5.2 C
Toronto
Thursday, October 16, 2025
spot_img
Homeਦੁਨੀਆਨਾਗਰਿਕਤਾ ਕਾਨੂੰਨ ਖਿਲਾਫ਼ ਵਾਸ਼ਿੰਗਟਨ 'ਚ ਪ੍ਰਦਰਸ਼ਨ

ਨਾਗਰਿਕਤਾ ਕਾਨੂੰਨ ਖਿਲਾਫ਼ ਵਾਸ਼ਿੰਗਟਨ ‘ਚ ਪ੍ਰਦਰਸ਼ਨ

ਭਾਰਤ ‘ਚ ਮਨੁੱਖੀ ਹੱਕਾਂ ਅਤੇ ਧਾਰਮਿਕ ਆਜ਼ਾਦੀ ਦੇ ਪੱਖ ‘ਚ ਹੋਇਆ ਇਕੱਠ
ਵਾਸ਼ਿੰਗਟਨ/ਬਿਊਰੋ ਨਿਊਜ਼ : ਭਾਰਤੀ-ਅਮਰੀਕੀਆਂ ਨੇ ਨਾਗਰਿਕਤਾ ਐਕਟ ਅਤੇ ਪ੍ਰਸਤਾਵਿਤ ਕੌਮੀ ਨਾਗਰਿਕਤਾ ਰਜਿਸਟਰ (ਐੱਨਆਰਸੀ) ਖਿਲਾਫ ਇਥੇ ਭਾਰਤੀ ਸਫ਼ਾਰਤਖਾਨੇ ਦੇ ਬਾਹਰ ਮਹਾਤਮਾ ਗਾਂਧੀ ਦੇ ਬੁੱਤ ਕੋਲ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕੀਤੇ। ਭਾਰਤੀ-ਅਮਰੀਕੀ ਮਾਈਕ ਗੌਸ ਨੇ ਕਿਹਾ ਕਿ ਉਹ ਭਾਰਤ ‘ਚ ਮਨੁੱਖੀ ਹੱਕਾਂ ਅਤੇ ਧਾਰਮਿਕ ਆਜ਼ਾਦੀ ਦੇ ਪੱਖ ‘ਚ ਇਥੇ ਇਕੱਠੇ ਹੋਏ ਹਨ।
ਅਮਰੀਕੀ-ਭਾਰਤੀ ਮੁਸਲਮਾਨਾਂ ਨੇ ਕਈ ਜਥੇਬੰਦੀਆਂ ਨਾਲ ਮਿਲ ਕੇ ਐਤਵਾਰ ਨੂੰ ਗਰੇਟਰ ਵਾਸ਼ਿੰਗਟਨ ਇਲਾਕੇ ‘ਚ ਪ੍ਰਦਰਸ਼ਨ ਕਰਦਿਆਂ ਭਾਰਤ ਦੀ ਏਕਤਾ ਦੇ ਪੱਖ ‘ਚ ਨਾਅਰੇ ਗੂੰਜਾਏ। ਉਨ੍ਹਾਂ ਦਾਅਵਾ ਕੀਤਾ ਕਿ ਮੁਲਕ ‘ਚੋਂ ਧਰਮ ਨਿਰਪੱਖਤਾ ਖ਼ਤਮ ਹੋ ਰਹੀ ਹੈ ਅਤੇ ਸੰਵਿਧਾਨ ਦੀ ਉਲੰਘਣਾ ਕੀਤੀ ਜਾ ਰਹੀ ਹੈ। ਪ੍ਰਦਰਸ਼ਨਕਾਰੀਆਂ ਨੇ ਭਾਰਤ ਸਰਕਾਰ ਨੂੰ ਨਾਗਰਿਕਤਾ ਸੋਧ ਐਕਟ ਅਤੇ ਐੱਨਆਰਸੀ ਨਾ ਲਾਗੂ ਕਰਨ ਸਬੰਧੀ ਬੇਨਤੀ ਕਰਦਾ ਮਤਾ ਵੀ ਪਾਸ ਕੀਤਾ। ਗੌਸ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਇਕ ਭਾਰਤ, ਇਕ ਰਾਸ਼ਟਰ ਅਤੇ ਇਕੋ ਜਿਹੇ ਇਨਸਾਨ ਰਹੀਏ ਤਾਂ ਜੋ ਕਿਸੇ ਗੱਲ ਦੀ ਫਿਕਰ ਨਾ ਰਹੇ ਅਤੇ ਕੋਈ ਤਣਾਅ ਨਾ ਫੈਲੇ। ਪ੍ਰਬੰਧਕਾਂ ਮੁਤਾਬਕ ਕਰੀਬ ਦੋ ਘੰਟਿਆਂ ਤੱਕ 200 ਤੋਂ ਵੱਧ ਲੋਕਾਂ ਨੇ ਮੁਜ਼ਾਹਰੇ ‘ਚ ਹਿੱਸਾ ਲਿਆ। ਕਲੀਮ ਖਵਾਜਾ ਨੇ ਕਿਹਾ ਕਿ ਭਾਰਤ ਦਾ ਅਰਥਚਾਰਾ ਸੰਕਟ ‘ਚ ਹੈ, ਬੇਰੁਜ਼ਗਾਰੀ ਵੱਧ ਰਹੀ ਹੈ, ਭ੍ਰਿਸ਼ਟਾਚਾਰ ਸਿਖਰਾਂ ‘ਤੇ ਹੈ ਅਤੇ ਅਮਨ-ਕਾਨੂੰਨ ਦੀ ਹਾਲਤ ਵਿਗੜ ਰਹੀ ਹੈ ਪਰ ਭਾਜਪਾ ਸਰਕਾਰ ਇਨ੍ਹਾਂ ਮਸਲਿਆਂ ਨੂੰ ਸਿੱਝਣ ਦੀ ਬਜਾਏ ਅਜੀਬ ਨੀਤੀਆਂ ਲਿਆ ਰਹੀ ਹੈ।
208 ਦੇਸ਼ਾਂ ‘ਚ ਤਿੰਨ ਕਰੋੜ ਤੋਂ ਵੱਧ ਰਹਿ ਰਹੇ ਨੇ ਭਾਰਤੀ
ਪਟਿਆਲਾ : ਚੰਗੀ ਜ਼ਿੰਦਗੀ ਦੀ ਤਲਾਸ਼ ਅਤੇ ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ਾਂ ‘ਚ ਜਾ ਕੇ ਵੱਸਣ ਦੀ ਗਿਣਤੀ ‘ਚ ਭਾਰਤ ਦੇ ਨਾਗਰਿਕ ਮੋਹਰੀ ਦੇਸ਼ਾਂ ‘ਚ ਆਉਂਦੇ ਹਨ। ਸਰਕਾਰੀ ਅੰਕੜਿਆਂ ਅਨੁਸਾਰ ਸਾਲ 2018 ਤੱਕ ਦੁਨੀਆਂ ਦੇ 208 ਦੇਸ਼ਾਂ ‘ਚ ਭਾਰਤ ਦੇ 3 ਕਰੋੜ 9 ਲੱਖ 95 ਹਜ਼ਾਰ 729 ਭਾਰਤੀ ਵਿਅਕਤੀ ਰਹਿ ਰਹੇ ਸੀ, ਜਿਨ੍ਹਾਂ ‘ਚ 1 ਕਰੋੜ 78 ਲੱਖ 82 ਹਜ਼ਾਰ 369 ਵਿਅਕਤੀ ਭਾਰਤੀ ਮੂਲ ਦੇ ਹਨ, ਜਦਕਿ 1 ਕਰੋੜ 31 ਲੱਖ 13 ਹਜ਼ਾਰ 360 ਭਾਰਤੀ ਐਨ.ਆਰ.ਆਈ. ਸ਼ਾਮਲ ਹਨ। ਜਿਨ੍ਹਾਂ ‘ਚ ਖ਼ਾਸਕਰ ਯੂ.ਐੱਸ. ‘ਚ 44 ਲੱਖ 60 ਹਜ਼ਾਰ, ਜਦਕਿ ਯੂ.ਏ.ਈ. ‘ਚ 31 ਲੱਖ ਚਾਰ ਹਜ਼ਾਰ 586, ਯੂ.ਕੇ. 18 ਲੱਖ 25 ਹਜ਼ਾਰ , ਕੈਨੇਡਾ ‘ਚ 10 ਲੱਖ 16 ਹਜ਼ਾਰ 185, ਆਸਟ੍ਰੇਲੀਆ ‘ਚ 4 ਲੱਖ 96 ਹਜ਼ਾਰ ਅਤੇ ਨਿਊਜ਼ੀਲੈਂਡ ‘ਚ 2 ਲੱਖ ਭਾਰਤੀ ਰਹਿ ਰਹੇ ਹਨ। ਸਾਲ 2019 ‘ਚ ਤਾਂ ਇਹ ਅੰਕੜਾ ਹੋਰ ਵੀ ਵੱਧ ਰਿਹਾ ਹੈ। ਏਨੀ ਵੱਡੀ ਗਿਣਤੀ ‘ਚ ਭਾਰਤੀਆਂ ਦੇ ਵਿਦੇਸ਼ ਜਾਣ ਪਿੱਛੇ ਮਾਹਿਰਾਂ ਦਾ ਕਹਿਣਾ ਹੈ ਕਿ ਪਿਛਲੇ ਤਿੰਨ ਦਹਾਕਿਆਂ ਦੌਰਾਨ ਭਾਰਤ ਦੀ ਆਬਾਦੀ ‘ਚ ਭਾਰੀ ਵਾਧਾ ਹੋਣ ਕਾਰਨ ਦੇਸ਼ ‘ਚ ਨੌਜਵਾਨਾਂ ਨੂੰ ਰੁਜ਼ਗਾਰ ਨਾ ਮਿਲਣਾ ਆਦਿ ਹੈ। ਇਸ ਸਬੰਧੀ ਬੁੱਧੀਜੀਵੀ ਡਾ. ਸ਼ਿਵਾਨੀ ਠਾਕੁਰ ਨੇ ਦੱਸਿਆ ਕਿ ਭਾਰਤੀ ਨਾਗਰਿਕ ਵਿਦੇਸ਼ਾਂ ਤੋਂ ਆਏ ਲੋਕਾਂ ਦੀ ਚਮਕ ਦਮਕ ਤੋਂ ਪ੍ਰਭਾਵਿਤ ਹੋ ਕੇ ਗਲਤ ਢੰਗ ਨਾਲ ਵਿਦੇਸ਼ ਜਾਣ ਦਾ ਰਿਸਕ ਲੈਂਦੇ ਹਨ।

RELATED ARTICLES
POPULAR POSTS