ਬਰੈਂਪਟਨ/ਬਿਊਰੋ ਨਿਊਜ਼ : ਘਰੇਲੂ ਹਿੰਸਾ ਦੇ ਸ਼ਿਕਾਰ ਲੋਕਾਂ ਲਈ ਮੁਸ਼ਕਲ ਦੇ ਸਮੇਂ ਵਰਤੀਆਂ ਜਾ ਸਕਣ ਵਾਲੀਆਂ ਹੌਟਲਾਈਨਾਂ ਬਹੁਤ ਜ਼ਰੂਰੀ ਹੋ ਗਈਆਂ ਹਨ। ਕਰੋਨਾ ਕਾਲ਼ ਦੇ ਦੌਰਾਨ ਕੈਨੇਡਾ-ਭਰ ਵਿਚ ਇਨ੍ਹਾਂ ਕਰਾਈਸਿਜ਼-ਹੌਟਲਾਈਨਾਂ ਦੀ ਮੰਗ ਬੜੀ ਵੱਧ ਗਈ ਸੀ ਅਤੇ ਇਹ ਮੰਗ ਹੁਣ ਵੀ ਲਗਾਤਾਰ ਜਾਰੀ ਹੈ।
ਪੀਲ ਰੀਜਨ ਵਿਚ 911 ਨੰਬਰ ਉੱਪਰ ਆਉਣ ਵਾਲੀਆਂ ਕਾਲਾਂ ਵਿਚ ਘਰੇਲੂ-ਹਿੰਸਾ ਦੇ ਫ਼ੋਨਾਂ ਦੀ ਗਿਣਤੀ ਨੰਬਰ ਇੱਕ ‘ ਤੇ ਹੈ ਅਤੇ ਇਹ ਸਾਡੀ ਸਮੁੱਚੀ ਕਮਿਊਨਿਟੀ ਲਈ ਕਰਾਈਸਿਜ਼-ਹੌਟਲਾਈਨਾਂ ਨੂੰ ਅਤੀ ਜ਼ਰੂਰੀ ਬਨਾਉਣ ਵਿਚ ਆਪਣਾ ਵਿਸ਼ੇਸ਼ ਯੋਗਦਾਨ ਪਾ ਰਹੀ ਹੈ।
ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਇਹ ਐਲਾਨ ਕਰਦਿਆਂ ਖ਼ੁਸ਼ੀ ਮਹਿਸੂਸ ਕਰ ਰਹੀ ਹੈ ਕਿ ਫ਼ੈੱਡਰਲ ਸਰਕਾਰ ਵੱਲੋਂ ਓਨਟਾਰੀਓ ਵਿਚ ਕਰਾਈਸਿਜ਼ ਹੌਟਲਾਈਨਜ਼ ਲਈ 8 ਮਿਲੀਅਨ ਡਾਲਰ ਦੀ ਰਾਸ਼ੀ ਪ੍ਰਵਾਨ ਕੀਤੀ ਗਈ ਹੈ।
ਸਾਲ 2022 ਤੋਂ ਫ਼ੈੱਡਰਲ ਸਰਕਾਰ ਹਰੇਕ ਪ੍ਰੋਵਿੰਸ ਅਤੇ ਟੈਰੀਟਰੀ ਨਾਲ ਦੋਪਾਸੀ-ਸਮਝੌਤੇ ਕਰਕੇ ਕਰਾਈਸਿਜ਼ ਹੌਟਲਾਈਨਾਂ ਲਈ ਲੋੜੀਂਦੇ ਫ਼ੰਡ ਦੇਣ ਲਈ ਕੰਮ ਕਰ ਰਹੀ ਹੈ। ਚਾਰ ਸਾਲਾਂ ਲਈ ਕੀਤੀ ਜਾ ਰਹੀ ਇਹ ਫ਼ੰਡਿੰਗ ਓਨਟਾਰੀਓ ਵਿਚ ਕਰਾਈਸਿਜ਼ ਹੌਟਲਾਈਨਜ਼ ਦੀ ਜ਼ਰੂਰੀ ਸੇਵਾ ਵਿਚ ਸੁਧਾਰ ਕਰੇਗੀ ਜਿਸ ਦਾ ਫ਼ਾਇਦਾ ਬਰੈਂਪਟਨ ਸ਼ਹਿਰ ਨੂੰ ਵੀ ਹੋਵੇਗਾ ਜਿੱਥੇ ਘਰੇਲੂ ਹਿੰਸਾ ਦੀਆਂ ਘਟਨਾਵਾਂ ਅਕਸਰ ਹੁੰਦੀਆਂ ਹਨ। ਐੱਮ.ਪੀ. ਸੋਨੀਆ ਸਿੱਧੂ ਦਾ ਇਹ ਐਲਾਨ ਕੈਨੇਡਾ ਸਰਕਾਰ ਦੇ ਨੈਸ਼ਨਲ ਐਕਸ਼ਨ ਪਲੈਨ ਦਾ ਇਕ ਭਾਗ ਹੈ ਜਿਸ ਦੇ ਰਾਹੀਂ ਘਰੇਲੂ ਹਿੰਸਕ ਘਟਨਾਵਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਪਲੈਨ ਉੱਪਰ ਇਕ ਬਿਲੀਅਨ ਡਾਲਰ ਤੋਂ ਵਧੇਰੇ ਰਕਮ ਖ਼ਰਚ ਕੀਤੀ ਜਾ ਰਹੀ ਹੈ ਅਤੇ ਇਸ ਦੇ ਨਾਲ ਸਰਕਾਰ ਵੱਲੋਂ ਪੀੜਤਾਂ ਦੀ ਸਹਾਇਤਾ ਕਰਨ ਅਤੇ ਘਰੇਲੂ ਔਰਤਾਂ ਤੇ ਲੜਕੀਆਂ ਉੱਪਰ ਕੀਤੇ ਜਾ ਰਹੇ ਤਸ਼ੱਦਦ ਨੂੰ ਠੱਲ ਪਾਉਣ ਦੇ ਯਤਨ ਕੀਤੇ ਜਾ ਰਹੇ ਹਨ। ਬਰੈਂਪਟਨ ਦੇ ਹੋਰ ਖ਼ੇਤਰਾਂ ਵਾਂਗ ਇਸ ਦਾ ਸਿੱਧਾ ਅਸਰ ਬਰੈਂਪਟਨ ਸਾਊਥ ਦੇ ਵਸਨੀਕਾਂ ਉੱਪਰ ਵੀ ਵਿਖਾਈ ਦੇਵੇਗਾ। ਇਸ ਦੇ ਬਾਰੇ ਗੱਲਬਾਤ ਕਰਦਿਆਂ ਐੱਮ.ਪੀ. ਸੋਨੀਆ ਸਿੱਧੂ ਨੇ ਕਿਹਾ, ”ਸਟੈਂਡਿੰਗ ਕਮੇਟੀ ਆਨ ਦ ਸਟੇਟੱਸ ਆਫ਼ ਵਿਮੈੱਨ ਦੀ ਵਾਈਸ-ਚੇਅਰ ਹੋਣ ਦੇ ਨਾਤੇ ਮੈਂ ਲਿੰਗਕ-ਹਿੰਸਾ ਨੂੰ ਰੋਕਣ ਅਤੇ ਇਸ ਦੇ ਪੀੜਤਾਂ ਲਈ ਹੋਰ ਫ਼ੰਡਿੰਗ ਲੈਣ ਲਈ ਲਗਾਤਾਰ ਯਤਨਸ਼ੀਲ ਰਹਾਂਗੀ। ਅੱਜ ਦੀ ਇਹ ਵਾਧੂ ਫ਼ੈੱਡਰਲ ਫ਼ੰਡਿੰਗ ਲੋੜਵੰਦ ਪੀੜਤਾਂ ਦੀ ਸਹਾਇਤਾ ਲਈ ਪੂਰੀ ਤਰ੍ਹਾਂ ਸੁਰੱਖ਼ਿਅਤ ਅਤੇ ਗੁਪਤ ਹੋਵੇਗੀ। ਮੈਨੂੰ ਪੂਰਨ ਆਸ ਹੈ ਕਿ ਕਰਾਈਸਿਜ਼ ਹੌਟਲਾਈਨਜ਼ ਦੀ ਫ਼ੰਡਿੰਗ ਵਿਚ ਹੋਇਆ ਇਹ ਵਾਧਾ ਕੇਵਲ ਬਰੈਂਪਟਨ ਜਾਂ ਬਰੈਂਪਟਨ ਸਾਊਥ ਵਿਚ ਹੀ ਨਹੀਂ, ਸਗੋਂ ਪੂਰੇ ਓਨਟਾਰੀਓ ਸੂਬੇ ਵਿਚ ਅਸਰਦਾਰ ਸਾਬਤ ਹੋਵੇਗਾ।”