ਪ੍ਰਗਟ ਸਿੰਘ ਟਾਂਡਾ
ਗਿਆਨ ਮਨੁੱਖੀ ਜੀਵਨ ਦੀ ਚੂਲ ਹੈ। ਗਿਆਨ ਦੀ ਘਾਟ ਕਾਰਣ ਹੀ ਲੋਕ ਗੁਲਾਮ ਬਣ ਦੇ ਹਨ ਭਾਂਵੇ ਗਿਆਨ ਦੇ ਅੱਜ ਕੱਲ੍ਹ ਬਹੁਤ ਸਾਰੇ ਸਰੋਤ ਜਿਵੇਂ; ਇੰਟਰਨੇਟ, ਸੋਸ਼ਲ ਮੀਡਿਆ, ਟੀ. ਵੀ., ਸੰਤਾ, ਲੀਡਰਾਂ ਆਦਿ ਦੇ ਭਾਸ਼ਣ ਆਦਿ ਹਨ। ਪਰ ਕਿਤਾਬਾਂ ਦੇ ਮੁਕਾਬਲੇ ਇਹ ਸਭ ਫਿੱਕੇ ਹੀ ਹਨ। ਇਹਨਾਂ ਦਾ ਗਿਆਨ ਵੀ ਟੁੱਟਵਾਂ ਹੁੰਦਾ ਹੈ ਸਾਨੂੰ ਪਤਾ ਹੈ ਕਿ ਅੰਸ਼ਿਕ ਗਿਆਨ ਖ਼ਤਰਨਾਕ ਹੁੰਦਾ ਹੈ। ਕਿਤਾਬਾਂ ਦੇ ਸਹਾਰੇ ਹੀ ਦੁਨੀਆ ਵਿਚ ਕਈ ਥਾਈਂ ਕ੍ਰਾਂਤੀਆਂ ਆਈਆਂ ਹਨ। ਵੱਡੇ-ਵੱਡੇ ਬਿਜ਼ਨੈਸਮੈਨ, ਫਿਲੌਸਫਰ, ਲੀਡਰ ਆਦਿ ਸਾਰੇ ਵਿਅਕਤੀ ਕਿਤਾਬਾਂ ਪੜ੍ਹਦੇ ਹਨ। ਕਹਿੰਦੇ ਹਨ ਕਿ ਭਗਤ ਸਿੰਘ ਵੀ ਆਪਣੇ ਕੋਟ ਵਿਚ ਕਿਤਾਬਾਂ ਰੱਖਦੇ ਸਨ ਤੇ ਖੁਦ ਵੀ ਪੜ੍ਹਦੇ ਅਤੇ ਆਪਣੇ ਦੋਸਤਾਂ ਨੂੰ ਵੀ ਪੜ੍ਹਨ ਲਈ ਕਿਤਾਬਾਂ ਦਿੰਦੇ ਸਨ। ਗਿਆਨ ਦੀ ਲਾਲਸਾ ਦੀ ਜਦੋਂ ਆਦਤ ਪੈ ਜਾਵੇ ਤਾਂ ਇਨਸਾਨ ਵਾਧੂ ਸਮਾਂ ਅਜਾਈਂ ਨਹੀਂ ਗਾਵਾਂਦਾ, ਸਗੋਂ ਕਿਤਾਬ ਪੜ੍ਹਨ ਵਿਚ ਲਾਉਂਦਾ ਹੈ। ਇਸ ਤਰ੍ਹਾਂ ਉਹ ਨਿੰਦਾ-ਚੁਗਲੀ ਦੀ ਆਦਤ ਤੋਂ ਵੀ ਬਚ ਜਾਂਦਾ ਹੈ।
ਲੋਕਲ ਦੁਕਾਨਾਂ ਤੇ ਤਾਂ ਸਿਰਫ ਸਕੂਲ ਦੀਆਂ ਟੈਕਸਟ ਬੁੱਕਸ ਹੀ ਮਿਲਦੀਆਂ ਹਨ। ਅਸਲ ਵਿਚ ਇਹਨਾਂ ਕਿਤਾਬਾਂ ਵਿਚੋਂ ਹੀ ਉਹਨਾਂ ਨੂੰ ਆਮਦਨ ਹੁੰਦੀ ਹੈ। ਗਿਆਨ ਭਰਪੂਰ ਕਿਤਾਬਾਂ ਲੋਕ ਘਟ ਪੜ੍ਹਦੇ ਹਨ। ਮਾਰਕੀਟ ਨਾ ਹੋਣ ਕਰਕੇ ਦੁਕਾਨਦਾਰ ਮਾਲ ਨਹੀਂ ਲਿਆਉਂਦੇ, ਇਸ ਤਰ੍ਹਾਂ ਲੇਖਕ ਨੂੰ ਵੀ ਕਿਤਾਬ ਲਿਖਣ ਦਾ ਬਲ ਨਹੀਂ ਮਿਲਦਾ, ਸੋ ਅੰਤ ਗਿਆਨ ਦੀ ਘਾਟ ਕਾਰਣ ਪੂਰੇ ਸਮਾਜ ਨੂੰ ਘਾਟਾ ਹੁੰਦਾ ਹੈ।
ਅਸਲ ਵਿਚ ਇਸਦਾ ਇੱਕ ਕਾਰਣ ਸਾਡੀ ਸਿਖਿਆ ਪ੍ਰਣਾਲੀ ਵੀ ਹੈ ਜਿੱਥੇ ਸਾਨੂੰ ਬਣੇ-ਬਣਾਏ ਉੱਤਰਾਂ ਨੂੰ ਰੱਟਾ ਮਾਰਨਾ ਸਿਖਾਇਆ ਜਾਂਦਾ ਹੈ। ਇਸ ਤਰਾਂ ਪੜ੍ਹਾਈ ਬੋਝ ਲੱਗਣ ਲੱਗ ਜਾਂਦੀ ਹੈ। ਵਿਦਿਆਰਥੀ ਕੇਵਲ ਨੰਬਰ ਲੈਣ ਤੇ ਨੌਕਰੀ ਪ੍ਰਾਪਤੀ ਹਿਤ ਹੀ ਪੜ੍ਹਨਾ ਚਾਹੁੰਦਾ ਹੈ। ਕਲਾਸ ਵਿਚੋਂ ਜਦੋਂ ਬੱਚਿਆਂ ਨੂੰ ਪੁੱਛਿਆ ਜਾਂਦਾ ਹੈ ਕਿ ਉਹਨਾਂ ਵਿਚੋਂ ਕਿੰਨਿਆਂ ਨੇ ਕੋਈ ਨਾਵਲ ਪੜ੍ਹਿਆ ਹੈ ਤਾਂ ਇੱਕ-ਦੋ ਹੀ ਹੱਥ ਖੜ੍ਹਾ ਕਰਦੇ ਹਨ !
ਸੋ ਲੋੜ ਹੈ ਲੋਕਾਂ, ਖਾਸ ਕਰਕੇ ਵਿਦਿਆਰਥੀਆਂ ਵਿਚ ਕਿਤਾਬਾਂ ਪੜ੍ਹਨ ਦੀ ਆਦਤ ਪਾਈ ਜਾਵੇ। ਕਹਿੰਦੇ ਹਨ ਭਾਰਤ ਡੈਮੋਗ੍ਰਾਫ਼ਿਕ ਦਿਵੀਡੈਂਡ ਦੇ ਦੌਰ ‘ਚੋਂ ਲੱਗ ਰਿਹਾ ਹੈ, ਭਾਵ ਇਸਦੀ ਸੱਠ ਫ਼ੀਸਦੀ ਤੋਂ ਜ਼ਿਆਦਾ ਆਬਾਦੀ ਦੇ ਲੋਕ ਜਵਾਨ ਹਨ। ਇਸਦਾ ਫਾਇਦਾ ਤਾਂ ਹੀ ਲਿਆ ਜਾ ਸਕਦਾ ਹੈ ਜੇ ਇਹ ਲੋਕ ਗਿਆਨ ਭਰਪੂਰ ਹੋਣ। ਸਾਨੂੰ ਆਪਣੇ ਇਤਿਹਾਸ, ਸੰਵਿਧਾਨ, ਭੂਗੋਲ, ਅਰਥਚਾਰੇ, ਵਾਤਾਵਰਣ, ਚਲੰਤ ਮਾਮਲੇ, ਲੋਕ ਵਿਹਾਰ, ਜ਼ਿੰਦਗੀ ਜੀਉਣ ਦੇ ਗੁਣ, ਮਹਾਨ ਪੁਰਖਾਂ ਆਦਿ ਦੀ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ। ਆਪਣੀ ਉਮਰ, ਲੋੜ ਅਤੇ ਦਿਲਚਸਪੀ ਆਦਿ ਦੇ ਹਿਸਾਬ ਨਾਲ ਜੇ ਕੋਈ ਕਿਤਾਬਾਂ ਬਾਰੇ ਜਾਨਣਾ ਚਾਹੁੰਦਾ ਹੈ ਤਾਂ ਇਸ ਨਾਲ ਸੰਬੰਧਿਤ ਕਈ ਵੀਡਿਓਜ਼ ਹਨ। ਵੈਬਸਾਈਟਾਂ ਤੇ ਵੱਖ-ਵੱਖ ਭਾਸ਼ਾਵਾਂ ਅਤੇ ਵਿਸ਼ਿਆਂ ਨਾਲ ਸਬੰਧਤ ਕਾਫ਼ੀ ਕਿਤਾਬਾਂ ਉਪਲਬਧ ਹਨ। ਹਰ ਜ਼ਿਲ੍ਹੇ ਦੀ ਮੁਖ ਕਿਤਾਬਾਂ ਦੀ ਮਾਰਕੀਟ ਵਿਚ ਵੀ ਇੱਕ-ਦੋ ਦੁਕਾਨਾਂ ਸਾਹਿਤ ਦੀ ਕਿਤਾਬਾਂ ਦੀਆਂ ਵੀ ਹੁੰਦੀਆਂ ਹਨ।
ਸਮਾਜਿਕ ਜਥੇਬੰਦੀਆਂ, ਸਕੂਲ-ਕਾਲਜ ਦੇ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਸਮੇਂ-ਸਮੇਂ ਕਿਤਾਬਾਂ ਦੀਆਂ ਪ੍ਰਦਰਸ਼ਨੀਆਂ ਲਗਵਾਉਣ। ਵਿਆਹ-ਸ਼ਾਦੀਆਂ ਆਦਿ ਵੇਲੇ ਵੀ ਇੱਕ ਸਟਾਲ ਕਿਤਾਬਾਂ ਦਾ ਵੀ ਹੋਣਾ ਚਾਹੀਦਾ ਹੈ। ਗਿਫ਼ਟ-ਉਪਹਾਰ ਦੇ ਰੂਪ ਵਿਚ ਵੀ ਕਿਤਾਬਾਂ ਨੂੰ ਪਹਿਲ ਦਿੱਤੀ ਜਾਵੇ। ਆਮ ਗੱਪ-ਛੱਪ ਦੌਰਾਨ ਵੀ ਕਿਤਾਬਾਂ ਬਾਰੇ ਚਰਚਾ ਕੀਤੀ ਜਾਵੇ। ਨਵੀਂ ਪਨੀਰੀ ਵਿਚ ਕਿਤਾਬਾਂ ਪੜ੍ਹਨ ਦੀ ਦਿਲਚਸਪੀ ਪੈਦਾ ਕਰਨ ਲਈ ਹੇਠ ਲਿਖੀ ਸਕੀਮ ਵਰਤੀ ਜਾ ਸਕਦੀ ਹੈ। ਹਰ ਇੱਕ ਸਫ਼ੇ ਲਈ ਇੱਕ ਜਾਂ ਦੋ ਰੁਪਏ ਇਨਾਮ ਵੱਜੋਂ ਰੱਖੇ ਜਾ ਸਕਦੇ ਹਨ ਹਿਦਾਇਤ ਕੀਤੀ ਜਾਵੇ ਕੇ ਹਰ ਇੱਕ ਸ਼ਬਦ ਦੇ ਥੱਲੇ ਪੈਨਸਿਲ ਨਾਲ ਲਕੀਰ ਲਗਾਈ ਜਾਵੇ, ਇਸ ਤਰ੍ਹਾਂ ਉਹ ਸ਼ਬਦ ਵੀ ਜ਼ਰੂਰ ਪੜ੍ਹ ਹੋ ਜਾਵੇਗਾ, ਪੜ੍ਹੇ ਹੋਏ ਸਫ਼ੇ ਗਿਣਨ ਵਿਚ ਵੀ ਸਹਾਇਤਾ ਹੋਵੇਗੀ।
ਕਿਤਾਬਾਂ ਮਨੁੱਖ ਦੀਆਂ ਚੰਗੀਆਂ ਦੋਸਤ ਹਨ। ਸਾਨੂੰ ਕਿਤਾਬਾਂ ਨਾਲ ਗੂੜ੍ਹੀ ਯਾਰੀ ਪਾ ਕੇ ਆਪਣੇ ਤੇ ਮਾਨਵਤਾ ਦੇ ਵਿਕਾਸ ਵਿਚ ਹਿੱਸਾ ਪਾਉਣਾ ਚਾਹੀਦਾ ਹੈ।
Check Also
Dayanand Medical College & Hospital Ludhiana,Punjab,India
DMCH Infertility & IVF Unit IVF with self and donor oocytes ICSI and …