ਯਸ਼ਵੰਤ ਸਿਨਹਾ ਨੇ ਕਿਹਾ : ਰਾਸ਼ਟਰਪਤੀ ਭਵਨ ਪਹੁੰਚਾ ਤਾਂ ਨਹੀਂ ਲਾਗੂ ਹੋਣ ਦਿਆਂਗਾ ਸੀਏਏ ਕਾਨੂੰਨ
ਨਵੀਂ ਦਿੱਲੀ/ਬਿਊਰੋ ਨਿਊਜ਼
ਰਾਸ਼ਟਰਪਤੀ ਦੇ ਅਹੁਦੇ ਲਈ ਵਿਰੋਧੀ ਧਿਰ ਦੇ ਉਮੀਦਵਾਰ ਯਸ਼ਵੰਤ ਸਿਨਹਾ ਨੇ ਚੋਣ ਪ੍ਰਚਾਰ ਦੌਰਾਨ ਵੱਡਾ ਐਲਾਨ ਕੀਤਾ ਹੈ। ਅਸਾਮ ਦੌਰੇ ’ਤੇ ਪਹੁੰਚੇ ਸਿਨਹਾ ਨੇ ਕਿਹਾ ਕਿ ਜੇਕਰ ਉਹ ਰਾਸ਼ਟਰਪਤੀ ਭਵਨ ਪਹੁੰਚੇ ਤਾਂ ਨਰਿੰਦਰ ਮੋਦੀ ਸਰਕਾਰ ਦਾ ਸੀਏਏ ਅਤੇ ਐਨਆਰਸੀ ਕਾਨੂੰਨ ਲਾਗੂ ਨਹੀਂ ਹੋਣ ਦੇਣਗੇ। ਸਿਨਹਾ ਨੇ ਕਿਹਾ ਕਿ ਭਾਰਤੀ ਸੰਵਿਧਾਨ ਨੂੰ ਬਾਹਰੀ ਤਾਕਤਾਂ ਕੋਲੋਂ ਨਹੀਂ ਸਗੋਂ ਸੱਤਾ ’ਤੇ ਬੈਠੇ ਲੋਕਾਂ ਤੋਂ ਖਤਰਾ ਹੈ। ਇਸ ਨੂੰ ਰੋਕਣ ਲਈ ਸਾਰਿਆਂ ਨੂੰ ਅੱਗੇ ਆਉਣਾ ਹੋਵੇਗਾ। ਯਸ਼ਵੰਤ ਸਿਨਹਾ ਨੇ ਕਿਹਾ ਕਿ ਉਹ ਆਖਰੀ ਸਾਹ ਤੱਕ ਸੀਏਏ ਅਤੇ ਐਨਆਰਸੀ ਕਾਨੂੰਨ ਦੇ ਖਿਲਾਫ ਲੜਦੇ ਰਹਿਣਗੇ। ਸੀਏਏ ਕਾਨੂੰਨ ਨੂੰ ਲੈ ਕੇ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਯਸ਼ਵੰਤ ਸਿਨਹਾ ਨੇ ਕਿਹਾ ਕਿ ਇਹ ਕੇਂਦਰ ਦੀ ਮਾੜੀ ਸੋਚ ਹੈ। ਇਕ ਸਵਾਲ ਦੇ ਜਵਾਬ ਵਿਚ ਸਿਨਹਾ ਨੇ ਕਿਹਾ ਕਿ ਉਧਵ ਠਾਕਰੇ ਸ਼ਿਵ ਸੈਨਾ ਨੂੰ ਬਚਾਉਣ ਵਿਚ ਜੁਟੇ ਹੋਏ ਹਨ। ਇਸ ਲਈ ਉਨ੍ਹਾਂ ਨੇ ਦਰੋਪਦੀ ਮੁਰਮੂ ਨੂੰ ਹਮਾਇਤ ਦਿੱਤੀ ਹੈ। ਮਮਤਾ ਬੈਨਰਜੀ ਸਬੰਧੀ ਗੱਲਬਾਤ ਕਰਦਿਆਂ ਸਿਨਹਾ ਨੇ ਕਿਹਾ ਕਿ ਉਨ੍ਹਾਂ ਨੂੰ ਮਮਤਾ ਬੈਨਰਜੀ ਦੀ ਪੂਰੀ ਹਮਾਇਤ ਹੈ ਅਤੇ ਵੋਟਿੰਗ ਵਾਲੇ ਦਿਨ ਸਭ ਸਾਫ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਐਨਡੀਏ ਨੇ ਰਾਸ਼ਟਰਪਤੀ ਅਹੁਦੇ ਲਈ ਦਰੋਪਦੀ ਮੁਰਮੂ ਨੂੰ ਅਤੇ ਵਿਰੋਧੀ ਧਿਰਾਂ ਨੇ ਯਸ਼ਵੰਤ ਸਿਨਹਾ ਨੂੰ ਉਮੀਦਵਾਰ ਬਣਾਇਆ ਹੈ। ਸਿਆਸੀ ਹਲਕਿਆਂ ਮੁਤਾਬਕ ਦਰੋਪਦੀ ਮੁਰਮੂ ਦਾ ਰਾਸ਼ਟਰਪਤੀ ਚੁਣਿਆ ਜਾਣਾ ਤਕਰੀਬਨ ਤੈਅ ਹੀ ਹੈ।
Check Also
‘ਇਕ ਦੇਸ਼, ਇਕ ਚੋਣ’ ਬਿੱਲ ’ਤੇ ਲੋਕ ਸਭਾ ’ਚ ਵੋਟਿੰਗ
ਬਿੱਲ ਦੇ ਹੱਕ ਵਿਚ 269 ਅਤੇ ਵਿਰੋਧ ’ਚ 198 ਵੋਟਾਂ ਪਈਆਂ ਨਵੀਂ ਦਿੱਲੀ/ਬਿਊਰੋ ਨਿਊਜ਼ ਸੰਸਦ …