Breaking News
Home / ਪੰਜਾਬ / ‘ਪੰਜਾਬ ਲੋਕ ਕਾਂਗਰਸ’ ਹੋ ਸਕਦੀ ਹੈ ਭੰਗ

‘ਪੰਜਾਬ ਲੋਕ ਕਾਂਗਰਸ’ ਹੋ ਸਕਦੀ ਹੈ ਭੰਗ

ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ
ਚੰਡੀਗੜ੍ਹ/ਬਿੳੂਰੋ ਨਿੳੂਜ਼
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਨਵੀਂ ਦਿੱਲੀ ’ਚ ਮੁਲਾਕਾਤ ਕੀਤੀ। ਕੈਪਟਨ ਅਮਰਿੰਦਰ ਦੇ ਨਾਲ ਉਨ੍ਹਾਂ ਦਾ ਬੇਟਾ ਰਣਇੰਦਰ ਸਿੰਘ ਵੀ ਮੌਜੂਦ ਸੀ। ਸਮਝਿਆ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ‘ਪੰਜਾਬ ਲੋਕ ਕਾਂਗਰਸ’ ਪਾਰਟੀ ਨੂੰ ਭੰਗ ਕਰਕੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਸਕਦੇ ਹਨ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕੀਤੀ ਅਤੇ ਰਾਜ ਤੇ ਦੇਸ਼ ਦੀ ਸੁਰੱਖਿਆ ਲਈ ਮਿਲ ਕੇ ਕੰਮ ਕਰਨ ਦਾ ਸੰਕਲਪ ਲਿਆ। ਜ਼ਿਕਰਯੋਗ ਹੈ ਕਿ ਜਦੋਂ ਕਾਂਗਰਸ ਹਾਈਕਮਾਨ ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੁੱਖ ਮੰਤਰੀ ਦੀ ਕੁਰਸੀ ਖੋਹ ਲਈ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ’ਚੋਂ ਅਸਤੀਫਾ ਦੇ ਕੇ ਆਪਣੀ ਵੱਖਰੀ ‘ਪੰਜਾਬ ਲੋਕ ਕਾਂਗਰਸ’ ਨਾਮ ਦੀ ਪਾਰਟੀ ਬਣਾ ਲਈ ਸੀ। ਕੈਪਟਨ ਨੇ ਭਾਜਪਾ ਨਾਲ ਮਿਲ ਕੇ ਪੰਜਾਬ ਵਿਚ ਚੋਣਾਂ ਲੜੀਆਂ ਸਨ ਅਤੇ ਕੈਪਟਨ ਦੀ ਪਾਰਟੀ ਕੋਈ ਵੀ ਸੀਟ ਨਹੀਂ ਜਿੱਤ ਸਕੀ ਸੀ ਅਤੇ ਕੈਪਟਨ ਅਮਰਿੰਦਰ ਖੁਦ ਵੀ ਚੋਣ ਹਾਰ ਗਏ ਸਨ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਆਪਣੀ ‘ਪੰਜਾਬ ਲੋਕ ਕਾਂਗਰਸ’ ਪਾਰਟੀ ਭੰਗ ਕਰਕੇ ਭਾਜਪਾ ਵਿਚ ਸ਼ਾਮਲ ਹੋ ਸਕਦੇ ਹਨ। ਧਿਆਨ ਰਹੇ ਕਿ ਕੈਪਟਨ ਅਮਰਿੰਦਰ ਸਿੰਘ ਇੰਗਲੈਂਡ ਵਿਖੇ ਆਪਣੀ ਰੀੜ੍ਹ ਦੀ ਹੱਡੀ ਦਾ ਅਪਰੇਸ਼ਨ ਕਰਵਾਉਣ ਤੋਂ ਬਾਅਦ ਸਿਹਤਮੰਦ ਹੋ ਕੇ ਵਾਪਸ ਪਰਤੇ ਹਨ।

 

Check Also

ਕਿਸਾਨ ਆਗੂਆਂ ਵਲੋਂ 6 ਦਸੰਬਰ ਨੂੰ ਦਿੱਲੀ ਮਰਜੀਵੜਿਆਂ ਦਾ ਜਥਾ ਰਵਾਨਾ ਕੀਤਾ ਜਾਵੇਗਾ

ਚੰਡੀਗੜ੍ਹ/ਬਿਊਰੋ ਨਿਊਜ਼ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂਆਂ ਵਲੋਂ ਅੱਜ …