ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਏਅਰਬੇਸ ਤੇ ਹੋਰ ਸਥਾਨਾਂ ਦਾ ਮੁਆਇਨਾ, ਚਾਰ ਅੱਤਵਾਦੀਆਂ ਦੀਆਂ ਲਾਸ਼ਾਂ ਦੇ ਜਾਇਜ਼ੇ ਦਾ ਪ੍ਰੋਗਰਾਮ ਰੱਦ
ਪਠਾਨਕੋਟ/ਬਿਊਰੋ ਨਿਊਜ਼
ਪਠਾਨਕੋਟ ਏਅਰਬੇਸ ਉਤੇ ਇਸ ਸਾਲ 2 ਜਨਵਰੀ ਨੂੰ ਹੋਏ ਅੱਤਵਾਦੀ ਹਮਲੇ ਦੀ ਪੜਤਾਲ ਲਈ ਪਾਕਿਸਤਾਨ ਦੀ ਪੰਜ ਮੈਂਬਰੀ ਸਾਂਝੀ ਜਾਂਚ ਟੀਮ (ਜੇਆਈਟੀ) ਮੰਗਲਵਾਰ ਨੂੰ ਇਥੇ ਪੁੱਜੀ। ਟੀਮ ਨੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਏਅਰਬੇਸ ਦਾ ਦੌਰਾ ਕੀਤਾ। ਟੀਮ ਨੇ ਇੱਕ ਘੰਟੇ ਦੇ ਕਰੀਬ ઠਜਾਇਜ਼ਾ ਲੈਂਦਿਆਂ ਉਹ ਥਾਂ ਦੇਖੀ, ਜਿੱਥੋਂ ਅੱਤਵਾਦੀ ਏਅਰਬੇਸ ਦੀ ਕੰਧ ਉੱਪਰ ਲੱਗੀਆਂ ਤਾਰਾਂ ਕੱਟ ਕੇ ਅੰਦਰ ਵੜੇ ਸਨ। ਟੀਮ ਨੂੰ ਏਅਰਬੇਸ ਵਿਚ ਮੁਕਾਬਲੇ ਵਾਲੀ ਜਗ੍ਹਾ ਦਿਖਾਉਣ ਲਈ ਚਾਰਦੀਵਾਰੀ ਅੰਦਰ 4 ਫੁੱਟ ਦੇ ਕਰੀਬ ਦੀਵਾਰ ਤੋੜ ਕੇ ਇਕ ਰਸਤਾ ਬਣਾਇਆ ਗਿਆ ਸੀ ਅਤੇ ਟੀਮ ਨੂੰ ਇਸ ਰਸਤੇ ਏਅਰਬੇਸ ਅੰਦਰ ਲਿਜਾਇਆ ਗਿਆ। ਏਅਰਬੇਸ ਅੰਦਰ ਸਾਰੇ ਹੀ ਸੰਵੇਦਨਸ਼ੀਲ ਤੇ ਮਹੱਤਵਪੂਰਨ ਸਥਾਨਾਂ ਨੂੰ ਪਰਦੇ ਲਗਾ ਕੇ ਕੱਜਿਆ ਹੋਇਆ ਸੀ। ਜਿਥੇ ਅੱਤਵਾਦੀ ਲੁਕੇ ਹੋਏ ਸਨ ਤੇ ਬਾਅਦ ਵਿੱਚ ਮੈੱਸ ਵੱਲ ਵਧੇ ਅਤੇ ਗੋਲੀਬਾਰੀ ਦੌਰਾਨ ਜਿੱਥੇ ਉਹ ਢੇਰ ਕੀਤੇ ਗਏ ਸਨ, ਉਹ ਸਾਰੇ ਸਥਾਨ ਦਿਖਾਏ ਗਏ। ਟੀਮ ਮੈਂਬਰਾਂ ਨੂੰ ਉਹ ਥਾਵਾਂ ਵੀ ਦਿਖਾਈਆਂ ਗਈਆਂ, ਜਿੱਥੋਂ ਅੱਤਵਾਦੀ ਨਹਿਰ ਨੂੰ ਪਾਰ ઠਕਰਕੇ ਏਅਰਬੇਸ ਦੀ ਦੀਵਾਰ ਕੋਲ ਪੁੱਜੇ ਸਨ ਅਤੇ ਦੀਵਾਰ ਕੋਲ ਪੁੱਜਣ ਤੋਂ ਪਹਿਲਾਂ ਜਿੱਥੇ ਅੱਤਵਾਦੀਆਂ ਨੇ ਐਸਪੀ ਸਲਵਿੰਦਰ ਸਿੰਘ ਦੀ ਗੱਡੀ ਪਾਰਕ ਕੀਤੀ ਸੀ। ਬਾਅਦ ਵਿੱਚ ਟੀਮ ਸਰਹੱਦ ਵੱਲ ਰਵਾਨਾ ਹੋਈ ਅਤੇ ਕਥਲੌਰ ਦੇ ਪੁਲ ਕੋਲ ਜਿੱਥੇ ਅੱਤਵਾਦੀਆਂ ਨੇ ਡਰਾਈਵਰ ਇਕਾਗਰ ਸਿੰਘ ਦਾ ਕਤਲ ਕਰਕੇ ਉਸ ਦੀ ਲਾਸ਼ ਤੇ ਕਾਰ ਛੱਡੀ ਸੀ, ਵਾਲੀ ਜਗ੍ਹਾ ਦਾ ਮੌਕਾ ਦੇਖਿਆ। ਇਸ ਬਾਅਦ ਟੀਮ ਨੂੰ ਕੋਹਲੀਆਂ ਮੋੜ ‘ਤੇ ਲਿਜਾਇਆ ਗਿਆ, ਜਿਥੇ ਐਸਪੀ ਸਲਵਿੰਦਰ ਤੇ ਉਸ ਦੇ ਸਾਥੀਆਂ ਨੂੰ ਅਗਵਾ ਕੀਤਾ ਗਿਆ ਸੀ। ਬਾਅਦ ਵਿੱਚ ਟੀਮ ਨੂੰ ਉੱਝ ਦਰਿਆ ‘ਤੇ ਲਿਜਾਇਆ ਗਿਆ। ਇਥੇ ਐਨਆਈਏ ਟੀਮ ਨੂੰ ਅੱਤਵਾਦੀਆਂ ਦੇ ਪੈਰਾਂ ਦੇ ਨਿਸ਼ਾਨ ਮਿਲੇ ਸਨ। ਇਥੋਂ ਹੀ ਦੂਰ ਪੈਂਦੀ ਸਰਹੱਦ ਦਿਖਾ ਦਿੱਤੀ। ਇਸ ਬਾਅਦ ਟੀਮ ਅੰਮ੍ਰਿਤਸਰ ਲਈ ਰਵਾਨਾ ਹੋ ਗਈ। ਇਸ ਦੌਰਾਨ ਐਨ ਮੌਕੇ ਉਤੇ ਚਾਰ ਅੱਤਵਾਦੀਆਂ ਦੀਆਂ ਲਾਸ਼ਾਂ, ਜੋ ਤਿੰਨ ਮਹੀਨਿਆਂ ਤੋਂ ਪਠਾਨਕੋਟ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਪਈਆਂ ਹਨ, ਟੀਮ ਨੂੰ ਦਿਖਾਉਣ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ। ਕੋਈ ਵੀ ઠਪ੍ਰੈੱਸ ਕਾਨਫਰੰਸ ਨਾ ਕੀਤੀ ਗਈ ਅਤੇ ਨਾ ਹੀ ਕਿਸੇ ਪੱਤਰਕਾਰ ਨੂੰ ਟੀਮ ਦੇ ਨੇੜੇ ਫਟਕਣ ਦਿੱਤਾ ਗਿਆ, ਜਿਸ ਕਾਰਨ ਪੱਤਰਕਾਰ ਨਿਰਾਸ਼ ਸਨ।
ਪਾਕਿਸਤਾਨੀ ਟੀਮ ਦੇ ਮੁਖੀ ઠਪਾਕਿਸਤਾਨੀ ਪੰਜਾਬ ਦੇ ਅੱਤਵਾਦ ਵਿਰੋਧੀ ਵਿਭਾਗ ઠਦੇ ਮੁਖੀ ਮੁਹੰਮਦ ਤਾਹਿਰ ਰਾਏ, ਇੰਟੈਲੀਜੈਂਸ ਬਿਊਰੋ ਲਾਹੌਰ ਦੇ ਡਿਪਟੀ ਡਾਇਰੈਕਟਰ ਜਨਰਲ ਮੁਹੰਮਦ ਅਜ਼ੀਮ ਅਰਸ਼ਦ, ਇੰਟਰ ਸਰਵਿਸਿਜ਼ ਇੰਟੈਲੀਜੈਂਸ (ਆਈਐਸਆਈ) ਦੇ ਲੈਫ. ਕਰਨਲ ਤਨਵੀਰ ਅਹਿਮਦ, ਮਿਲਟਰੀ ਇੰਟੈਲੀਜੈਂਸ ਦੇ ਲੈਫ. ਕਰਨਲ ਇਰਫਾਨ ਮਿਰਜ਼ਾ ਅਤੇ ਗੁੱਜਰਾਂਵਾਲਾ ਅੱਤਵਾਦ ਵਿਰੋਧੀ ਵਿਭਾਗ ਦੇ ਜਾਂਚ ਅਧਿਕਾਰੀ ਸ਼ਾਹਿਦ ਤਨਵੀਰ ਦਿੱਲੀ ਤੋਂ ਹਵਾਈ ਜਹਾਜ਼ ਰਾਹੀਂ ਅੰਮ੍ਰਿਤਸਰ ਪੁੱਜੇ। ਉਨ੍ਹਾਂ ਨੂੰ ਸਪੈਸ਼ਲ ਬੁਲੇਟਪਰੂਫ ਗੱਡੀਆਂ ਰਾਹੀਂ ਸੜਕ ਰਸਤੇ ਪਠਾਨਕੋਟ ਲਿਆਂਦਾ ਗਿਆ। ਉਨ੍ਹਾਂ ਨਾਲ ਐਨਆਈਏ. ਦੇ ਆਈਜੀ ਐਸ.ਕੇ. ਸਿੰਘ, ਡੀਆਈਜੀ ਅਨਿਲ ਸ਼ੁਕਲਾ ਅਤੇ ਐਸਪੀ ਨਿਖਲੇਸ਼ ਜੈਨ ਸਨ। ਟੀਮ ਨੂੰ ਏਅਰਬੇਸ ਦੇ ਮੁੱਖ ਗੇਟ ਰਾਹੀਂ ਅੰਦਰ ਨਹੀਂ ਲਿਜਾਇਆ ਗਿਆ।
ਜੇਆਈਟੀ ਮਾਮਲਾ: ਸ਼ਿਵ ਸੈਨਾ ਤੇ ਵਿਰੋਧੀ ਧਿਰ ਵੱਲੋਂ ਸਰਕਾਰ ‘ਤੇ ਹਮਲਾ
ਨਵੀਂ ਦਿੱਲੀ: ਪਾਕਿਸਤਾਨੀ ਟੀਮ ਨੂੰ ਪਠਾਨਕੋਟ ਏਅਰਬੇਸ ਅੰਦਰ ਜਾਂਚ ਦੀ ਆਗਿਆ ਦੇਣ ਨਾਲ ਸਰਕਾਰ ਵਿਰੋਧੀਆਂ ਸਮੇਤ ਆਪਣੇ ਭਾਈਵਾਲ ਸ਼ਿਵ ਸੈਨਾ ਦੇ ਨਿਸ਼ਾਨੇ ਉਤੇ ਆ ਗਈ ਹੈ। ਕਾਂਗਰਸ ਨੇ ਕਿਹਾ ਕਿ ਮੋਦੀ ਸਰਕਾਰ ਨੇ ‘ਗਲਤ ਮਿਸਾਲ’ ਕਾਇਮ ਕੀਤੀ ਹੈ ਅਤੇ ਹੈਰਾਨੀ ਹੈ ਕਿ ਜਿਸ ਟੀਮ ਵਿੱਚ ਆਈਐਸਆਈ ਦੇ ਨੁਮਾਇੰਦੇ ਹਨ ਉਨ੍ਹਾਂ ਨੂੰ ‘ਬਰਿਆਨੀ’ ਪੇਸ਼ ਕੀਤੀ ਗਈ ਹੈ। ਸ਼ਿਵ ਸੈਨਾ ਆਗੂ ਸੰਜੈ ਰਾਉਤ ਨੇ ਸਰਕਾਰ ਦੇ ਫ਼ੈਸਲੇ ਨੂੰ ਗਲਤ ਦੱਸਦਿਆਂ ਕਿਹਾ, ‘ਬਲਕਿ ਭਾਰਤ ਨੂੰ ਜਾਂਚ ਲਈ ਆਪਣੀ ਟੀਮ ਪਾਕਿਸਤਾਨ ਭੇਜਣ ਦੀ ਲੋੜ ਹੈ। ਅਸੀਂ ਉਨ੍ਹਾਂ ਨੂੰ ਉੱਚ ਸੁਰੱਖਿਆ ਦੇ ਰਹੇ ਹਾਂ। ਉਨ੍ਹਾਂ ਨੂੰ ਕਿਸ ਦਾ ਡਰ ਹੈ? ਇਹ ਸਾਰਾ ਘਟਨਾਕ੍ਰਮ ਹਾਸੋਹੀਣਾ ਹੈ।’ ਪਠਾਨਕੋਟ ਏਅਰਬੇਸ ਬਾਹਰ ਕਾਂਗਰਸ ਤੇ ‘ਆਪ’ ਵਰਕਰ ਪਾਕਿ ਟੀਮ ਦੇ ਵਿਰੋਧ ਲਈ ਹੱਥਾਂ ਵਿੱਚ ਕਾਲੇ ਝੰਡੇ ਫੜ ਕੇ ਖੜ੍ਹੇ ਸਨ। ਉਨ੍ਹਾਂ ਨੇ ਪਾਕਿਸਤਾਨੀ ਵਿਰੋਧੀ ਨਾਅਰੇ ਵੀ ਲਗਾਏ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …