ਪਾਕਿਸਤਾਨ ਅਧਾਰਤ ਦਹਿਸ਼ਤੀ ਜਥੇਬੰਦੀਆਂ ਖਿਲਾਫ ਹੋਵੇਗੀ ਕਾਰਵਾਈ
ਲੰਡਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਥੇ ਆਪਣੀ ਬਰਤਾਨਵੀ ਹਮਰੁਤਬਾ ਟੈਰੇਜ਼ਾ ਮੇਅ ਨਾਲ ਵੱਖ-ਵੱਖ ਮੁੱਦਿਆਂ ‘ਤੇ ‘ਲਾਹੇਵੰਦ ਗੱਲਬਾਤ’ ਕੀਤੀ, ਜਿਸ ਦੌਰਾਨ ਦੋਹਾਂ ਮੁਲਕਾਂ ਨੇ ਆਲਮੀ ਪੱਧਰ ‘ਤੇ ਪਾਬੰਦੀਸ਼ੁਦਾ ਦਹਿਸ਼ਤੀ ਜਥੇਬੰਦੀਆਂ ਖ਼ਿਲਾਫ਼ ਫ਼ੈਸਲਾਕੁਨ ਕਾਰਵਾਈ ਲਈ ਸਹਿਯੋਗ ਮਜ਼ਬੂਤ ਕਰਨ ਦਾ ਅਹਿਦ ਲਿਆ ਹੈ। ਨਾਲ ਹੀ ਮੋਦੀ ਨੇ ਭਰੋਸਾ ਦਿੱਤਾ ਕਿ ਬਰਤਾਨੀਆ ਦੇ ਯੂਰਪੀ ਯੂਨੀਅਨ ਵਿੱਚੋਂ ਨਿਕਲ ਜਾਣ ਤੋਂ ਬਾਅਦ ਵੀ ਇਸ ਮੁਲਕ ਦੀ ਭਾਰਤ ਲਈ ਅਹਿਮੀਅਤ ਬਣੀ ਰਹੇਗੀ। ਦੋਵਾਂ ਧਿਰਾਂ ਨੇ ਇਸ ਮੌਕੇ ਜ਼ੋਰ ਦੇ ਕੇ ਕਿਹਾ ਕਿ ਦਹਿਸ਼ਤਗਰਦੀ ਨੂੰ ਕਿਸੇ ਵੀ ਆਧਾਰ ‘ਤੇ ਵਾਜਬ ਨਹੀਂ ਠਹਿਰਾਇਆ ਜਾ ਸਕਦਾ ਹੈ ਤੇ ਨਾ ਇਸ ਨੂੰ ਕਿਸੇ ਧਰਮ ਨਾਲ ਜੋੜਿਆ ਜਾ ਸਕਦਾ। ਇਸ ਮੌਕੇ ਪਾਕਿਸਤਾਨ ਆਧਾਰਤ ਦਹਿਸ਼ਤੀ ਤਨਜ਼ੀਮਾਂ ਜੈਸ਼-ਏ-ਮੁਹੰਮਦ ਤੇ ਲਸ਼ਕਰੇ-ਤੋਇਬਾ ਆਦਿ ਖ਼ਿਲਾਫ਼ ਫ਼ੈਸਲਾਕੁਨ ਕਾਰਵਾਈ ਦਾ ਅਹਿਦ ਲਿਆ ਗਿਆ। ਇਸ ਤੋਂ ਪਹਿਲਾਂ ਮੋਦੀ, ਬੀਬੀ ਮੇਅ ਨਾਲ ਗੱਲਬਾਤ ਲਈ ਉਨ੍ਹਾਂ ਦੇ ਦਫ਼ਤਰ ਪੁੱਜੇ ਤੇ ਮੇਜ਼ਬਾਨ ਪ੍ਰਧਾਨ ਮੰਤਰੀ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਆਪਣੀ ਟਵੀਟ ਚ ਮੋਦੀ ਨੇ ਕਿਹਾ, ”10 ਡਾਊਨਿੰਗ ਸਟਰੀਟ (ਬਰਤਾਨਵੀ ਪ੍ਰਧਾਨ ਮੰਤਰੀ ਦਾ ਦਫ਼ਤਰ) ਵਿਖੇ ਪ੍ਰਧਾਨ ਮੰਤਰੀ ਟਰੇਜ਼ਾ ਮੇਅ ਨਾਲ ਯਾਦਗਾਰੀ ਮੀਟਿੰਗ ਹੋਈ। ਅਸੀਂ ਵੱਖੋ-ਵੱਖ ਪੱਖਾਂ ‘ਤੇ ਫਲਦਾਈ ਗੱਲਬਾਤ ਕੀਤੀ।” ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਵੀਸ਼ ਕੁਮਾਰ ਨੇ ਵੀ ਕਿਹਾ ਕਿ ਦੋਵਾਂ ਆਗੂਆਂ ਨੇ ਬ੍ਰਿਐਗਜ਼ਿਟ ਤੋਂ ਬਾਅਦ ਭਾਰਤ-ਬਰਤਾਨਵੀ ਰਿਸ਼ਤਿਆਂ ਨੂੰ ਨਵਾਂ ਰੂਪ ਤੇ ਨਵਾਂ ਜੋਸ਼ ਦੇਣ ਲਈ ਵਿਆਪਕ ਗੱਲਬਾਤ ਕੀਤੀ। ਦੋਵਾਂ ਆਗੂਆਂ ਨੇ ਕਾਨੂੰਨੀ ਮੁੱਦਿਆਂ ਖ਼ਾਸਕਰ ਹਵਾਲਗੀ ਦੇ ਮਾਮਲਿਆਂ ਅਤੇ ਵਪਾਰ-ਕਾਰੋਬਾਰ ਵਧਾਉਣ ਸਬੰਧੀ ਵੀ ਵਿਚਾਰਾਂ ਕੀਤੀਆਂ। ਨੌਂ ਸਮਝੌਤੇ ਸਹੀਬੰਦ : ਲੰਡਨ: ਭਾਰਤ ਅਤੇ ਬਰਤਾਨੀਆ ਨੇ ਨੌਂ ਸਮਝੌਤੇ ਸਹੀਬੰਦ ਕੀਤੇ। ਇਨ੍ਹਾਂ ‘ਚ ਸਾਈਬਰ ਸਬੰਧਾਂ, ਸਾਈਬਰ ਸਪੇਸ ਦੀ ਪੁਰਅਮਨ ਤੇ ਅਜ਼ਾਦ ਵਰਤੋਂ ਅਤੇ ਅਸਰਦਾਰ ਸਾਈਬਰ ਸੁਰੱਖਿਆ ਸਬਧੀ ਸੂਚਨਾ ਤੇ ਰਣਨੀਤੀਆਂ ਦੇ ਵਟਾਂਦਰੇ ਤੋਂ ਇਲਾਵਾ ਕੌਮਾਂਤਰੀ ਤੇ ਜਥੇਬੰਦ ਜੁਰਮਾਂ ਦੇ ਟਾਕਰੇ ਲਈ ਸੂਚਨਾ ਦੇ ਵਟਾਂਦਰੇ, ਗੰਗਾ ਦਰਿਆ ਦੀ ਕਾਇਆ ਕਲਪ, ਸ਼ਹਿਰੀ ਵਿਕਾਸ ‘ਚ ਭਾਈਵਾਲੀ, ਹੁਨਰ ਵਿਕਾਸ ਤੇ ਗ਼ੈਰਫ਼ੌਜੀ ਮਕਸਦਾਂ ਲਈ ਪਰਮਾਣੂ ਊਰਜਾ ਦੀ ਸੁਰੱਖਿਅਤ ਵਰਤੋਂ ਆਦਿ ਨਾਲ ਸਬੰਧਤ ਸਮਝੌਤੇ ਵੀ ਸ਼ਾਮਲ ਹਨ।
ਮੋਦੀ ਵੱਲੋਂ ਪਾਕਿ ਨੂੰ ਸਖ਼ਤ ਚੇਤਾਵਨੀ
ਲੰਡਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਭਾਰਤ ਕੀ ਬਾਤ, ਸਭ ਕੇ ਸਾਥ’ ਪ੍ਰੋਗਰਾਮ ਤਹਿਤ ਇਥੇ ਰਹਿੰਦੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਦਹਿਸ਼ਤਗਰਦੀ ਦੇ ਮੁੱਦੇ ਉਤੇ ਪਾਕਿਸਤਾਨ ਨੂੰ ਸਖ਼ਤ ਚੇਤਾਵਨੀ ਦਿੱਤੀ। ਸੈਂਟਰਲ ਹਾਲ ਵੈਸਟਮਿੰਸਟਰ ਵਿੱਚ ਬੋਲਦਿਆਂ ਉਨ੍ਹਾਂ ਕਿਹਾ, ”ਜੇ ਕੋਈ ਦਹਿਸ਼ਤ ਦੀ ਫੈਕਟਰੀ ਲਾ ਕੇ ਸਾਡੇ ਉਤੇ ਹਮਲੇ ਕਰੇਗਾ ਤਾਂ ਮੋਦੀ ਜਾਣਦਾ ਹੈ ਕਿ ਉਸ ਨੂੰ ਉਸੇ ਜ਼ੁਬਾਨ ਵਿਚ ਕਿਵੇਂ ਜਵਾਬ ਦੇਣਾ ਹੈ।” ਬਲਾਤਕਾਰਾਂ ਦੀਆਂ ਘਟਨਾਵਾਂ ਸਬੰਧੀ ‘ਸਿਆਸਤ’ ਦਾ ਵਿਰੋਧ ਕਰਦਿਆਂ ਉਨ੍ਹਾਂ ਕਿਹਾ, ”ਅਸੀਂ ਆਪਣੀਆਂ ਧੀਆਂ ਦਾ ਸ਼ੋਸ਼ਣ ਹੋਰ ਨਹੀਂ ਸਹਿ ਸਕਦੇ।”
ਮੋਦੀ ਖਿਲਾਫ ਲੰਡਨ ‘ਚ ਮੁਜ਼ਾਹਰਾ
ਲੰਡਨ :ਜਦੋਂ ਬੁੱਧਵਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਲੰਡਨ ਪੁੱਜੇ ਤਾਂ ਉਨ੍ਹਾਂ ਨੂੰ ਲੋਕਾਂ ਦੇ ਸਖ਼ਤ ਰੋਹ ਦਾ ਸਾਹਮਣਾ ਕਰਨਾ ਪਿਆ। ਲੋਕ ਭਾਰਤ ਵਿੱਚ ਔਰਤਾਂ ਉੱਤੇ ਜਿਨਸੀ ਹਿੰਸਾ ਅਤੇ ਵਿਸ਼ੇਸ਼ ਤੌਰ ਉੱਤੇઠਬਲਾਤਕਾਰ ਦੇ ਦੋ ਘਿਨਾਉਣੇ ਮਾਮਲਿਆਂ ਤੋਂ ਭਾਰੀ ਰੋਹ ਵਿੱਚ ਸਨ। ਮੁਜ਼ਾਹਰਾਕਾਰੀਆਂ ਨੇ ‘ਮੋਦੀ ਗੋ ਹੋਮ’, ‘ਅਸੀਂ ਮੋਦੀ ਦੇ ਨਫਰਤ ਤੇ ਲਾਲਸਾ ਦੇ ਏਜੰਡੇ ਵਿਰੁੱਧ ਖੜ੍ਹੇ ਹਾਂ।’ ਆਦਿ ਨਾਅਰਿਆਂ ਵਾਲੀਆਂ ਤਖ਼ਤੀਆਂ ਚੁੱਕੀਆਂ ਹੋਈਆਂ ਸਨ। ਜਿਉਂ ਹੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਰਤਾਨੀਆ ਦੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨਾਲ ਵਾਰਤਾ ਲਈ ਪੁੱਜੇ ਤਾਂ ਮੁਜ਼ਾਹਰਾਕਾਰੀ ਡਾਊਨਿੰਗ ਸਟਰੀਟ ਅਤੇ ਸੰਸਦ ਦੇ ਬਾਹਰ ਇਕੱਠੇ ਹੋ ਗਏ। ਭਾਰਤੀ ਮੂਲ ਦੇ ਵਕੀਲ ਨਵਿੰਦਰਾ ਸਿੰਘ ਨੇ ਇੱਥੇ ਕਿਹਾ ਕਿ ਭਾਰਤ ਵਿੱਚ ਔਰਤਾਂ ਉੱਤੇ ਜਿਨਸੀ ਹਿੰਸਾ ਨੂੰ ਲੈ ਕੇ ਲਗਾਤਾਰ ਮੁਜ਼ਾਹਰੇ ਹੋ ਰਹੇ ਹਨ ਪਰ ਮੋਦੀ ਸਰਕਾਰ ਕੁੱਝ ਨਹੀਂ ਕਰ ਰਹੀ। ਮੋਦੀ ਪਿਛਲੇ ਚਾਰ ਸਾਲ ਤੋਂ ਸੱਤਾ ਵਿੱਚ ਹਨ ਪਰ ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਸਬੰਧੀ ਸਰਕਾਰ ਨੇ ਕੋਈ ਨੀਤੀਗਤ ਫੈਸਲਾ ਨਹੀਂ ਕੀਤਾ। ਹੁਣ ਫਿਰ ਕਠੂਆ ਵਿੱਚ ਇੱਕ ਬਾਲੜੀ ਨਾਲ ਬਲਾਤਕਾਰ ਅਤੇ ਕਤਲ ਕਾਰਨ ਸਮੁੱਚੇ ਭਾਰਤ ਵਿੱਚ ਰੋਹ ਹੈ।
ਗ਼ੈਰਕਾਨੂੰਨੀ ਪਰਵਾਸੀਆਂ ਸਬੰਧੀ ਬ੍ਰਿਟੇਨ ਨਾਲ ਸਮਝੌਤੇ ਨੂੰ ਕੈਬਨਿਟ ਦੀ ਮਨਜ਼ੂਰੀ
ਨਵੀਂ ਦਿੱਲੀ : ਭਾਰਤ ਵੱਲੋਂ ਗ਼ੈਰਕਾਨੂੰਨੀ ਪਰਵਾਸੀਆਂ ਦੀ ਵਾਪਸੀ ਲਈ ਬਰਤਾਨੀਆ ਅਤੇ ਆਇਰਲੈਂਡ ਨਾਲ ਇਕ ਇਕਰਾਰਨਾਮਾ ਸਹੀਬੰਦ ਕੀਤਾ ਜਾਵੇਗਾ। ਕੇਂਦਰੀ ਮੰਤਰੀ ਮੰਡਲ ਨੇ ਆਪਣੀ ਮੀਟਿੰਗ ਵਿੱਚ ਇਸ ਸਬੰਧੀ ਸਹਿਮਤੀ ਪੱਤਰ ਨੂੰ ਮਨਜ਼ੂਰੀ ਦੇ ਦਿੱਤੀ। ਇਸ ਇਕਰਾਰਨਾਮੇ ਨਾਲ ਸਫ਼ਾਰਤੀ ਪਾਸਪੋਰਟ ਵਾਲੇ ਭਾਰਤੀਆਂ ਨੂੰ ਵੀਜ਼ਾ ਰਹਿਤ ਸਮਝੌਤੇ ਦੀਆਂ ਸਹੂਲਤਾਂ ਹਾਸਲ ਹੋਣਗੀਆਂ ਅਤੇ ਨਾਲ ਹੀ ਕਾਨੂੰਨੀ ਢੰਗ ਨਾਲ ਬਰਤਾਨੀਆ ਜਾਣ ਵਾਲੇ ਭਾਰਤੀ ਉਥੇ ਬਰਤਾਨਵੀ ਵੀਜ਼ਾ ਪ੍ਰਬੰਧ ਵਿੱਚ ਨਿਯਮਾਂ ਦੀ ਸਖ਼ਤਾਈ ਤੋਂ ਬਚ ਸਕਣਗੇ। ઠਇਸ ਨਾਲ ਅਜਿਹੇ ਭਾਰਤੀਆਂ ਨੂੰ ਉਨ੍ਹਾਂ ਦੀ ਕੌਮੀਅਤ ਦੀ ਜਾਂਚ ਪਿੱਛੋਂ ਭਾਰਤ ਵਾਪਸ ਭੇਜਣ ਦਾ ਰਾਹ ਵੀ ਸਾਫ਼ ਹੋ ਜਾਵੇਗਾ, ਜਿਹੜੇ ਕਾਨੂੰਨੀ ਤੌਰ ‘ਤੇ ਉਸ ਮੁਲਕ ਵਿੱਚ ਰਹਿਣ ਦੇ ਹੱਕਦਾਰ ਨਹੀਂ ਹੋਣਗੇ। ઠ
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …