
ਸੁਖਬੀਰ ਬਾਦਲ ਨੇ ਕਿਹਾ – ਮਦਨ ਲਾਲ ਜਲਾਲਪੁਰ ਚਲਾ ਰਿਹੈ ਸ਼ਰਾਬ ਤੇ ਰੇਤ ਮਾਫੀਆ
ਚੰਡੀਗੜ੍ਹ/ਬਿਊਰੋ ਨਿਊਜ਼
ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿਚ ਜ਼ਹਿਰੀਲੀ ਸ਼ਰਾਬ ਦਾ ਮੁੱਦਾ ਚੁੱਕਦਿਆਂ ਅੱਜ ਰਾਜਪੁਰਾ ਨੇੜੇ ਜੀਟੀ ਰੋਡ ‘ਤੇ ਧਰਨਾ ਲਗਾਇਆ। ਸੁਖਬੀਰ ਬਾਦਲ ਦੀ ਅਗਵਾਈ ਵਿਚ ਲਗਾਏ ਗਏ ਇਸ ਧਰਨੇ ਦੌਰਾਨ ਪੰਜਾਬ ‘ਚ ਚੱਲ ਰਹੀਆਂ ਨਜਾਇਜ਼ ਸ਼ਰਾਬ ਦੀਆਂ ਫੈਕਟਰੀਆਂ ਦਾ ਮੁੱਦਾ ਚੁੱਕਿਆ ਅਤੇ ਕੈਪਟਨ ਸਰਕਾਰ ਖਿਲਾਫ ਜੰਮ ਕੇ ਪ੍ਰਦਰਸ਼ਨ ਕੀਤਾ ਗਿਆ। ਸੁਖਬੀਰ ਨੇ ਘਨੌਰ ਤੋਂ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ‘ਤੇ ਸਿੱਧੇ ਇਲਜ਼ਾਮ ਲਗਾਏ ਕਿ ਉਹ ਸ਼ਰਾਬ ਤੇ ਰੇਤ ਮਾਫੀਆ ਨੂੰ ਚਲਾ ਰਹੇ ਹਨ। ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੀ ਕੋਈ ਫਿਕਰ ਨਹੀਂ ਹੈ ਅਤੇ ਉਹ ਆਪਣਾ ਘਰ ਛੱਡ ਕੇ ਪਹਾੜਾਂ ਵਿਚ ਡੇਰੇ ਲਗਾਈ ਬੈਠੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਜ਼ਹਿਰੀਲੀ ਸ਼ਰਾਬ ਨਾਲ 120 ਤੋਂ ਵੱਧ ਮੌਤਾਂ ਹੋਈਆਂ ਹਨ ਅਤੇ ਕੈਪਟਨ ਨੂੰ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਹੈ। ਇਸ ਧਰਨੇ ਵਿਚ ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ ਅਤੇ ਐਨ.ਕੇ. ਸ਼ਰਮਾ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਆਗੂ ਪਹੁੰਚੇ ਹੋਏ ਸਨ। ਇਸ ਮੌਕੇ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਨਜਾਇਜ਼ ਸ਼ਰਾਬ ਵਿਚੋਂ 2 ਹਜ਼ਾਰ ਕਰੋੜ ਰੁਪਏ ਕਮਾ ਕੇ ਸੋਨੀਆ ਗਾਂਧੀ ਨੂੰ ਭੇਜੇ। ਰੋਸ ਧਰਨੇ ਦੌਰਾਨ ਜ਼ਹਿਰੀਲੀ ਸ਼ਰਾਬ ਤੋਂ ਇਲਾਵਾ ਰੇਤ ਬਜਰੀ ਮਾਈਨਿੰਗ ਮਾਫੀਆ, ਰਾਸ਼ਨ ਬੰਦ ਘੋਟਾਲਾ ਅਤੇ ਬਿਜਲੀ ਬਿੱਲ ਮੁਆਫ਼ੀ ਵਰਗੇ ਮੁੱਦੇ ਵੀ ਚੁੱਕੇ ਗਏ।