਘਰ ਪਰਿਵਾਰ / ਮੂੰਹ ‘ਤੇ ਮਾਸਕ ਅਤੇ ਦੂਰੋਂ ਗੱਲਬਾਤ ਦਾ ਸੱਭਿਆਚਾਰ

ਮੂੰਹ ‘ਤੇ ਮਾਸਕ ਅਤੇ ਦੂਰੋਂ ਗੱਲਬਾਤ ਦਾ ਸੱਭਿਆਚਾਰ

ਕਰੋਨਾ ਦੀ ਸ਼ੁਰੂਆਤ ਵੇਲੇ ਸਭ ਤੋਂ ਪਹਿਲਾਂ ਜੋ ਨਿਰਦੇਸ਼ ਆਏ, ਉਹ ਸੀ ਮਾਸਕ ਅਤੇ ਸੈਨੇਟਾਈਜ਼ਰ ਦੀ ਵਰਤੋਂ। ਫਿਰ ਸੈਨੇਟਾਈਜ਼ਰ ਦੀ ਥਾਂ ਆਮ ਸਾਬਣ ਨਾਲ ਹੱਥ ਧੋਣ ਦੀ ਗੱਲ ਹੋਈ। ਇਹ ਸਾਡੀਆਂ ਸਿਹਤਮੰਦ ਆਦਤਾਂ ਦੇ ਹਿੱਸੇ ਵਜੋਂ ਪਹਿਲਾਂ ਹੀ ਮੌਜੂਦ ਸੀ, ਪਰ ਇਸ ਨੂੰ ਕੁਝ ਸੰਜੀਦਾ ਹੋ ਕੇ ਅਪਣਾਇਆ ਜਾਣ ਲੱਗਾ। ਇਸ ਤੋਂ ਅਗਲੀ ਸਮਝ ਤਹਿਤ ਛੇ ਫੁੱਟ ਦੀ ਦੂਰੀ ਗੱਲ ਆਈ, ਜਿਸ ਨੂੰ ਲੈ ਕੇ ਪ੍ਰਧਾਨ ਮੰਤਰੀ ਨੇ ਇਸ ਨੂੰ ਪੇਂਡੂ ਸਮਝ ਦੇ ਹਾਣ ਦਾ ਬਣਾਉਂਦੇ ਹੋਏ ਸੰਗੀਤਕ ਵਾਕ ਵਿਚ ਪੇਸ਼ ਕੀਤਾ, ‘ਦੋ ਗਜ਼ ਦੂਰੀ, ਬਹੁਤ ਜ਼ਰੂਰੀ’ ਅਤੇ ਇਨ੍ਹਾਂ ਦੋਹਾਂ ਪੱਖਾਂ ਨੂੰ ਜੀਵਨ ਸ਼ੈਲੀ ਦਾ ਹਿੱਸਾ ਬਣਾਉਣ ਦੀ ਸਲਾਹ ਵੀ ਦਿੱਤੀ।
ਤਾਲਾਬੰਦੀ ਵਾਲੇ ਦੌਰ ਤੋਂ ਹੌਲੀ-ਹੌਲੀ ਰਾਹਤ ਮਿਲ ਰਹੀ ਹੈ, ਪਰ ਇਨ੍ਹਾਂ ਦੋਹਾਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਦੇ ਨਿਰਦੇਸ਼ ਵੀ ਹੋਏ ਹਨ। ਕੁਝ ਲੋਕਾਂ ਨੇ ਇਸ ਨੂੰ ਆਦਤ ਵੀ ਬਣਾ ਲਿਆ। ਵੈਸੇ ਵੀ ਇਕ ਮਨੋਵਿਗਿਆਨਕ ਅਧਿਐਨ ਹੈ ਕਿ ਤਿੰਨ ਹਫ਼ਤੇ ਤੱਕ ਕਿਸੇ ਵੀ ਆਦਤ ਨੂੰ ਅਪਣਾਇਆ ਜਾਵੇ, ਉਹ ਜੀਵਨ ਵਿਚ ਚੱਲ ਜਾਂਦੀ ਹੈ।
ਜੇ ਆਪਣੇ ਇਸ ਮੁਲਕ ਦੇ ਸਭਿਆਚਾਰ ਦੀ ਗੱਲ ਕਰੀਏ ਤਾਂ ਇਹ ਦੂਰੀ ਸਾਡੀ ਰਵਾਇਤ ਨਹੀਂ ਹੈ। ਵਿਦੇਸ਼ੀ-ਪੱਛਮੀ, ਭੱਜ-ਨੱਠ ਅਤੇ ਤੇਜ਼ ਰਫ਼ਤਾਰ ਜ਼ਿੰਦਗੀ ਵਿਚ ਦੂਰੋਂ-ਦੂਰੋਂ ਗੱਲ ਕਰਨੀਂ, ਕੰਮ ਦੀ ਗੱਲ ਕਰਨੀ ਜ਼ਰੂਰ ਅਪਣਾਏ ਗਏ ਹਨ, ਪਰ ਸਾਡੇ ਵਰਗੇ ਖੇਤੀ ਪ੍ਰਧਾਨ ਦੇਸ਼ ਵਿਚ ਫ਼ਸਲ ਦੀ ਬਿਜਾਈ ਅਤੇ ਕਟਾਈ ਦੇ ਹੱਡ-ਭੰਨਵੇਂ, ਲੰਮੇ ਕਾਰਜ ਤੋਂ ਬਾਅਦ, ਕੁਝ ਸਮਾਂ ਸੱਥ ਲਈ ਹੁੰਦਾ ਹੈ, ਮਿਲ ਬੈਠਣ ਦਾ ਤੇ ਗੱਪ-ਸ਼ੱਪ ਦਾ ਹੁੰਦਾ ਹੈ। ਪਿਛਲੇ ਕੁਝ ਸਾਲਾਂ ‘ਤੇ ਝਾਤੀ ਮਾਰੀਏ ਤਾਂ ਸਮਾਰਟ ਫੋਨ ਅਤੇ ਇੰਟਰਨੈੱਟ ਦੇ ਫੈਲਾਅ ਨੇ ਘਰ ਦੇ ਚਾਰ ਜੀਆਂ ਨੂੰ ਚਾਰੇ ਨੁੱਕਰਾਂ ਵਿਚ ਵਾੜ ਦਿੱਤਾ ਹੈ। ਹੁਣ ਇਹ ਵਿਧਾਨਕ ਆਦੇਸ਼ ਬਣ ਕੇ ਸਾਡੇ ਜੀਵਨ ਵਿਚ ਦਾਖ਼ਲ ਹੋ ਰਿਹਾ ਹੈ। ਤੁਸੀਂ ਸੋਚੋ ਕਿ ਕਿਸੇ ਵੀ ਦੁਕਾਨ, ਮਾਲ ਜਾਂ ਅਜਿਹੀ ਥਾਂ ‘ਤੇ ਮਾਸਕ ਪਾ ਕੇ ਇਕ-ਦੂਸਰੇ ਨੂੰ ਪਛਾਨਣ ਤੇ ਫਿਰ ਛੇ ਫੁੱਟ ‘ਤੇ ਖੜ੍ਹ ਕੇ ਕੁਝ ਸਾਂਝ ਪਾਉਣੀ ਕਿੰਨੀ ਕੁ ਸਹਿਜ ਰਹਿ ਜਾਵੇਗੀ। ਇਸ ਤਰ੍ਹਾਂ ਗੱਲ ਪੁੱਛਣ ਦਾ ਰਵਾਇਤੀ ਢੰਗ ਹੈਲੋ, ਹਾਏ, ਓ.ਕੇ. ਵਿਚ ਸਿਮਟ ਕੇ ਰਹਿ ਜਾਵੇਗਾ।
ਜੀਵ ਵਿਕਾਸ ਦੀ ਲੜੀ ਵਿਚ ਅਸੀਂ ਸੋਸ਼ਲ ਹੋਏ ਹਾਂ, ਅਸੀਂ ਆਪਣੇ ਨਾਲ ਸਮਾਜਿਕ ਪ੍ਰਾਣੀ ਦਾ ਵਿਸ਼ੇਸ਼ਣ ਲਗਾਇਆ ਹੈ। ਸਾਡੇ ਤੋਂ ਪਿਛਲੀ ਪੌੜੀ ‘ਤੇ ਖੜ੍ਹੇ ਜੀਵ ਇਕੱਠੇ ਜ਼ਰੂਰ ਰਹਿੰਦੇ ਹਨ, ਪਰ ਉਹ ਝੁੰਡ ਹਨ। ਅਸੀਂ ਸਮਾਜ ਬਣਾਇਆ, ਜੇਕਰ ਸਹੀ ਅਰਥਾਂ ਵਿਚ ਸਮਝੀਏ ਤਾਂ ਸਾਡੇ ਅੰਦਰ ਵਿਕਸਤ ਹੋਈ ਸਵੈ-ਚੇਤਨਾ ਨੇ, ਆਲੇ-ਦੁਆਲੇ ਪ੍ਰਤੀ ਸੁਚੇਤ ਹੋਣ ਦੀ ਕਾਬਲੀਅਤ ਨੇ ਅਤੇ ਆਪਸ ਵਿਚ ਇਕ-ਦੂਸਰੇ ਨੂੰ ਮਿਲਣ ਦੀ ਚਾਹਤ ਨੇ ਸਮਾਜ ਬਣਾਉਣ ਲਈ ਪ੍ਰੇਰਿਆ। ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਮਿਲਣਾ, ਮਦਦ ਕਰਨਾ, ਕੋਈ ਸਮਾਜਿਕ ਨੇਮ ਨਹੀਂ ਹੈ, ਇਹ ਸਾਡੀ ਸਰੀਰਕ ਬਣਤਰ ਦਾ ਕੁਦਰਤੀ ਹਿੱਸਾ ਹੈ।
ਵਿਸ਼ਵ ਸਿਹਤ ਸੰਸਥਾ ਨੇ ਆਪਣੀ ਕਾਇਮੀ ਤੋਂ ਬਾਅਦ 1948 ਵਿਚ ਸਿਹਤ ਦੀ ਵਿਆਖਿਆ ਕਰਦਿਆਂ ਇਸ ਨੂੰ ਸਰੀਰਕ, ਮਾਨਸਿਕ ਅਤੇ ਸਮਿਜਕ ਪੱਖੋਂ ਨਰੋਏ ਹੋਣ ਤਹਿਤ ਲਿਆ। ਸਮਾਜਿਕ ਸਿਹਤ ਤਹਿਤ, ਨਰੋਏ ਰਿਸ਼ਤੇ, ਸਬੰਧਾਂ ਦੇ ਧੜਕਦੇ-ਥਿੜਕਦੇ ਹੋਣ ਦੀ ਭਾਵਨਾ ਹੈ। ਇਹ ਤਿੰਨੋਂ ਪੱਖ ਇਕ ਦੂਸਰੇ ਨੂੰ ਪ੍ਰਭਾਵਿਤ ਕਰਦੇ ਤੇ ਹੁੰਦੇ ਹਨ। ਇਸ ਸਮਾਜਿਕ/ਸਰੀਰਕ ਦੂਰੀ ਨੂੰ ਰਵਾਇਤ ਬਣਾ ਕੇ, ਅਸੀਂ ਗ਼ੈਰ-ਕੁਦਰਤੀ ਕਾਰਜ ਕਰਨ ਵੱਲ ਵਧ ਰਹੇ ਹਾਂ।
ਸਾਡੇ ਸਰੀਰ ਅੰਦਰ, ਖ਼ੁਸ਼ੀ ਨਾਲ ਜੁੜੇ ਚਾਰ ਹਾਰਮੋਨਜ਼ ਹਨ। ਡੋਪਾਸੀਨ, ਐਂਡਰੋਫਿਨ, ਔਕਸੀਟੋਸਿਨ ਅਤੇ ਸਿਰੋਟਾਨਿਨ। ਇਹ ਕੁਦਰਤੀ ਤੌਰ ‘ਤੇ ਉਦੋਂ ਪੈਦਾ ਹੁੰਦੇ ਹਨ, ਜਦੋਂ ਅਸੀਂ ਆਪਸ ਵਿਚ ਮਿਲਦੇ ਹਾਂ, ਇਕ ਦੂਸਰੇ ਤੋਂ ਕੁਝ ਲੈਂਦੇ ਤੇ ਦਿੰਦੇ ਹਾਂ, ਕਿਸੇ ਦੀ ਮਦਦ ਕਰਦੇ ਹਾਂ, ਇਕ ਦੂਸਰੇ ਨੂੰ ਛੂੰਹਦੇ ਹਾਂ, ਹੱਥ ਮਿਲਾਉਂਦੇ, ਗੱਲਵਕੜੀ ਪਾਉਂਦੇ ਹਾਂ। ਮਾਂ ਬੱਚੇ ਨੂੰ ਪਾਲਦੀ, ਦੁੱਧ ਪਿਲਾਉਂਦੀ ਹੈ। ਉਸ ਦਾ ਇਹ ਕਾਰਜ ਖ਼ੁਸ਼ੀ ਅਤੇ ਆਨੰਦ ਦਿੰਦਾ ਹੈ ਤੇ ਐਕਸੀਟੋਸਿਨ ਹਾਰਮੋਨ ਨਾਲ ਜੁੜਿਆ ਹੈ।
ਕਰੋਨਾ ਮਹਾਮਾਰੀ ਦੇ ਇਸ ਦੌਰ ਤੋਂ ਅੱਗੇ ਅਸੀਂ ਕਿਸ ਸਭਿਆਚਾਰ ਵੱਲ ਵਧ ਰਹੇ ਹਾਂ? ਹਰ ਮੇਲ-ਮਿਲਾਪ ਤੁਹਾਨੂੰ ਨਵੀਂ ਊਰਜਾ ਦਿੰਦਾ ਹੈ। ਮੇਲ-ਮਿਲਾਪ ਨਾਲ ਇਹ ਗਿਆਨ ਹੁੰਦਾ ਹੈ ਕਿ ਅਸੀਂ ਸਾਰੇ ਇਕ ਰੂਪ ਹਾਂ।
ਵਿਅਕਤੀ ਅੰਦਰ ਪਏ-ਪਸਰੇ, ਨਿਵੇਕਲੇ ਅਤੇ ਮਹਾਨ ਹੋਣ ਦਾ ਭਰਮ ਟੁੱਟਦਾ ਹੈ ਤੇ ਇਕਜੁੱਟ ਹੋਣ ਦੀ ਸ਼ੁਰੂਆਤ ਹੁੰਦੀ ਹੈ। ਕੀ ਕਰੋਨਾ ਕਾਲ ਦੌਰਾਨ ਤਾਲਾਬੰਦੀ ਅਤੇ ਇਹ ਦੂਰੀ ਵਾਲੇ ਬਦਲਾਓ ਨੂੰ ਸਾਡੀ ਜੀਵਨ ਸ਼ੈਲੀ ਦਾ ਹਿੱਸਾ ਬਣਾ ਕੇ ਸਭ ਨੂੰ ਆਪੋ-ਆਪਣੇ ਕਕੂਨ ਵਿਚ ਸਮੇਟ ਕੇ, ਸਾਂਝੀ ਸਿਆਣਪ ਅਤੇ ਮਿਲ ਕੇ ਚੰਗੇ ਸੁਪਨੇ ਸਿਰਜਣ ਦੀ ਕੋਸ਼ਿਸ਼ ਨੂੰ ਖੋਰਾ ਤਾਂ ਨਹੀਂ ਲਗਾਇਆ ਜਾ ਰਿਹਾ, ਇਸ ਪ੍ਰਤੀ ਜ਼ਰੂਰ ਸੁਚੇਤ ਰਹਿਣ ਦੀ ਲੋੜ ਹੈ।
– ਡਾ. ਸ਼ਿਆਮ ਸੁੰਦਰ ਦੀਪਤੀ
ਪ੍ਰੋਫੈਸਰ, ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ

Check Also

Dayanand Medical College & Hospital Ludhiana,Punjab,India

DMCH Infertility & IVF Unit < IVF with self and donor oocytes < ICSI and …