Breaking News
Home / ਪੰਜਾਬ / ਪੰਜਾਬ ਦੇ ਕਿਸਾਨਾਂ ਲਈ ਪਰਾਲੀ ਬਣੀ ਲਾਹੇਵੰਦ ਧੰਦਾ

ਪੰਜਾਬ ਦੇ ਕਿਸਾਨਾਂ ਲਈ ਪਰਾਲੀ ਬਣੀ ਲਾਹੇਵੰਦ ਧੰਦਾ

ਪਰਾਲੀ ਨੂੰ ਖੇਤਾਂ ਵਿੱਚ ਸਾੜਨ ਦੀ ਥਾਂ ‘ਬਾਇਓਮਾਸ’ ਪਲਾਟਾਂ ਅਤੇ ‘ਬਾਇਲਰ’ ਨੂੰ ਵੇਚ ਕੇ ਲੱਖਾਂ ਰੁਪਏ ਕਮਾ ਰਹੇ ਹਨ ਕਿਸਾਨ
ਚੰਡੀਗੜ੍ਹ/ਬਿਊਰੋ ਨਿਊਜ਼ : ਕੌਮੀ ਰਾਜਧਾਨੀ ਵਿੱਚ ਹਵਾ ਪ੍ਰਦੂਸ਼ਣ ਲਈ ਜ਼ਿੰਮੇਵਾਰ ਮੰਨੀ ਜਾਣ ਵਾਲੀ ਪਰਾਲੀ ਹੁਣ ਪੰਜਾਬ ਦੇ ਕਿਸਾਨਾਂ ਲਈ ਲਾਹੇ ਦਾ ਧੰਦਾ ਬਣ ਗਈ ਹੈ। ਸੂਬੇ ਦੀ ਕਈ ਕਿਸਾਨ ਪਰਾਲੀ ਨੂੰ ਖੇਤਾਂ ਵਿੱਚ ਸਾੜਨ ਦੀ ਥਾਂ ‘ਬਾਇਓਮਾਸ’ ਪਲਾਟਾਂ ਅਤੇ ‘ਬਾਇਲਰ’ ਨੂੰ ਵੇਚ ਕੇ ਲੱਖਾਂ ਰੁਪਏ ਕਮਾ ਰਹੇ ਹਨ। ਜ਼ਿਕਰਯੋਗ ਹੈ ਕਿ ਖੇਤਾਂ ਵਿੱਚ ਪਰਾਲੀ ਸਾੜਨ ਨਾਲ ਹੋਣ ਵਾਲੇ ਹਵਾ ਪ੍ਰਦੂਸ਼ਣ ਲਈ ਅਕਸਰ ਪੰਜਾਬ ਦੇ ਕਿਸਾਨਾਂ ਨੂੰ ਜ਼ਿਮੇਵਾਰ ਠਹਿਰਾਇਆ ਜਾਂਦਾ ਹੈ। ਗੁਰਦਾਸਪੁਰ ਵਾਸੀ ਪਲਵਿੰਦਰ ਸਿੰਘ ਉਨ੍ਹਾਂ ਕਿਸਾਨਾਂ ਵਿੱਚ ਸ਼ਾਮਿਲ ਹੈ ਜਿਨ੍ਹਾਂ ਨੇ ਪਿਛਲੇ ਸਾਲ ਇੱਕ ‘ਬੇਲਰ’ ਖਰੀਦਿਆ ਅਤੇ ਫਿਰ ਉਸ ਨਾਲ ਪਰਾਲੀ ਦੀਆਂ ਗੱਠਾਂ ਬਣਾ ਕੇ ਕਾਰੋਬਾਰੀਆਂ ਨੂੰ ਵੇਚਣਾ ਸ਼ੁਰੂ ਕਰ ਦਿੱਤਾ।
ਬੇਲਰ ਖੇਤੀ ਉਦਯੋਗ ਵਿੱਚ ਵਰਤਣ ਵਾਲੀ ਮਸ਼ੀਨ ਹੈ ਜੋ ਟਰੈਕਟਰ ਨਾਲ ਜੁੜੀ ਹੁੰਦੀ ਹੈ। ਇਹ ਮਸ਼ੀਨ ਖੇਤਾਂ ਵਿੱਚ ਪਰਾਲੀ ਨੂੰ ਸਮੇਟ ਕੇ ਇਸ ਦੀਆਂ ਗੱਠਾਂ ਬਣਾ ਦਿੰਦੀ ਹੈ। ਪਲਵਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਉਹ 1,400 ਟਨ ਪਰਾਲੀ ਵੇਚੀ ਸੀ ਅਤੇ ਇਸ ਸਾਲ 3,000 ਟਨ ਪਰਾਲੀ ਵੇਚਣ ਦੀ ਉਮੀਦ ਹੈ। ਉਹ ਨੇੜਲੇ ਪਿੰਡਾਂ ਵਿੱਚੋਂ ਪਰਾਲੀ ਇਕੱਠੀ ਕਰਦਾ ਹੈ। ਮਗਰੋਂ ਉਹ ਪਰਾਲੀ ਪਠਾਨਕੋਟ ਵਿੱਚ ਇੱਕ ਬਿਜਲੀ ਉਤਪਾਦਨ ਕਰਨ ਵਾਲੀ ਕੰਪਨੀ ਨੂੰ ਦਿੰਦਾ ਹੈ। ਪਲਵਿੰਦਰ ਨੇ ਕਿਹਾ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਇੱਕ ਸਾਲ ਦੇ ਅੰਦਰ-ਅੰਦਰ ਆਪਣੇ ਨਿਵੇਸ਼ ਦੀ ਸਾਰੀ ਰਕਮ ਪ੍ਰਾਪਤ ਕਰ ਲਈ ਹੈ। ਇਸ ਸਾਲ 15 ਲੱਖ ਰੁਪਏ ਦਾ ਕਾਰੋਬਾਰ ਹੋਣ ਦੀ ਉਮੀਦ ਹੈ।
ਮਾਲਰੇਕੋਟਲਾ ਦਾ ਗੁਰਪ੍ਰੀਤ ਸਿੰਘ ਵੀ ਇੱਕ ਹੋਰ ਅਜਿਹਾ ਹੀ ਕਿਸਾਨ ਹੈ, ਜੋ ਬੇਲਰ ਦੀ ਸਹਾਇਤਾ ਨਾਲ ਝੋਨੇ ਦੀ ਪਰਾਲੀ ਨਾਲ ਕਮਾਈ ਕਰ ਰਿਹਾ ਹੈ। ਕਿਹਾ ਕਿ ਪਿਛਲੇ ਸਾਲ ਉਸ ਨੇ 20 ਲੱਖ ਰੁਪਏ ਦੀ ਪਰਾਲੀ ਵੇਚੀ ਸੀ। ਸਾਰਿਆਂ ਖਰਚਿਆਂ ਨੂੰ ਕੱਢ ਕੇ ਸੱਤ-ਅੱਠ ਲੱਖ ਰੁਪਏ ਬਚੇ ਹਨ। ਉਸ ਨੇ ਪਿਛਲੇ ਸਾਲ 1,200 ਟਨ ਪਰਾਲੀ ਵੇਚੀ ਸੀ ਅਤੇ ਇਸ ਸਾਲ ਉਸ ਦੀ ਪੰਜ ਹਜ਼ਾਰ ਟਨ ਪਰਾਲੀ ਵੇਚਣ ਦੀ ਯੋਜਨਾ ਹੈ। ਮਾਲੇਰਕੋਟਲਾ ਦੇ ਪਿੰਡ ਕੁਥਲਾ ਵਿੱਚ 10 ਏਕੜ ਖੇਤੀ ਜ਼ਮੀਨ ਦੇ ਮਾਲਕ ਗੁਰਪ੍ਰੀਤ ਨੇ ਕਿਹਾ ਕਿ ਸਾਡੀ ਇਸ ਸਾਲ ਜਨਵਰੀ ਅਤੇ ਮਾਰਚ ਵਿੱਚ ਕੁੱਝ ਪਰਾਲੀ ਦਾ ਭੰਡਾਰ ਕਰਨ ਦੀ ਯੋਜਨਾ ਹੈ। ਸਾਲ ਦੇ ਉਨ੍ਹਾਂ ਸ਼ੁਰੂਆਤੀ ਮਹੀਨਿਆਂ ਵਿੱਚ ਇਸ ਦੀ ਕੀਮਤ 280-300 ਰੁਪਏ ਪ੍ਰਤੀ ਕੁਇੰਟਲ ਤੱਕ ਹੋ ਜਾਂਦੀ ਹੈ। ਉਸ ਨੇ ਕਿਹਾ ਕਿ ਹੁਣ ਪਰਾਲੀ ਦੀ ਕੀਮਤ 170 ਰੁਪਏ ਪ੍ਰਤੀ ਕੁਇੰਟਲ ਹੈ।
ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਸ ਨੇ ਪਿਛਲੇ ਸਾਲ 600 ਏਕੜ ਜ਼ਮੀਨ ਵਿੱਚ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਿਆ। ਜ਼ਿਕਰਯੋਗ ਹੈ ਕਿ ਬਾਇਓਮਾਸ ਪਲਾਂਟ, ਪੇਪਰ ਮਿੱਲਾਂ ਅਤੇ ਬਾਇਲਰਾਂ ਦੀ ਪਰਾਲੀ ਦੀ ਵੱਧਦੀ ਮੰਗ ਕਾਰਨ ਸੂਬੇ ਵਿੱਚ ਕਈ ਕਿਸਾਨ ਬੇਲਰ ਖਰੀਦ ਰਹੇ ਹਨ। ਅਕਤੂਬਰ ਅਤੇ ਨਵੰਬਰ ਵਿੱਚ ਪੰਜਾਬ ਅਤੇ ਹਰਿਆਣਾ ਵਿੱਚ ਪਰਾਲੀ ਨੂੰ ਅੱਗ ਲਾਉਣ ਕਾਰਨ ਕੌਮੀ ਰਾਜਧਾਨੀ ਵਿੱਚ ਪਿਛਲੇ ਕੁਝ ਸਾਲਾਂ ਤੋਂ ਹਵਾ ਪ੍ਰਦੂਸ਼ਣ ਕਾਫ਼ੀ ਵਧਿਆ ਹੈ।

 

Check Also

ਚਰਨਜੀਤ ਸਿੰਘ ਚੰਨੀ ਦੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਚਰਚਾ ਦਾ ਵਿਸ਼ਾ ਬਣੀ  

ਸੰਤ ਸੀਚੇਵਾਲ ‘ਆਪ’ ਦੇ ਰਾਜ ਸਭਾ ਮੈਂਬਰ ਅਤੇ ਚੰਨੀ ਹਨ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ …