ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿੱਤੀ ਇਹ ਜਾਣਕਾਰੀ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਨੇ ਪੰਜਾਬੀ ਭਾਸ਼ਾ ਨੂੰ ਦੁਨੀਆ ਵਿੱਚ ਹੋਰ ਪ੍ਰਫੁੱਲਿਤ ਕਰਨ ਦੇ ਮਕਸਦ ਨਾਲ ਅੰਤਰਰਾਸ਼ਟਰੀ ਪੰਜਾਬੀ ਭਾਸ਼ਾ ਓਲੰਪੀਆਡ ਕਰਵਾਉਣ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਪੰਜਾਬ ਦੇ ਸਕੂਲ ਸਿੱਖਿਆ ਤੇ ਭਾਸ਼ਾ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਦਿੱਤੀ ਗਈ।
ਉਹਨਾਂ ਦੱਸਿਆ ਕਿ ਦੱਖਣੀ ਏਸ਼ੀਆਈ ਖਿੱਤੇ ਵਿੱਚ ਪੰਜਾਬ ਇੱਕ ਪ੍ਰਭਾਵਸ਼ਾਲੀ ਸਭਿਆਚਾਰਕ, ਇਤਿਹਾਸਕ ਅਤੇ ਰਾਜਨੀਤਕ ਖਿੱਤਾ ਹੈ। ਜਿਸਦੇ ਰਹਿਣ-ਸਹਿਣ, ਖਾਣ-ਪੀਣ, ਭੰਗੜਾ ਅਤੇ ਸੰਗੀਤ ਨੂੰ ਦੁਨੀਆਂ ਭਰ ਵਿੱਚ ਸਰਾਹਿਆ ਜਾਂਦਾ ਹੈ। ਮੰਤਰੀ ਬੈਂਸ ਹੋਰਾਂ ਦੱਸਿਆ ਕਿ ਪੰਜਾਬ ਦੇ ਵੱਡੀ ਗਿਣਤੀ ਵਿਅਕਤੀ ਰੁਜ਼ਗਾਰ ਦੇ ਬਿਹਤਰ ਮੌਕਿਆਂ ਦੀ ਤਲਾਸ਼ ਵਿੱਚ ਵੱਖ-ਵੱਖ ਮੁਲਕਾਂ ‘ਚ ਵਸ ਗਏ ਹਨ ਅਤੇ ਹੁਣ ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਪੰਜਾਬੀ ਭਾਸ਼ਾ ਤੋਂ ਪੂਰੀ ਤਰ੍ਹਾਂ ਜਾਣੂ ਨਹੀਂ ਹਨ। ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਸ ਨੂੰ ਦੇਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅੰਤਰਰਾਸ਼ਟਰੀ ਪੰਜਾਬੀ ਭਾਸ਼ਾ ਓਲੰਪੀਆਡ ਕਰਵਾਉਣ ਦਾ ਫੈਸਲਾ ਕੀਤਾ ਤਾਂ ਜੋ ਬੱਚਿਆਂ ਨੂੰ ਪੰਜਾਬੀ ਭਾਸ਼ਾ ਸਿੱਖਣ ਪ੍ਰਤੀ ਉਤਸ਼ਾਹਿਤ ਕੀਤਾ ਜਾ ਸਕੇ। ਬੈਂਸ ਹੋਰਾਂ ਦੱਸਿਆ ਕਿ ਇਹ ਓਲੰਪੀਆਡ 9 ਅਤੇ 10 ਦਸੰਬਰ 2023 ਨੂੰ ਆਨਲਾਈਨ ਵਿਧੀ ਰਾਹੀਂ ਕਰਵਾਇਆ ਜਾਵੇਗਾ।