Breaking News
Home / ਦੁਨੀਆ / ਬ੍ਰਿਟੇਨ ਵੱਲੋਂ ਪਰਵਾਸੀਆਂ ‘ਤੇ ਸਖਤੀ ਦੀ ਤਿਆਰੀ

ਬ੍ਰਿਟੇਨ ਵੱਲੋਂ ਪਰਵਾਸੀਆਂ ‘ਤੇ ਸਖਤੀ ਦੀ ਤਿਆਰੀ

ਸਖਤ ਪਰਵਾਸ ਨੀਤੀ ਬਣਾਵਾਂਗੇ ਜੋ ਨਿਰਪੱਖ ਹੋਵੇਗੀ : ਪੀਐਮ ਸਟਾਰਮਰ
ਲੰਡਨ/ਬਿਊਰੋ ਿਨਊਜ਼ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਨਵੇਂ ਨੀਤੀਗਤ ਉਪਾਅ ਦਾ ਐਲਾਨ ਕੀਤਾ, ਜਿਸ ‘ਚ ਨਾਗਰਿਕਤਾ ਦੇ ਚਾਹਵਾਨ ਪਰਵਾਸੀਆਂ ਲਈ ਉਡੀਕ ਦੀ ਮਿਆਦ ਪੰਜ ਸਾਲ ਤੋਂ ਵਧਾ ਦੇ 10 ਸਾਲ ਕਰਨਾ ਸ਼ਾਮਲ ਹੈ। ਇਸ ਕਦਮ ਦਾ ਮਕਸਦ ਅਗਲੇ ਪੰਜ ਸਾਲਾਂ ਅੰਦਰ ਪਰਵਾਸੀਆਂ ਦੀ ਗਿਣਤੀ ‘ਚ ਜ਼ਿਆਦਾ ਕਮੀ ਲਿਆਉਣਾ ਹੈ। ਨਵੇਂ ਨਿਯਮਾਂ ‘ਚ ਪਰਵਾਸੀਆਂ ਲਈ ਅੰਗਰੇਜ਼ੀ ਦੇ ਉੱਚ ਪੈਮਾਨੇ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ। ਇਸ ਨਾਲ ਭਾਰਤ ਸਮੇਤ ਹੋਰ ਮੁਲਕਾਂ ਦੇ ਪਰਵਾਸੀ ਪ੍ਰਭਾਵਿਤ ਹੋਣਗੇ।
ਲੇਬਰ ਪਾਰਟੀ ਦੀ ਸਰਕਾਰ ਵੱਲੋਂ ਪਰਵਾਸ ਬਾਰੇ ਲੰਮੇ ਸਮੇਂ ਤੋਂ ਉਡੀਕੇ ਜਾ ਰਹੇ ਵ੍ਹਾਈਟ ਪੇਪਰ ਨੂੰ ਸੰਸਦ ‘ਚ ਪੇਸ਼ ਕੀਤੇ ਜਾਣ ਤੋਂ ਪਹਿਲਾਂ ਡਾਊਨਿੰਗ ਸਟਰੀਟ (ਪ੍ਰਧਾਨ ਮੰਤਰੀ ਦੀ ਰਿਹਾਇਸ਼) ‘ਚ ਮੀਡੀਆ ਨੂੰ ਸੰਬੋਧਨ ਕਰਦਿਆਂ ਸਟਾਰਮਰ ਨੇ ਪਿਛਲੀ ਕੰਸਰਵੇਟਿਵ ਪਾਰਟੀ ਦੀ ਸਰਕਾਰ ‘ਤੇ ਸਰਹੱਦਾਂ ਖੁੱਲ੍ਹੀਆਂ ਰੱਖ ਕੇ ‘ਗੜਬੜੀ’ ਕਰਨ ਦਾ ਦੋਸ਼ ਲਾਇਆ। ਸਟਾਰਮਰ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਜਿਹੀ ਸਖਤ ਪਰਵਾਸ ਨੀਤੀ ਬਣਾਏਗੀ ਜੋ ‘ਕੰਟਰੋਲ ਹੇਠ, ਚੋਣਵੀਂ ਤੇ ਨਿਰਪੱਖ’ ਹੋਵੇਗੀ। ਸਟਾਰਮਰ ਨੇ ਕਿਹਾ, ‘ਇਸ ਯੋਜਨਾ ਦਾ ਮਤਲਬ ਹੈ ਕਿ ਪਰਵਾਸੀਆਂ ਦੀ ਗਿਣਤੀ ਘਟੇਗੀ।’ ਉਨ੍ਹਾਂ ਵ੍ਹਾਈਟ ਪੇਪਰ ਦਾ ਹਵਾਲਾ ਦਿੰਦਿਆਂ ਕਿਹਾ, ‘ਪਰਵਾਸ ਪ੍ਰਣਾਲੀ ਦੇ ਹਰ ਖੇਤਰ ਨੂੰ ਸਖ਼ਤ ਕੀਤਾ ਜਾਵੇਗਾ ਤਾਂ ਜੋ ਸਾਡਾ ਕੰਟਰੋਲ ਵੱਧ ਹੋਵੇ। ਨਿਰਪੱਖ ਨਿਯਮਾਂ ਦਾ ਪਾਲਣ ਕੀਤਾ ਜਾਣਾ ਚਾਹੀਦਾ ਹੈ।’ ਨਵੇਂ ਸਿਸਟਮ ਨਾਲ ਬਰਤਾਨੀਆ ‘ਚ ਪੰਜ ਸਾਲ ਤੱਕ ਰਹਿਣ ਵਾਲੇ ਭਾਰਤੀਆਂ ਸਮੇਤ ਕਿਸੇ ਵੀ ਵਿਅਕਤੀ ਲਈ ਆਪਣੇ ਆਪ ਵਸਣ ਤੇ ਨਾਗਰਿਕਤਾ ਪ੍ਰਾਪਤ ਕਰਨ ਦੀ ਮੌਜੂਦਾ ਪ੍ਰਣਾਲੀ ਖਤਮ ਹੋ ਜਾਵੇਗੀ। ਇਸ ਦੀ ਥਾਂ ਪਰਵਾਸੀਆਂ ਨੂੰ ਸਥਾਈ ਰਿਹਾਇਸ਼ ਲਈ ਅਰਜ਼ੀ ਦੇਣ ਤੋਂ ਪਹਿਲਾਂ ਬਰਤਾਨੀਆ ‘ਚ ਇੱਕ ਦਹਾਕਾ ਬਿਤਾਉਣਾ ਪਵੇਗਾ, ਜਦੋਂ ਤੱਕ ਕਿ ਉਹ ‘ਅਰਥਚਾਰੇ ਤੇ ਸਮਾਜ ‘ਚ ਅਸਲ ਤੇ ਸਥਾਈ ਯੋਗਦਾਨ’ ਨਾ ਦਿਖਾ ਦੇਣ। ਇਸ ਨਵੇਂ ਢਾਂਚੇ ਤਹਿਤ ਬਰਤਾਨੀਆ ਦੇ ਅਰਥਚਾਰੇ ‘ਚ ਯੋਗਦਾਨ ਪਾਉਣ ਵਾਲੇ ‘ਬਹੁਤ ਹੁਨਰਮੰਦ ਤੇ ਵੱਧ ਯੋਗਦਾਨ ਦੇਣ ਵਾਲੇ’ ਲੋਕਾਂ ਜਿਵੇਂ ਡਾਕਟਰ, ਨਰਸ, ਇੰਜਨੀਅਰ ਤੇ ਏਆਈ ਖੇਤਰ ਦੇ ਲੋਕਾਂ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾਵੇਗਾ।
ਡਾਊਨਿੰਗ ਸਟਰੀਟ ਨੇ ਕਿਹਾ ਕਿ ਨਵੇਂ ਨਿਯਮ ਅੰਗਰੇਜ਼ੀ ਦੇ ਉੱਚ ਪੈਮਾਨੇ ਨੂੰ ਯਕੀਨੀ ਬਣਾਉਣ ਲਈ ਹਰ ਪਰਵਾਸ ਮਾਰਗ ‘ਤੇ ਭਾਸ਼ਾ ਸਬੰਧੀ ਜ਼ਰੂਰਤਾਂ ਨੂੰ ਸਖ਼ਤ ਕਰਨਗੇ। ਪਹਿਲੀ ਵਾਰ ਇਹ ਨਿਯਮ ਵਿਦੇਸ਼ੀਆਂ ਦੇ ਸਾਰੇ ਬਾਲਗ ਆਸ਼ਰਿਤਾਂ ‘ਤੇ ਵੀ ਲਾਗੂ ਹੋਵੇਗਾ, ਜਿਸ ਲਈ ਉਨ੍ਹਾਂ ਨੂੰ ਅੰਗਰੇਜ਼ੀ ਦੇ ਬੁਨਿਆਦੀ ਗਿਆਨ ਦਾ ਮੁਜ਼ਾਹਰਾ ਕਰਨਾ ਪਵੇਗਾ।
ਟਰੰਪ ਨੂੰ ਭਾਰਤ ਵਿੱਚ ਐਪਲ ਦੇ ਵਿਸਥਾਰ ‘ਤੇ ਇਤਰਾਜ਼
ਨਵੀਂ ਦਿੱਲੀ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਤਰ ਦੀ ਰਾਜਧਾਨੀ ਦੋਹਾ ਵਿੱਚ ਵਪਾਰਕ ਗੋਲਮੇਜ਼ ਸਮਾਗਮ ਦੌਰਾਨ ਭਾਰਤ ਵਿਚ ਐਪਲ ਦੇ ਵਧਦੇ ਉਤਪਾਦਨ ‘ਤੇ ਇਤਰਾਜ਼ ਜਤਾਇਆ ਹੈ। ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਐਪਲ ਦੇ ਸੀਈਓ ਟਿਮ ਕੁੱਕ ਨੂੰ ਸਪਸ਼ਟ ਸ਼ਬਦਾਂ ਵਿਚ ਕਿਹਾ ਕਿ ਉਹ ਭਾਰਤ ਵਿਚ ਆਪਣੇ ਨਿਰਮਾਣ ਕਾਰਜਾਂ ਦਾ ਵਿਸਥਾਰ ਨਾ ਕਰਨ, ਇਸ ਨਾਲ ਅਮਰੀਕਾ ਵਿਚ ਨੌਕਰੀਆਂ ‘ਤੇ ਅਸਰ ਪਵੇਗਾ। ਟਰੰਪ ਨੇ ਦੱਸਿਆ ਕਿ ਮੈਂ ਟਿਮ ਕੁੱਕ ਨੂੰ ਕਿਹਾ ਕਿ ਉਹ ਭਾਰਤ ਵਿਚ ਵਿਸਥਾਰ ਕਰਨ ਜਾ ਰਹੇ ਹਨ ਤੇ ਅਮਰੀਕਾ ਨੂੰ ਲਗਦਾ ਹੈ ਕਿ ਇਸਦੀ ਕੋਈ ਲੋੜ ਨਹੀਂ।

 

Check Also

ਭਗੌੜੇ ਨੀਰਵ ਮੋਦੀ ਦੀ ਲੰਡਨ ’ਚ ਜ਼ਮਾਨਤ ਅਰਜ਼ੀ ਖਾਰਜ

  ਪੀਐਨਬੀ ਨਾਲ 14,500 ਕਰੋੜ ਦੇ ਫਰਾਡ ਦਾ ਆਰੋਪ ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬ ਨੈਸ਼ਨਲ ਬੈਂਕ …