Breaking News
Home / ਪੰਜਾਬ / ਕਿਸਾਨ ਭਾਜਪਾ ਦਾ ਪਿੱਛਾ ਕਰਦਿਆਂ ਪਹੁੰਚੇ ਪੱਛਮੀ ਬੰਗਾਲ

ਕਿਸਾਨ ਭਾਜਪਾ ਦਾ ਪਿੱਛਾ ਕਰਦਿਆਂ ਪਹੁੰਚੇ ਪੱਛਮੀ ਬੰਗਾਲ

ਪੱਛਮੀ ਬੰਗਾਲ ਦੀ ਜਨਤਾ ਨੂੰ ਭਾਰਤੀ ਜਨਤਾ ਪਾਰਟੀ ਖਿਲਾਫ ਵੋਟ ਪਾਉਣ ਦੀ ਕੀਤੀ ਅਪੀਲ
ਚੰਡੀਗੜ੍ਹ/ਬਿਊਰੋ ਨਿਊਜ਼ : ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਿਸਾਨ ਨੇਤਾ ਉਥੇ ਪੁੱਜੇ ਹੋਏ ਸਨ। ਉਹ ਲੋਕਾਂ ਨੂੰ ਕੇਂਦਰ ਦੀਆਂ ਕਿਸਾਨ, ਮਜ਼ਦੂਰ, ਆਮ ਲੋਕਾਂ ਤੇ ਛੋਟੇ ਕਾਰੋਬਾਰੀਆਂ ਨੂੰ ਖ਼ਤਮ ਕਰਨ ਦੀਆਂ ਨੀਤੀਆਂ ਤੋਂ ਜਾਣੂ ਕਰਵਾ ਰਹੇ ਹਨ। ਬੁਲਾਰਿਆਂ ਨੇ ਕਿਹਾ ਕਿ ਉਹ ਚੋਣਾਂ ਵਿੱਚ ਭਾਜਪਾ ਨੂੰ ਮੂੰਹ ਤੋੜ ਜੁਆਬ ਦੇਣ ਤਾਂ ਜੋ ਦੇਸ਼ ਦੀ ਹਕੂਮਤ ਨੂੰ ਆਮ ਲੋਕਾਂ ਦੀ ਤਾਕਤ ਦਾ ਅੰਦਾਜ਼ਾ ਲੱਗ ਸਕੇ। ਪੱਛਮੀ ਬੰਗਾਲ ‘ਚ ਤਿੰਨ ਥਾਵਾਂ ‘ਤੇ ਕਿਸਾਨ ਮਹਾਂਪੰਚਾਇਤਾਂ ਕਰਕੇ ਕਿਸਾਨ ਆਗੂਆਂ ਨੇ ਖੇਤੀ ਅੰਦੋਲਨ ਦੀ ਜਿੱਤ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਅਤੇ ਸੂਬੇ ਦੇ ਲੋਕਾਂ ਨੂੰ ਚੋਣਾਂ ਦੌਰਾਨ ਭਾਜਪਾ ਨੂੰ ਵੋਟ ਨਾ ਪਾਉਣ ਦੀ ਅਪੀਲ ਕੀਤੀ। ਇਨ੍ਹਾਂ ਮਹਾਂ ਪੰਚਾਇਤਾਂ ਨੂੰ ਕਿਸਾਨ ਯੂਨੀਅਨ ਦੇ ਆਗੂ ਬਲਬੀਰ ਸਿੰਘ ਰਾਜੇਵਾਲ, ਯੋਗੇਂਦਰ ਯਾਦਵ, ਰਾਕੇਸ਼ ਟਿਕੈਤ, ਮੇਧਾ ਪਾਟਕਰ ਸਣੇ ਕਈ ਨੇਤਾਵਾਂ ਨੇ ਸੰਬੋਧਨ ਕੀਤਾ। ਇਸ ਮੌਕੇ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅਸੀਂ ਕੇਂਦਰ ਨਾਲ ਮੀਟਿੰਗਾਂ ‘ਚ ਕਾਨੂੰਨਾਂ ਦੇ ਇਕ-ਇਕ ਬਿੰਦੂ ‘ਤੇ ਦੱਸਿਆ ਹੈ ਕਿ ਇਹ ਸਾਰੇ ਕਿਸਾਨਾਂ ਦੇ ਖ਼ਿਲਾਫ਼ ਹਨ। ਉਨ੍ਹਾਂ ਕਿਹਾ ਕਿ ਦੇਸ਼ ਬਚਾਉਣ ਲਈ ਇਹ ਕਾਨੂੰਨ ਵਾਪਸ ਲੈਣੇ ਹੀ ਪੈਣੇ ਹਨ। ਕੋਲਕਾਤਾ ‘ਚ ਗਾਂਧੀ ਮੂਰਤੀ ਨੇੜੇ, ਉਸ ਤੋਂ ਬਾਅਦ ਨੰਦੀਗ੍ਰਾਮ ਤੇ ਫਿਰ ਭਵਾਨੀਪੁਰ ‘ਚ ਕਿਸਾਨ ਆਗੂਆਂ ਨੇ ਮਹਾਪੰਚਾਇਤ ਕੀਤੀ। ਇਸ ਮੌਕੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਬੰਗਾਲ ਆਉਣ ਬਾਰੇ ਕਿਹਾ ਕਿ ਦਿੱਲੀ ‘ਚ ਸਰਕਾਰ ਨਹੀਂ ਸੀ, ਅਸੀਂ ਭਾਲ ਕਰਦੇ ਕਰਦੇ ਬੰਗਾਲ ਆ ਗਏ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵਿਦੇਸ਼ ਜਾਵੇਗੀ ਤਾਂ ਅਸੀਂ ਪਿੱਛਾ ਕਰਦੇ ਉਥੇ ਵੀ ਪਹੁੰਚ ਜਾਵਾਂਗੇ। ਉਨ੍ਹਾਂ ਕਿਹਾ ਕਿ ਭਾਜਪਾ ਵਲੋਂ ਕਿਸਾਨਾਂ ਤੋਂ ਇਕ ਮੁੱਠੀ ਚੌਲ ਮੰਗੇ ਜਾ ਰਹੇ ਹਨ ਬਲਕਿ ਇਹ ਚੌਲ ਨਹੀਂ ਵੋਟ ਮੰਗ ਰਹੇ ਹਨ। ਜਦੋਂ ਉਹ ਆਉਣ ਤਾਂ ਤੁਸੀ ਇਹ ਜ਼ਰੂਰ ਪੁੱਛਣਾ ਕਿ ਤਿੰਨ ਖੇਤੀ ਕਾਨੂੰਨਾਂ ਅਤੇ ਐਮ.ਐਸ.ਪੀ. ਦਾ ਤੁਸੀਂ ਕੀ ਕੀਤਾ ਹੈ। ਉਨ੍ਹਾਂ ਕਿਹਾ ਕਿ ਸੰਘਰਸ਼ ਚਲਦੇ ਨੂੰ 100 ਤੋਂ ਜ਼ਿਆਦਾ ਦਿਨ ਹੋ ਗਏ ਅਤੇ 300 ਤੋਂ ਵੱਧ ਕਿਸਾਨਾਂ ਨੇ ਜਾਨਾਂ ਗਵਾ ਲਈਆਂ ਪਰ ਭਾਜਪਾ ਨੇ ਕਿਸਾਨਾਂ ਲਈ 2 ਮਿੰਟ ਦਾ ਮੌਨ ਵੀ ਨਹੀਂ ਰੱਖਿਆ। ਉਨ੍ਹਾਂ ਕਿਹਾ ਕਿ ਇਹ ਲੁਟੇਰਿਆਂ ਦੀ ਸਰਕਾਰ ਹੈ। ਜੇਕਰ ਕਿਸੇ ਪਾਰਟੀ ਦੀ ਸਰਕਾਰ ਹੁੰਦੀ ਤਾਂ ਗੱਲਬਾਤ ਜ਼ਰੂਰ ਕਰਦੀ ਪਰ ਇਹ ਸਰਕਾਰ ਵਪਾਰੀਆਂ ਦੀ ਹੈ ਤੇ ਕੰਪਨੀ ਸੰਸਦ ਚਲਾਏਗੀ। ਟਿਕੈਤ ਨੇ ਕਿਹਾ ਕਿ ਬੰਗਾਲ ਦੇ ਲੋਕਾਂ ਨੇ ਕੰਪਨੀ ਰਾਜ ਵੇਖਿਆ ਹੈ, ਇਸ ਲਈ ਤੁਹਾਨੂੰ ਪਤਾ ਹੈ ਕਿ ਕੰਪਨੀ ਰਾਜ ਕਿਵੇਂ ਖਤਮ ਕਰਨਾ ਹੈ। ਉਨ੍ਹਾਂ ਕਿਹਾ ਕਿ ਰੇਲ ਗੱਡੀਆਂ ਕਰੋਨਾ ਕਾਰਨ ਨਹੀਂ ਬਲਕਿ ਰੇਲਵੇ ਰੂਟ ਵਿਕ ਗਏ, ਸੌਦਾ ਸਿਰੇ ਨਹੀਂ ਚੜ੍ਹਿਆ ਇਸ ਲਈ ਬੰਦ ਹਨ। ਉਨ੍ਹਾਂ ਕਿਹਾ ਕਿ ਬਗੈਰ ਜਿੱਤ ਹਾਸਲ ਕੀਤੇ ਘਰ ਨਹੀਂ ਜਾਵਾਂਗੇ।
ਮਹਿਲਾ ਸਮਾਜਸੇਵੀ ਕਾਰਕੁੰਨ ਮੇਧਾ ਪਾਟੇਕਰ ਨੇ ਕਿਹਾ ਕਿ ਇਹ ਸੱਤਾਧਾਰੀ ਤੇ ਜਨਤਾ ਵਿਚਕਾਰ ਸਬੰਧ ਬਣਾਉਣ ਲਈ ਸੰਘਰਸ਼ ਹੈ, ਜਦੋਂ ਤਕ ਜਲ, ਜੰਗਲ ਤੇ ਜ਼ਮੀਨ ਦੀ ਗੱਲ ਨਹੀਂ ਹੁੰਦੀ, ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ 55 ਪੈਸੇ ਦਾ ਪਾਣੀ ਬੋਤਲ ‘ਚ 15-20 ਰੁਪਏ ‘ਚ ਵੇਚਿਆ ਜਾ ਰਿਹਾ ਹੈ। ਸਿਰਫ ਤਿੰਨ ਕਾਨੂੰਨਾਂ ਤੱਕ ਇਹ ਸੰਘਰਸ਼ ਖ਼ਤਮ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਸ਼ਰਮ ਦੀ ਗੱਲ ਹੈ ਕਿ ਭਾਜਪਾ ਆਗੂ ਬਿਆਨ ਦੇ ਰਹੇ ਹਨ ਕਿ ਨੰਦੀਗ੍ਰਾਮ ‘ਚ ਹਿੰਦੂ ਤੇ ਮੁਸਲਮਾਨ ਕਿੰਨੇ ਹਨ। ਉਨ੍ਹਾਂ ਕਿਹਾ ਕਿ ਅਸੀਂ ਇੱਥੇ ਅੰਦੋਲਨ ਕੀਤਾ ਹੈ, ਇੱਥੇ ਕਿਸਾਨ-ਮਜ਼ਦੂਰ-ਗਰੀਬ ਹਨ ਧਰਮ ਦੀ ਗੱਲ ਨਹੀਂ। ਉਨ੍ਹਾਂ ਕਿਹਾ ਕਿ ਇਹ ਸਰਕਾਰ ਧੱਕੇ ਨਾਲ ਜ਼ਮੀਨ ਐਕਵਾਇਰ ਨਹੀਂ ਟ੍ਰਾਂਸਫਰ ਕਰ ਰਹੀ ਹੈ। ਮੈਂ ਬੰਗਾਲ ਦੇ ਲੋਕਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਅਸੀਂ ਲੜਾਂਗੇ ਅਤੇ ਅਸੀਂ ਜਿੱਤਾਂਗੇ। ਯੁੱਧਵੀਰ ਸਿੰਘ ਨੇ ਕਿਹਾ ਕਿ ਇਨ੍ਹਾਂ ਕਾਨੂੰਨਾਂ ਦਾ ਆਧਾਰ ਹੀ ਕਾਲਾ ਹੈ।
ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਬੈਂਕਾਂ ‘ਚ ਪੂੰਜੀਪਤੀਆਂ ਦਾ 15 ਲੱਖ ਕਰੋੜ ਐਨ.ਪੀ.ਏ. ਹੈ, ਜੇ ਕਿਸਾਨਾਂ ਨੂੰ ਇਸਦਾ 25 ਫ਼ੀਸਦੀ ਹਿੱਸਾ ਵੀ ਦਿੱਤਾ ਜਾਂਦਾ ਤਾਂ 20 ਸਾਲਾਂ ‘ਚ ਸਾਢੇ ਤਿੰਨ ਲੱਖ ਤੋਂ ਚਾਰ ਲੱਖ ਕਿਸਾਨ ਖ਼ੁਦਕੁਸ਼ੀਆਂ ਨਾ ਕਰਦੇ। ਯੋਗੇਂਦਰ ਯਾਦਵ ਨੇ ਕਿਹਾ ਕਿ ਕਿਸਾਨ ਬੰਗਾਲ ਇਸ ਲਈ ਆਏ ਹਨ ਕਿਉਂਕਿ ਪਗੜੀ ਦਾ ਮਸਲਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਵੱਖਵਾਦੀ, ਅੱਤਵਾਦੀ, ਦੇਸ਼ਧ੍ਰੋਹੀ ਕਿਹਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੋਦੀ ਦਾ ਹੰਕਾਰ ਤੋੜਨ ਲਈ ਵੋਟ ਤੇ ਚੋਟ ਜ਼ਰੂਰੀ ਹੈ। ਇਸ ਮੌਕੇ ਡਾ. ਸੁਨੀਲਮ, ਅਤੁੱਲ ਕੁਮਾਰ ਅਨਜਾਨ, ਰਾਜਾ ਰਾਮ ਸਿੰਘ, ਸਤਿਆਵਾਨ, ਹਨਨ ਮੌਲ੍ਹਾ ਨੇ ਵੀ ਬੰਗਾਲ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਨੂੰ ਵੋਟ ਨਾ ਪਾਉਣ।

Check Also

ਪੰਜਾਬ ’ਚੋਂ ਨਸ਼ੇ ਨੂੰ ਸਿਰਫ ਭਾਜਪਾ ਹੀ ਖਤਮ ਕਰ ਸਕਦੀ ਹੈ : ਡਾ ਸੁਭਾਸ਼ ਸ਼ਰਮਾ

ਬੰਗਾ : ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਡਾ: ਸੁਭਾਸ਼ ਸ਼ਰਮਾ …