Breaking News
Home / Special Story / ਵਿਆਹਾਂ ਵਿਚ ਫਜ਼ੂਲ ਖਰਚੀ

ਵਿਆਹਾਂ ਵਿਚ ਫਜ਼ੂਲ ਖਰਚੀ

ਲਹਿੰਦੇ ਪੰਜਾਬ ਤੋਂ ਸਬਕ ਸਿੱਖਣ ਦੀ ਲੋੜ
ਲਹਿੰਦੇ ਪੰਜਾਬ ਦੀ ਸਰਕਾਰ ਨੇ ਸਮਾਜਿਕ ਸਮਾਗਮਾਂ ‘ਤੇ ਹੋਣ ਵਾਲਾ ਅੰਨ੍ਹੇਵਾਹ ਖਰਚ ਰੋਕਣ ਲਈ ਬਣਾਇਆ ਕਾਨੂੰਨ
ਹਮੀਰ ਸਿੰਘ
ਚੰਡੀਗੜ੍ਹ : ਭਾਰਤ ਅਤੇ ਪਾਕਿਸਤਾਨ ਵਿਚਾਲੇ ਗੱਲਬਾਤ ਪੂਰੀ ਤਰ੍ਹਾਂ ਬੰਦ ਹੋਣ ਦੇ ਬਾਵਜੂਦ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਦਾ ਸਬੱਬ ਬਣ ਹੀ ਗਿਆ। ਇਸੇ ਤਰ੍ਹਾਂ ਪਾਕਿਸਤਾਨ ਦੇ ਹਰ ਗੱਲ ਵਿੱਚ ਨੁਕਸ ਲੱਭਣ ਨਾਲ ਹੀ ਕੰਮ ਨਹੀਂ ਚੱਲਦਾ, ਕਿਸੇ ਚੰਗੀ ਚੀਜ਼ ਤੋਂ ਸੇਧ ਵੀ ਲਈ ਜਾ ਸਕਦੀ ਹੈ। ਤਮਾਮ ਕਮੀਆਂ, ਕਮਜ਼ੋਰੀਆਂ ਦੇ ਬਾਵਜੂਦ ਲਹਿੰਦੇ ਪੰਜਾਬ ਦੀ ਸਰਕਾਰ ਨੇ ਸਮਾਜਿਕ ਸਮਾਗਮਾਂ ‘ਤੇ ਹੋਣ ਵਾਲਾ ਅੰਨ੍ਹੇਵਾਹ ਖਰਚ ਰੋਕਣ ਲਈ ਕਾਨੂੰਨ ਬਣਾਇਆ ਹੋਇਆ ਹੈ। ਇਸ ਪੰਜਾਬ ਨੂੰ ਵੀ ਉਸੇ ਤਰ੍ਹਾਂ ਦਾ ‘ਗੈਸਟ ਕੰਟਰੋਲ ਆਰਡਰ’ ਲਾਗੂ ਕਰਨ ਦੀ ਲੋੜ ਹੈ।
ਲਹਿੰਦੇ ਪੰਜਾਬ ਦੀ ਸਰਕਾਰ ਨੇ 19 ਜਨਵਰੀ 2016 ਦਾ ਪੰਜਾਬ ਮੈਰਿਜ ਫੰਕਸ਼ਨਜ਼ ਆਰਡੀਨੈਂਸ ਜਾਰੀ ਕਰਕੇ ਇੱਕ ਡਿਸ਼ ਪ੍ਰਣਾਲੀ ਲਾਗੂ ਕੀਤੀ ਹੈ। ਕੋਈ ਵੀ ਸਮਾਗਮਾਂ ਵਿੱਚ ਦਰਜਨਾਂ ਤਰ੍ਹਾਂ ਦੇ ਪਕਵਾਨ ਨਹੀਂ ਬਣਵਾ ਸਕਦਾ। ਮਹਿਮਾਨਾਂ ਦੀ ਗਿਣਤੀ ਦੀ ਹੱਦ ਵੀ ਤੈਅ ਕਰ ਦਿੱਤੀ ਹੈ। ਇਸ ਦਾ ਉਲੰਘਣ ਕਰਨ ਵਾਲਿਆਂ ਨੂੰ ਇੱਕ ਮਹੀਨੇ ਤੱਕ ਦੀ ਕੈਦ ਅਤੇ ਪੰਜਾਹ ਹਜ਼ਾਰ ਤੋਂ ਵੀਹ ਲੱਖ ਰੁਪਏ ਤੱਕ ਦਾ ਜ਼ੁਰਮਾਨਾ ਹੋ ਸਕਦਾ ਹੈ।
ਕਰਜ਼ੇ ਦੇ ਬੋਝ ਕਾਰਨ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ, ਬੇਰੁਜ਼ਗਾਰੀ ਦੇ ਝੰਬੇ ਨੌਜਵਾਨਾਂ ਵੱਲੋਂ ਮਜਬੂਰਨ ਕੀਤਾ ਜਾ ਰਿਹਾ ਪ੍ਰਵਾਸ, ਨਸ਼ੇ ਦੀ ਦਲਦਲ ਵਿੱਚ ਫਸੀ ਜਵਾਨੀ ਅਤੇ ਕਾਨੂੰਨ ਦੇ ਰਾਜ ਦੀਆਂ ਉੱਡਦੀਆਂ ਧੱਜੀਆਂ ਵਰਗੇ ਮਾਹੌਲ ਵਿੱਚ ਵੀ ਵਿਆਹਾਂ ਅਤੇ ਸਮਾਗਮਾਂ ‘ਤੇ ਸ਼ਾਹਾਨਾ ਖਰਚ ਕਰਕੇ ਅਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹਾਂ? ਭਾਈਚਾਰਕ ਸਾਂਝ ਟੁੱਟ ਜਾਣ ਕਾਰਨ ਭੀੜ ਵਿੱਚ ਇਕਲਾਪਾ ਝੱਲ ਰਿਹਾ ਮਨੁੱਖ ਆਪੇ ਤੋਂ ਟੁੱਟ ਚੁੱਕਾ ਹੈ। ਇਸ ਦੇ ਬਾਵਜੂਦ ਸਮਾਗਮਾਂ ‘ਤੇ ਹਜ਼ਾਰਾਂ ਦੀਆਂ ਭੀੜਾਂ ਜੁਟਾਈਆਂ ਜਾਂਦੀਆਂ ਹਨ। ਇਹ ਦੋਵੇਂ ਪੱਖ ਸੰਕੇਤ ਦੇ ਰਹੇ ਹਨ ਕਿ ਸਮਾਜ ਅੰਦਰੋਂ ਖੋਖਲਾ ਪਰ ਬਾਹਰੀ ਦਿੱਖ ਵਜੋਂ ਮਜਬੂਤ ਹੋਣ ਦਾ ਪ੍ਰਗਟਾਵਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਬੌਧਿਕ ਕੰਗਾਲੀ ਹਮੇਸ਼ਾਂ ਬੁਰਛਾਗਰਦੀ ਅਤੇ ਹੋਛੇਪਣ ਨੂੰ ਜਨਮ ਦਿੰਦੀ ਹੈ। ਵਿਆਹ ਹੁਣ ਪਰਿਵਾਰਾਂ ਦਾ ਮੇਲ ਨਹੀਂ ਬਲਕਿ ਕੁੜੀ ਵੱਲੋਂ ਕੀਤੀ ਗਈ ਆਈਲੈਟਸ ਅਤੇ ਮੁੰਡੇ ਵਾਲੇ ਦੇ ਖਰਚ ਦੀ ਕੰਟਰੈਕਟ ਮੈਰਿਜ ਹੈ। ਇੱਥੇ ਜਜ਼ਬਾਤ ਨਹੀਂ ਬਲਕਿ ਭਵਿੱਖ ਵਿੱਚ ਆਰਥਿਕ ਟਿਕਾਊਪਣ ਦੀ ਚਿੰਤਾ ਦਾ ਹੱਲ ਤਲਾਸ਼ਣ ਦੀ ਕੋਸ਼ਿਸ਼ ਜ਼ਿਆਦਾ ਹੈ।
ਵਾਤਾਵਰਨ ਦਾ ਏਜੰਡਾ ਦੁਨੀਆਂ ਦਾ ਸਭ ਤੋਂ ਮਹੱਤਵਪੂਰਨ ਮੁੱਦਾ ਹੈ। ਸਮਾਜਿਕ ਸਮਾਗਮਾਂ ‘ਤੇ ਭੋਜਨ ਅਤੇ ਪਾਣੀ ਦੀ ਹੋ ਰਹੀ ਬਰਬਾਦੀ ‘ਤੇ ਦਸੰਬਰ 2018 ਨੂੰ ਸੁਪਰੀਮ ਕੋਰਟ ਨੇ ਚਿੰਤਾ ਪ੍ਰਗਟ ਕੀਤੀ ਅਤੇ ਦਿੱਲੀ ਸਰਕਾਰ ਨੂੰ ਕੋਈ ਨੀਤੀ ਬਣਾਉਣ ਲਈ ਕਿਹਾ। ਇਸ ਤੋਂ ਪਹਿਲਾਂ ਦੇਸ਼ ਵਿੱਚ ਸਮਾਜਿਕ ਸਮਾਗਮ ਵਿੱਚ ਭੋਜਨ ਦੀ ਹੋ ਰਹੀ ਦੁਰਗਤੀ ਦਾ ਅਨੁਮਾਨ ਲਗਾਉਣ ਲਈ ਇੰਡੀਅਨ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟਰੇਸ਼ਨ ਦੇ ਸੈਂਟਰ ਫਾਰ ਕੰਜ਼ਿਊਮਰ ਸਟੱਡੀ ਤੋਂ ਇੱਕ ਅਧਿਐਨ ਕਰਵਾਇਆ ਗਿਆ ਹੈ। ਸਾਲ 2012 ਵਿੱਚ ਸਾਹਮਣੇ ਆਈ ਇਸ ਰਿਪੋਰਟ ਅਨੁਸਾਰ ਦੇਸ਼ ਦੇ 46 ਫੀਸਦ ਬੱਚੇ ਕਮਜ਼ੋਰ ਪੈਦਾ ਹੋ ਰਹੇ ਹਨ, ਘੱਟ ਵਜ਼ਨੀ ਹਨ ਅਤੇ ਵੱਡੀ ਆਬਾਦੀ ਦੋ ਡੰਗ ਦੀ ਰੋਟੀ ਤਰਸ ਰਹੀ ਹੈ। ਇਸ ਦੇ ਬਾਵਜੂਦ ਵੱਡੇ ਸਮਾਜਿਕ ਸਮਾਗਮਾਂ ‘ਤੇ 25 ਫੀਸਦ ਤੱਕ ਭੋਜਨ ਬਰਬਾਦ ਹੁੰਦਾ ਹੈ। ਰਿਪਰੋਟ ਅਨੁਸਾਰ ਬਹੁਤ ਸਾਰੇ ਸ਼ਾਹਾਨਾ ਵਿਆਹਾਂ ਵਿੱਚ ਦਸ ਹਜ਼ਾਰ ਤੱਕ ਦਾ ਇਕੱਠ ਹੁੰਦਾ ਹੈ ਅਤੇ 300 ਤੋਂ 350 ਵੰਨਗੀਆਂ ਦਾ ਖਾਣਾ ਪਰੋਸਿਆ ਜਾਂਦਾ ਹੈ। ਇਸ ਨੂੰ ਸਮਾਜਿਕ ਅਪਰਾਧ ਮੰਨਦਿਆਂ ਕਦਮ ਉਠਾਉਣ ਦੀ ਸਿਫਾਰਿਸ਼ ਕੀਤੀ ਗਈ ਹੈ।
ਰਿਪੋਰਟ ਦਾ ਇਹ ਵੀ ਕਹਿਣਾ ਹੈ ਕਿ ਅਮੀਰੀ ਦਾ ਮੁਜ਼ਾਹਰਾ ਕਰਨ ਦੀ ਸ਼ਹਿਰਾਂ ਅੰਦਰੋਂ ਸ਼ੁਰੂ ਹੋਈ ਇਸ ਰਵਾਇਤ ਦਾ ਅਸਰ ਪਿੰਡਾਂ ਤੱਕ ਵੀ ਪਹੁੰਚ ਗਿਆ ਹੈ। ਇਸ ਵਰਤਾਰੇ ਦੇ ਪੰਜਾਬ ਵਿੱਚ ਭਿਆਨਕ ਅਸਰ ਪੈ ਰਹੇ ਹਨ। ਖੇਤੀ ਦੇ ਘਾਟੇਵੰਦਾ ਸੌਦਾ ਬਣ ਜਾਣ ਨਾਲ ਕਿਸਾਨ ਨੂੰ ਆਪਣਾ ਸਮਾਜਿਕ ਰੁਤਬਾ ਬਰਕਰਾਰ ਰੱਖਣ ਦਾ ਸੰਕਟ ਉਸ ਨੂੰ ਅੰਦਰੋਂ ਖੋਖਲਾ ਕਰ ਰਿਹਾ ਹੈ। ਨਤੀਜਾ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਵਾਧੇ ਦੇ ਰੂਪ ਵਿੱਚ ਸਾਹਮਣੇ ਹੈ।
ਸਿਆਸੀ ਖੇਤਰ ਵਿੱਚ ਵੱਡੇ ਏਜੰਡੇ ਦੇ ਰੂਪ ਵਿੱਚ ਪੇਸ਼ਕਾਰੀ ਅਹਿਮ ਹੈ ਅਤੇ ਨਾਲ ਦੀ ਨਾਲ ਟੁੱਟ ਰਹੀਆਂ ਭਾਈਚਾਰਕ ਤੰਦਾਂ ਮਜ਼ਬੂਤ ਕਰਦਿਆਂ ਸੰਕਟ ਮੌਕੇ ਕੁੱਝ ਐਮਰਜੈਂਸੀ ਕਦਮ ਚੁੱਕਣ ਦੀ ਲੋੜ ਹੈ। ਇਕੱਲੇ ਇਕੱਲੇ ਤੌਰ ‘ਤੇ ਘੁਟ ਕੇ ਮਰ ਜਾਣ ਨਾਲੋਂ ਸਮਾਜ ਸੁਧਾਰ ਦੀ ਮੁਹਿੰਮ ਰਾਹੀਂ ਵਿਆਹਾਂ, ਮਰਗਤਾਂ ਅਤੇ ਹੋਰ ਸਮਾਗਮਾਂ ਨੂੰ ਸਬਰ ਸੰਤੋਖ ਅਤੇ ਸੰਜਮ ਵਾਲੇ ਪਾਸੇ ਮੋੜਾ ਦੇਣਾ ਅਣਸਰਦੀ ਲੋੜ ਹੈ।
ਇਸ ਮੌਕੇ ਸਿਆਸੀ, ਧਾਰਮਿਕ ਅਤੇ ਸਮਾਜਿਕ ਖੇਤਰ ‘ਚੋਂ ਰੋਲ ਮਾਡਲਾਂ ਦੀ ਕਮੀ ਦਾ ਖਲਾਅ ਬੌਧਿਕ ਕੰਗਾਲੀ ਦਾ ਪ੍ਰਤੀਕ ਹੈ। ਚੌਰਾਹੇ ਖੜ੍ਹੇ ਪੰਜਾਬ ਨੂੰ ਇਸ ਮੌਕੇ ਖੜ੍ਹ ਕੇ ਸੋਚਣ ਅਤੇ ਚਿੰਤਨ ਮਨਨ ਕਰ ਕੇ ਕਦਰਾਂ ਕੀਮਤਾਂ ਆਧਾਰਿਤ ਸਮਾਜਿਕ ਲਹਿਰ ਖੜ੍ਹੀ ਕਰਨ ਦੀ ਲੋੜ ਹੈ। ਬਹੁਤ ਸਾਰੇ ਲੋਕ ਇਹ ਦਲੀਲ ਦਿੰਦੇ ਹਨ ਕਿ ਹਰ ਪਰਿਵਾਰ ਨੂੰ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਹਨ। ਸੁਣਨ ਨੂੰ ਇਹ ਦਲੀਲ ਠੀਕ ਵੀ ਲਗਦੀ ਹੈ ਪਰ ਕੀ ਵੱਡੀ ਚਾਦਰ ਰੱਖਣ ਵਾਲਿਆਂ ਦੀ ਕੋਈ ਸਮਾਜਿਕ ਜ਀ਿ ਨਹੀਂ? ਮਨੁੱਖੀ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਗੁਆਂਢੀ ਦੇ ਸੱਥਰ ਵਿਛਿਆ ਹੋਵੇ ਤਾਂ ਲੋਕ ਆਪਣੀਆਂ ਬਰਾਤਾਂ ਦਾ ਢੋਲ ਢਮੱਕਾ ਵੀ ਬੰਦ ਕਰ ਲੈਂਦੇ ਰਹੇ ਹਨ। ਇਸ ਲਈ ਸਭ ਤੋਂ ਪਹਿਲਾਂ ਆਰਥਿਕ ਤੌਰ ‘ਤੇ ਸੌਖੇ ਲੋਕਾਂ ਨੂੰ ਬੇਲਗਾਮ ਖਰਚਿਆਂ ਵਾਲੇ ਸਮਾਗਮਾਂ ‘ਤੇ ਰੋਕ ਲਗਾਉਣ ਦੀ ਲੋੜ ਹੈ। ਇਸ ਨਾਲ ਦੂਸਰਿਆਂ ਨੂੰ ਹੌਸਲਾ ਮਿਲੇਗਾ।
ਵਿਆਹਾਂ ਨੂੰ ਚੜ੍ਹਿਆ ਨਵੇਂ ਜ਼ਮਾਨੇ ਦਾ ਰੰਗ
ਹੁਸ਼ਿਆਰਪੁਰ : ਦੇਸ਼ ਭਰ ‘ਚ ਭਾਵੇਂ ਆਰਥਿਕ ਮੰਦੀ ਦਾ ਦੌਰ ਚੱਲ ਰਿਹਾ ਹੈ ਪਰ ਜਿਸ ਤਰ੍ਹਾਂ ਵਿਆਹਾਂ ਉੱਤੇ ਖ਼ਰਚਾ ਕੀਤਾ ਜਾ ਰਿਹਾ ਹੈ, ਉਸ ਤੋਂ ਇਹੀ ਪ੍ਰਭਾਵ ਮਿਲਦਾ ਹੈ ਕਿ ਵਿਆਹਾਂ ਨਾਲ ਜੁੜੇ ਕਾਰੋਬਾਰ ਮੰਦੀ ਮੁਕਤ ਹਨ। ਸ਼ੌਕੀਨੀ ਲਈ ਮਸ਼ਹੂਰ ਪੰਜਾਬੀ ਖ਼ਾਸ ਤੌਰ ਉੱਤੇ ਵਿਆਹਾਂ ਉੱਤੇ ਫ਼ਜ਼ੂਲ ਖ਼ਰਚੀ ਕਰਨ ਲਈ ਜਾਣੇ ਜਾਂਦੇ ਹਨ। ਵਿਆਹ ਦੀਆਂ ਰਸਮਾਂ ਭਾਵੇਂ ਸਦੀਆਂ ਤੋਂ ਉਹੀ ਚਲੀਆਂ ਆ ਰਹੀਆਂ ਹਨ ਪਰ ਇਨ੍ਹਾਂ ਨੂੰ ਨਿਭਾਉਣ ਦਾ ਤਰੀਕਾ ਬਦਲ ਗਿਆ ਹੈ। ਕਿਹਾ ਜਾ ਸਕਦਾ ਹੈ ਕਿ ਵਿਆਹਾਂ ਨੂੰ ਵੀ ਨਵੇਂ ਜ਼ਮਾਨੇ ਦਾ ਰੰਗ ਚੜ੍ਹ ਗਿਆ ਹੈ। ਇਕ ਪਾਸੇ ਹਲਦੀ ਤੇ ਮਹਿੰਦੀ ਦੀਆਂ ਰਸਮਾਂ ਕੀਤੀਆਂ ਜਾਂਦੀਆਂ ਹਨ ਅਤੇ ਦੂਜੇ ਪਾਸੇ ਕਾਕਟੇਲ ਪਾਰਟੀਆਂ ਦਾ ਦੌਰ ਚੱਲਦਾ ਹੈ। ਰਸਮ ਕੋਈ ਵੀ ਹੋਵੇ, ਹਰ ਕੋਈ ਇਸ ਨੂੰ ਨਿਵੇਕਲਾ ਅਤੇ ਯਾਦਗਾਰੀ ਬਣਾਉਣ ਦੀ ਖਾਹਿਸ਼ ਰੱਖਦਾ ਹੈ। ਲੋਕਾਂ ਦੀ ਇਸੇ ਉਤਸੁਕਤਾ ਦਾ ਫ਼ਾਇਦਾ ਤੇਜ਼ੀ ਨਾਲ ਪ੍ਰਫੁੱਲਿਤ ਹੋ ਰਹੇ ਵਿਆਹਾਂ ਨਾਲ ਜੁੜੇ ਕਾਰੋਬਾਰੀ ਉਠਾ ਰਹੇ ਹਨ।
ਕੋਈ ਸਮਾਂ ਸੀ ਜਦੋਂ ਵਿਆਹ ਤੋਂ ਪਹਿਲਾਂ ਲੜਕੇ-ਲੜਕੀ ਨੂੰ ਮਿਲਣ ਨਹੀਂ ਸੀ ਦਿੱਤਾ ਜਾਂਦਾ ਪਰ ਅੱਜ-ਕਲ੍ਹ ਉਹ ਵਿਆਹ ਤੋਂ ਪਹਿਲਾਂ ਘੁਲਦੇ-ਮਿਲਦੇ ਹੀ ਨਹੀਂ ਬਲਕਿ ਆਪਣੀਆਂ ਮਿਲਣੀਆਂ ਨੂੰ ਯਾਦਗਾਰੀ ਬਣਾਉਣ ਲਈ ਫੋਟੋਆਂ ਤੇ ਵੀਡੀਓ ਵੀ ਤਿਆਰ ਕਰਵਾਉਂਦੇ ਹਨ। ਪੱਛਮੀ ਦੇਸ਼ਾਂ ਵਿਚ ਸ਼ੁਰੂ ਹੋਇਆ ਪ੍ਰੀ-ਵੈਡਿੰਗ ਫੋਟੋ ਸ਼ੂਟ ਦਾ ਰਿਵਾਜ ਹੁਣ ਐਨਆਰਆਈਜ਼ ਦੀ ਬਦੌਲਤ ਪੰਜਾਬ ਵਿਚ ਵੀ ਛਾ ਗਿਆ ਹੈ। ਵਿਆਹ ਤੋਂ ਪਹਿਲਾਂ ਲੜਕਾ-ਲੜਕੀ ਬਜਟ ਅਨੁਸਾਰ ਵੱਖ-ਵੱਖ ਥਾਵਾਂ ‘ਤੇ ਜਾ ਕੇ ਫਿਲਮੀ ਸਿਤਾਰਿਆਂ ਦੀ ਤਰ੍ਹਾਂ ਫੋਟੋਆਂ ਖਿਚਵਾਉਂਦੇ ਹਨ। ਇਸ ਦੀ ਵੀਡੀਓ ਬਕਾਇਦਾ ਤੌਰ ‘ਤੇ ਵਿਆਹ ਸਮਾਗਮ ਵਿਚ ਆਏ ਮੇਲ ਸਾਹਮਣੇ ਪ੍ਰਦਰਸ਼ਿਤ ਕੀਤੀ ਜਾਂਦੀ ਹੈ। ਵੱਖਰੀ ਗੱਲ ਹੈ ਕਿ ਕਈ ਵਾਰੀ ਇਨ੍ਹਾਂ ਵੀਡੀਓਜ਼ ਦੇ ਕਈ ਦ੍ਰਿਸ਼ ਰਿਸ਼ਤੇਦਾਰਾਂ ਤੇ ਜੋੜੀ ਦੇ ਮਾਪਿਆਂ ਲਈ ਸ਼ਰਮਿੰਦਗੀ ਦਾ ਸਬੱਬ ਵੀ ਬਣ ਜਾਂਦੇ ਹਨ। ਉਹ ਸਮਾਂ ਗਿਆ ਜਦੋਂ ਘਰ ਦਾ ਹੀ ਕੋਈ ਮੈਂਬਰ ਛੋਟਾ ਜਿਹਾ ਕੈਮਰਾ ਲੈ ਕੇ ਵਿਆਹ ਦੀਆਂ ਤਸਵੀਰਾਂ ਖਿੱਚਦਾ ਹੁੰਦਾ ਸੀ। ਅੱਜਕੱਲ੍ਹ ਫੋਟੋਆਂ ਖਿੱਚਣ ਅਤੇ ਵੀਡੀਓ ਬਣਾਉਣ ਦਾ ਕੰਮ ਪ੍ਰੋਫੈਸ਼ਨਲ ਫੋਟੋਗ੍ਰਾਫਰਾਂ ਦੇ ਹੱਥ ਹੈ। ਪ੍ਰੀ-ਵੈਡਿੰਗ ਫੋਟੋ ਸ਼ੂਟ ਲਈ ਫੋਟੋਗ੍ਰਾਫਰ ਵਿਸ਼ੇਸ਼ ਕੈਮਰਿਆਂ ਦੀ ਵਰਤੋਂ ਕਰਦੇ ਹਨ। ਥਾਂ ਦੀ ਚੋਣ ਗਾਹਕ ਦੀ ਜੇਬ ਦੇ ਵਜ਼ਨ ਦੇ ਅਨੁਸਾਰ ਹੁੰਦੀ ਹੈ। ਮਾਲਦਾਰ ਪਾਰਟੀਆਂ ਹਿਮਾਚਲ ਪ੍ਰਦੇਸ਼, ਰਾਜਸਥਾਨ, ਗੋਆ ਜਾਂ ਹੋਰ ਮਸ਼ਹੂਰ ਸੈਰਗਾਹਾਂ ਉੱਤੇ ਜਾ ਕੇ ਫੋਟੋਆਂ ਖਿਚਵਾਉਂਦੀਆਂ ਹਨ। ਇਕ ਫੋਟੋ ਸ਼ੂਟ ਦਾ ਖ਼ਰਚਾ ਲੱਖਾਂ ‘ਚ ਹੁੰਦਾ ਹੈ। ਹਮਾਤੜ ਬੰਦੇ ਜੇ ਨੇੜੇ-ਤੇੜੇ ਕਿਸੇ ਥਾਂ ‘ਤੇ ਫੋਟੋਆਂ ਖਿਚਵਾਉਂਦੇ ਹਨ ਤਾਂ ਵੀ 40-50 ਹਜ਼ਾਰ ਆਉਂਦਾ ਹੈ। ਫੋਟੋ ਸ਼ੂਟ ਲਈ ਪਾਏ ਜਾਂਦੇ ਪਹਿਰਾਵਿਆਂ ਉੱਤੇ ਇਸ ਤੋਂ ਵੱਖਰਾ ਖ਼ਰਚ ਹੁੰਦਾ ਹੈ। ਵਿਆਹ ਦੇ ਪੰਡਾਲ ‘ਚ ਉਚੇਚੇ ਤੌਰ ਉੱਤੇ ਵੱਡੀ ਸਕਰੀਨ ਲਾਈ ਜਾਂਦੀ ਹੈ ਜਿੱਥੇ ਲਾੜੇ-ਲਾੜੀ ਦੀ ਇਹ ਵੀਡੀਓ ਦਿਖਾਈ ਜਾਂਦੀ ਹੈ। ਵੀਡੀਓ ਤੋਂ ਇਲਾਵਾ ਜੋੜੇ ਦੀ ਵੱਡ ਆਕਾਰੀ ਤਸਵੀਰ ਪੈਲੇਸ ਦੇ ਦਰਵਾਜ਼ੇ ਉੱਤੇ ਲਗਾਉਣ ਅਤੇ ਮਹਿਮਾਨਾਂ ਲਈ ਫੋਟੋ ਬੂਥ ਬਣਾਉਣ ਦਾ ਚਲਨ ਵੀ ਚੱਲ ਪਿਆ ਹੈ। ਮਹਿਮਾਨਾਂ ਨੂੰ ਇਹ ਤਸਵੀਰਾਂ ਯਾਦਗਾਰ ਵਜੋਂ ਭੇਟ ਕੀਤੀਆਂ ਜਾਂਦੀਆਂ ਹਨ।
ਪੰਜਾਬੀ ਲੋਕ ਦਿਖਾਵਾ ਕਰਨ ਅਤੇ ਵਿੱਤੋਂ ਵੱਧ ਖ਼ਰਚ ਕਰਨ ਲਈ ਜਾਣੇ ਜਾਂਦੇ ਹਨ। ਵਿਆਹਾਂ ‘ਤੇ ਵੱਧ ਤੋਂ ਵੱਧ ਧੂਮ-ਧੜੱਕਾ ਕਰਨਾ ਅਤੇ ਕੁੱਝ ਹਟ ਕੇ ਕਰ ਦਿਖਾਉਣਾ, ਇਕ ਸਟੇਟਸ ਸਿੰਬਲ ਬਣ ਗਿਆ ਹੈ। ਸੀਮਤ ਪਰਿਵਾਰ ਹੋਣਾ ਵੀ ਵਿਆਹ ਸ਼ਾਦੀਆਂ ‘ਤੇ ਬੇਲੋੜੇ ਖ਼ਰਚੇ ਕਰਨ ਦਾ ਇੱਕ ਕਾਰਨ ਹੈ।
ਵਿਆਹਾਂ ‘ਚ ਆਪਣੇ ਹੀ ਪਾਉਂਦੇ ਹਨ ‘ਰੰਗ ਵਿਚ ਭੰਗ’
ਲੁਧਿਆਣਾ : ਵਿਆਹ ਅਤੇ ਹੋਰ ਖੁਸ਼ੀ ਦੇ ਸਮਾਗਮਾਂ ਦੌਰਾਨ ਕੁੱਝ ਲੋਕਾਂ ਦੀ ‘ਫੋਕੀ ਟੌਹਰ’ ਵਾਲੀਆਂ ਕਾਰਵਾਈਆਂ ਪਰਿਵਾਰਾਂ ਦੀਆਂ ਖੁਸ਼ੀਆਂ ਗਮੀ ਵਿੱਚ ਬਦਲ ਦਿੰਦੀਆਂ ਹਨ। ਖੁਸ਼ੀ ਦੇ ਸਮਾਗਮਾਂ ਵਿੱਚ ਨੱਚਦੇ ਟੱਪਦੇ ਇਹ ਲੋਕ ਆਪਣੇ ਹੀ ਦੋਸਤਾਂ-ਮਿੱਤਰਾਂ ਦੀ ਜਾਨ ਦੇ ਦੁਸ਼ਮਣ ਬਣ ਜਾਂਦੇ ਹਨ। ਪ੍ਰਸ਼ਾਸਨ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਮੈਰਿਜ ਪੈਲੇਸਾਂ ਵਿੱਚ ਗੋਲੀਆਂ ਚਲਾਉਣ ‘ਤੇ ਪੂਰਨ ਤੌਰ ‘ਤੇ ਪਾਬੰਦੀ ਨਹੀਂ ਲੱਗ ਸਕੀ ਹੈ।
ਲੁਧਿਆਣਾ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਇੱਥੇ ਬਣੇ ਮੈਰਿਜ ਪੈਲੇਸਾਂ ਵਿੱਚ ਗੋਲੀਆਂ ਚੱਲਣਾ ਆਮ ਗੱਲ ਹੈ। ਪੈਲੇਸ ਪ੍ਰਬੰਧਕਾਂ ਨੇ ਬਾਹਰ ਇਹ ਜ਼ਰੂਰ ਲਿਖ ਕੇ ਲਾਇਆ ਹੁੰਦਾ ਹੈ ਕਿ ‘ਮੈਰਿਜ ਪੈਲੇਸ ਵਿੱਚ ਹਥਿਆਰ ਲੈ ਕੇ ਜਾਣ ‘ਤੇ ਪਾਬੰਦੀ ਹੈ’, ਪਰ ਇਸ ਦੇ ਬਾਵਜੂਦ ‘ਡੱਬ’ ਵਿੱਚ ਪਿਸਤੌਲ ਲੈ ਕੇ ਜਾਣਾ ਲੋਕ ਆਪਣੀ ਸ਼ਾਨ ਸਮਝਦੇ ਹਨ। ਵਿਆਹ ਦੌਰਾਨ ਕੁੱਝ ਹੀ ਮਿੰਟਾਂ ‘ਚ ਖੁਸ਼ੀ ਵਾਲਾ ਮਾਹੌਲ ਮਾਤਮ ਵਿੱਚ ਬਦਲਣ ਦੀਆਂ ਇੱਥੇ ਕਈ ਵਾਰਦਾਤਾਂ ਹੋ ਚੁੱਕੀਆਂ ਹਨ। ਲੁਧਿਆਣਾ ਤੋਂ 28 ਕਿਲੋਮੀਟਰ ਦੂਰ ਕਸ਼ਮੀਰ ਗਾਰਡਨ ਵਿੱਚ ਚਾਰ ਦਸੰਬਰ ਦੁਪਹਿਰ ਨੂੰ ਐੱਨਆਰਆਈ ਪਰਿਵਾਰ ਦਾ ਵਿਆਹ ਸਮਾਗਮ ਬੜੇ ਵਧੀਆ ਤਰੀਕੇ ਚੱਲ ਰਿਹਾ ਸੀ। ਬਹੁਤ ਸਾਰੇ ਲੋਕ ਸ਼ਰਾਬ ਪੀ ਕੇ ਡੀਜੇ ‘ਤੇ ਨੱਚ ਰਹੇ ਸਨ। ਇਸ ਦੌਰਾਨ ਹੀ ਗੋਲੀ ਚੱਲੀ ਅਤੇ ਵਿਆਹ ਵਿੱਚ ਆਏ ਚਾਚਾ-ਭਤੀਜਾ ਬੰਤ ਸਿੰਘ ਅਤੇ ਗੁਰਪ੍ਰੀਤ ਸਿੰਘ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਦੋ ਮਿੰਟ ਪਹਿਲਾਂ ਜਿੱਥੇ ਲੋਕ ਡੀਜੇ ‘ਤੇ ਭੰਗੜਾ ਪਾ ਕੇ ਖੁਸ਼ੀਆਂ ਮਨਾ ਰਹੇ ਸਨ, ਦੋ ਮਿੰਟ ਮਗਰੋਂ ਉਥੇ ਰੌਣ ਦੀਆਂ ਆਵਾਜ਼ਾਂ ਸੁਣਨ ਲੱਗੀਆਂ।
ਇਸੇ ਤਰ੍ਹਾਂ 7 ਅਕਤੂਬਰ ਨੂੰ ਵੀ ਦੁੱਗਰੀ ਦੇ ਨਿਰਮਲ ਨਗਰ ਇਲਾਕੇ ਵਿੱਚ ਇੱਕ ਵਿਅਕਤੀ ਨੇ ਆਪਣੀ ਮਹਿਲਾ ਦੋਸਤ ਨਾਲ ਮਿਲ ਕੇ ਹਵਾਈ ਫਾਇਰ ਕੀਤੇ। ਇਸ ਦੌਰਾਨ ਗੋਲੀ ਕਿਸੇ ਨੂੰ ਲੱਗਣ ਤੋਂ ਬਚਾਅ ਰਿਹਾ। ਇਸ ਮਾਮਲੇ ਵਿੱਚ ਪੁਲਿਸ ਨੇ ਪਟਿਆਲਾ ਦੀ ਔਰਤ ਅਤੇ ਅੰਮ੍ਰਿਤਸਰ ਦੇ ਨੌਜਵਾਨ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਇਸ ਤੋਂ ਪਹਿਲਾਂ 15 ਸਤੰਬਰ ਨੂੰ ਲੁਧਿਆਣਾ ਦੇ ਇੱਕ ਰੈਸਤਰਾਂ ਵਿੱਚ ਕਾਂਗਰਸੀ ਆਗੂ ਦੀ ਜਨਮ ਦਿਨ ਪਾਰਟੀ ਦੌਰਾਨ ਇੱਕ ਵਿਅਕਤੀ ਨੇ ਗੋਲੀ ਚਲਾ ਦਿੱਤੀ ਸੀ, ਜਿਸ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਤੇ ਇੱਕ ਫੱਟੜ ਹੋ ਗਿਆ ਸੀ। ਜਾਣਕਾਰੀ ਅਨੁਸਾਰ ਸ਼ਹਿਰ ਦੇ ਪ੍ਰਮੁੱਖ ਪਵੇਲੀਅਨ ਮਾਲ ਦੀ ਚੌਥੀ ਮੰਜ਼ਿਲ ‘ਤੇ ਸਥਿਤ ਰੈਸਤਰਾਂ ‘ਚ 15 ਸਤੰਬਰ ਨੂੰ ਕਾਂਗਰਸੀ ਆਗੂ ਪਰਮਿੰਦਰ ਸਿੰਘ ਪੱਪੂ ਦੀ ਜਨਮ ਦਿਨ ਪਾਰਟੀ ਚੱਲ ਰਹੀ ਸੀ। ਇਸ ਦੌਰਾਨ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਬਹਿਸ ਹੋ ਗਈ ਅਤੇ ਇੱਕ ਨੌਜਵਾਨ ਨੇ ਕਾਂਗਰਸੀ ਆਗੂ ਪੱਪੂ ਦੇ ਦੋਸਤ ਮਨਜੀਤ ਸਿੰਘ ‘ਤੇ ਗੋਲੀ ਚਲਾ ਦਿੱਤੀ। ਮੁਲਜ਼ਮ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਪੰਜ ਫਾਇਰ ਕੀਤੇ। ਇਸ ‘ਚੋਂ ਇੱਕ ਗੋਲੀ ਮਨਜੀਤ ਨੂੰ ਲੱਗੀ ਅਤੇ ਇੱਕ ਸੁਮਿਤ ਸੈਣੀ ਦੀ ਲੱਤ ‘ਤੇ ਲੱਗੀ। ਮਨਜੀਤ ਦੀ ਮੌਤ ਹੋ ਗਈ ਸੀ ਅਤੇ ਸੁਮਿਤ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਲੁਧਿਆਣਾ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ 125 ਦੇ ਕਰੀਬ ਮੈਰਿਜ ਪੈਲੇਸ ਹਨ ਅਤੇ ਪੂਰੇ ਪੰਜਾਬ ਵਿੱਚ ਮੈਰਿਜ ਪੈਲੇਸਾਂ ਤੇ ਰਿਜ਼ੋਰਟਾਂ ਦੀ ਗਿਣਤੀ 4500 ਦੇ ਕਰੀਬ ਹੈ। ਲੁਧਿਆਣਾ ਵਿੱਚ ਇੱਕ ਮੈਰਿਜ ਪੈਲੇਸ ਦੇ ਪ੍ਰਬੰਧਕ ਨੇ ਦੱਸਿਆ ਕਿ ਮੈਰਿਜ ਪੈਲਸ ਵਿੱਚ ਹਥਿਆਰ ਲਿਜਾਣ ਵਾਲੇ ਲੋਕ ਜਾਂ ਸਰਕਾਰੇ-ਦਰਬਾਰੇ ਪਹੁੰਚ ਰੱਖਦੇ ਹਨ ਜਾਂ ਕਿਸੇ ਵੀਆਈਪੀ ਨਾਲ ਆਏ ਹੁੰਦੇ ਹਨ। ਇਸੇ ਕਾਰਨ ਹੀ ਮੈਰਿਜ ਪੈਲਸ ਦੇ ਅੰਦਰ ਹਥਿਆਰ ਜਾਂਦੇ ਹਨ।
ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ: ਪ੍ਰਧਾਨ
ਪੰਜਾਬ ਮੈਰਿਜ ਪੈਲੇਸ ਐਂਡ ਰਿਜ਼ੋਰਟਸ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਗੋਲੀਆਂ ਚਲਾਉਣ ਦੇ ਮੁੱਦੇ ‘ਤੇ ਲੋਕਾਂ ਨੂੰ ਆਪ ਜਾਗਰੂਕ ਹੋਣਾ ਪਵੇਗਾ। ਗੋਲੀਆਂ ਚਲਾਉਣਾ ਕੋਈ ਸ਼ਾਨ ਨਹੀਂ। ਉਨ੍ਹਾਂ ਦੱਸਿਆ ਕਿ ਪੈਲੇਸ ਪ੍ਰਬੰਧਕ ਹੁਣ ਤਾਂ ਲੋਕਾਂ ਨੂੰ ਸਮਾਗਮਾਂ ਦੀ ਬੁਕਿੰਗ ਵੇਲੇ ਹੀ ਕਹਿ ਦਿੰਦੇ ਹਨ ਕਿ ਵਿਆਹ ਵਿੱਚ ਗੋਲੀ ਨਹੀਂ ਚਲਾਉਣ ਦਿੱਤੀ ਜਾਏਗੀ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਮਾਮਲਿਆਂ ਵਿੱਚ ਮੈਰਿਜ ਪੈਲੇਸ ਵਾਲੇ ਖ਼ੁਦ ਪੁਲਿਸ ਨੂੰ ਫੋਨ ਕਰਕੇ ਬੁਲਾਉਂਦੇ ਹਨ ਕਿ ਇੱਥੇ ਹਵਾਈ ਫਾਇਰਿੰਗ ਹੋਈ ਹੈ ਜਾਂ ਹੋ ਸਕਦੀ ਹੈ।

Check Also

ਮੋਦੀ ਬਜਟ : ਗਰੀਬਾਂ ਨੂੰ ਧੱਕੇ, ਕਾਰਪੋਰੇਟਾਂ ਨੂੰ ਮਿਲੇ ਗੱਫੇ

ਕਿਸਾਨ ਅਤੇ ਮਜ਼ਦੂਰ ਖ਼ੁਦਕੁਸ਼ੀਆਂ ਵੱਲ ਵਿੱਤ ਮੰਤਰੀ ਨੇ ਕੋਈ ਕਦਮ ਉਠਾਉਣ ਦੀ ਕੋਸ਼ਿਸ਼ ਨਹੀਂ ਕੀਤੀ …