ਨਸ਼ਾ ਸਮੱਗਲਰਾਂ ਨੂੰ ਮਿਲੇ ਸਜ਼ਾ-ਏ-ਮੌਤ
ਚੰਡੀਗੜ੍ਹ/ਬਿਊਰੋ ਨਿਊਜ਼ : ਨਸ਼ੇ ਖਿਲਾਫ ‘ਮਰੋ ਜਾਂ ਵਿਰੋਧ ਕਰੋ’ ਅਤੇ ‘ਚਿੱਟੇ ਖਿਲਾਫ ਕਾਲਾ ਹਫਤਾ’ ਮੁਹਿੰਮ ਦਾ ਅਸਰ ਹੈ ਕਿ ਚੱਕਰਵਿਊ ਵਿਚ ਫਸੀ ਪੰਜਾਬ ਸਰਕਾਰ ਹੁਣ ਕੇਂਦਰ ਤੋਂ ਨਸ਼ਾ ਸਮੱਗਲਿੰਗ ਮਾਮਲੇ ਵਿਚ ਮੌਤ ਦੀ ਸਜ਼ਾ ਦੀ ਵਿਵਸਥਾ ਚਾਹੁੰਦੀ ਹੈ। ਸੋਮਵਾਰ ਨੂੰ ਪੰਜਾਬ ਕੈਬਨਿਟ ਨੇ ਮਤਾ ਪਾਸ ਕਰਕੇ ਨਸ਼ਾ ਸਮੱਗਲਰਾਂ ਨੂੰ ਮੌਤ ਦੀ ਸਜ਼ਾ ਦੇਣ ਲਈ ਕਾਨੂੰਨ ਵਿਚ ਸੋਧ ਕਰਨ ਲਈ ਕੇਂਦਰ ਸਰਕਾਰ ਨੂੰ ਚਿੱਠੀ ਲਿਖਣ ਦਾ ਫੈਸਲਾ ਲਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਇਕ ਕੈਬਨਿਟ ਸਬ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ ਜੋ ਕਿ ਡਰੱਗ ਮਾਮਲਿਆਂ ਦੀ ਹਫਤਾਵਾਰੀ ਸਮੀਖਿਆ ਕਰੇਗੀ। ਉਧਰ ਗ੍ਰਹਿ ਸਕੱਤਰ ਐਨ ਐਸ ਕਲਸੀ ਦੀ ਅਗਵਾਈ ਵਿਚ ਸਪੈਸ਼ਲ ਵਰਕਿੰਗ ਗਰੁੱਪ ਦਾ ਵੀ ਗਠਨ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਡਰੱਗ ਦੇ ਮਾਮਲੇ ਵਿਚ ਦਾਗੀ ਪੁਲਿਸ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਕਰਨ ਦਾ ਮਨ ਬਣਾ ਲਿਆ ਹੈ। ਅਗਲੇ ਇਕ ਦੋ ਦਿਨਾਂ ਵਿਚ ਹੀ ਅਜਿਹੇ ਅਧਿਕਾਰੀਆਂ ਵਿਰੁੱਧ ਕਾਰਵਾਈ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਵਾਨਗੀ ਦੇ ਦਿੱਤੀ ਹੈ। ਉਧਰ ਮੀਟਿੰਗ ਵਿਚ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ, ਮੋਗਾ ਦੇ ਐਸਐਸਪੀ ਰਾਜਜੀਤ ਸਿੰਘ ਜਿਹੇ ਨਾਂ ਵੀ ਉਭਰ ਕੇ ਸਾਹਮਣੇ ਆਏ।
ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਲਏ ਗਏ ਫੈਸਲੇ ਤੋਂ ਪੱਤਰਕਾਰਾਂ ਨੂੰ ਜਾਣੂ ਕਰਵਾਉਂਦਿਆਂ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਕੈਬਨਿਟ ਨੇ ਕੇਂਦਰ ਨੂੰ ਨਸ਼ੇ ਦੇ ਸੌਦਾਗਰਾਂ, ਸਮੱਗਲਰਾਂ ਨੂੰ ਮੌਤ ਦੀ ਸਜ਼ਾ ਦੇਣ ਲਈ ਚਿੱਠੀ ਲਿਖਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਨਸ਼ੇ ਤੇ ਭ੍ਰਿਸ਼ਟਾਚਾਰ ਵਿਚ ਜੇਕਰ ਕਿਸੇ ਪੁਲਿਸ ਮੁਲਾਜ਼ਮ ਜਾਂ ਅਫਸਰ ਦੀ ਸ਼ਮੂਲੀਅਤ ਸਾਬਤ ਹੁੰਦੀ ਹੈ ਤਾਂ ਉਸ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਵੇਗਾ।
ਬਾਜਵਾ ਨੇ ਨਸ਼ੇ ਖਿਲਾਫ ਮੁਹਿੰਮ ਚਲਾਉਣ ਵਾਲਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਮੁਹਿੰਮ ਜਾਰੀ ਰਹਿਣੀ ਚਾਹੀਦੀ ਹੈ ਅਤੇ ਲੋਕਾਂ ਨੂੰ ਨਸ਼ੇ ਖਿਲਾਫ ਅਵਾਜ਼ ਹੀ ਨਹੀਂ ਉੋਠਾਉਣੀ ਚਾਹੀਦੀ ਸਗੋਂ ਨਸ਼ਾ ਸਮੱਗਲਰਾਂ ਨੂੰ ਪੁਲਿਸ ਦੇ ਹਵਾਲੇ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ ਦੋਸ਼ ਸਾਬਤ ਹੋਏ ਤਾਂ ਉਨ੍ਹਾਂ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ।
ਖੁੱਲ੍ਹ ਕੇ ਬੋਲੇ ਨਵਜੋਤ ਸਿੰਘ ਸਿੱਧੂ : ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਖੁੱਲ੍ਹ ਕੇ ਕਿਹਾ ਕਿ ਲੋਕਾਂ ਵਿਚ ਇਹ ਸੰਦੇਸ਼ ਜਾ ਰਿਹਾ ਹੈ ਕਿ ਨਸ਼ੇ ਨੂੰ ਖਤਮ ਕਰਨ ਵਿਚ ਸਰਕਾਰ ਸਫਲ ਨਹੀਂ ਹੋ ਰਹੀ। ਉਨ੍ਹਾਂ ਨਸ਼ਿਆਂ ਵਿਚ ਪੁਲਿਸ ਮੁਲਾਜ਼ਮਾਂ ਦੇ ਸ਼ਾਮਲ ਹੋਣ ਸਬੰਧੀ ਆ ਰਹੀਆਂ ਰਿਪੋਰਟਾਂ ਦਾ ਵੀ ਜ਼ਿਕਰ ਕੀਤਾ ਤੇ ਦੋਸ਼ੀ ਪੁਲਿਸ ਮੁਲਾਜ਼ਮਾਂ ਵਿਰੁੱਧ ਸਖਤ ਕਾਰਵਾਈ ਕਰਨ ਦਾ ਵੀ ਮੁੱਦਾ ਉਠਾਇਆ।
ਸਪੈਸ਼ਲ ਵਰਕਿੰਗ ਗਰੁੱਪ ‘ਚ ਇਹ ਹੋਣਗੇ ਮੈਂਬਰ : ਸਪੈਸ਼ਲ ਵਰਕਿੰਗ ਗਰੁੱਪ ਵਿਚ ਵਧੀਕ ਚੀਫ ਸਕੱਤਰ (ਸਿਹਤ) ਸਤੀਸ਼ ਚੰਦਰਾ, ਡੀਜੀਪੀ (ਅਮਨ ਤੇ ਕਾਨੂੰਨ) ਈਸ਼ਵਰ ਸਿੰਘ, ਡੀਜੀਪੀ (ਇੰਟੈਲੀਜੈਂਸ) ਦਿਨਕਰ ਗੁਪਤਾ ਤੇ ਏਡੀਜੀਪੀ (ਐਸਟੀਐਫ) ਐਚਐਸ ਸਿੱਧੂ ਮੈਂਬਰ ਹੋਣਗੇ। ਜਦਕਿ ਗ੍ਰਹਿ ਸਕੱਤਰ ਐਨਐਸ ਕਲਸੀ ਇਸ ਦੇ ਚੇਅਰਮੈਨ ਹੋਣਗੇ।
ਗ੍ਰਿਫਤਾਰੀ ਨਾਲ ਹੀ ਸਹੀ ਸੰਦੇਸ਼ ਜਾਵੇਗਾ : ਜਾਖੜ : ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸਪੱਸ਼ਟ ਰੂਪ ਵਿਚ ਕਿਹਾ ਹੈ ਕਿ ਜਦੋਂ ਤੱਕ ਸਰਕਾਰ ਵੱਡੇ ਡਰੱਗ ਪੈਡਲਰਾਂ ਨੂੰ ਗ੍ਰਿਫਤਾਰ ਨਹੀਂ ਕਰਦੀ ਉਦੋਂ ਤੱਕ ਲੋਕਾਂ ਨੂੰ ਸਹੀ ਸੰਦੇਸ਼ ਨਹੀਂ ਜਾਵੇਗਾ। ਉਨ੍ਹਾਂ ਨੇ ਇਸ ਲਈ ਦੋਸ਼ੀ ਅਧਿਕਾਰੀਆਂ ਸਮੇਤ ਸਿਆਸੀ ਲੋਕਾਂ ‘ਤੇ ਵੀ ਕਾਰਵਾਈ ਕਰਨ ਦਾ ਮੁੱਦਾ ਉਠਾਇਆ।
ਮੌਤ ਦੀ ਸਜ਼ਾ ਹੱਲ ਨਹੀਂ : ਨਵਕਿਰਨ ਸਿੰਘ : ਮਨੁੱਖੀ ਅਧਿਕਾਰਾਂ ਦੀ ਲੜਾਈ ਲੜਨ ਵਾਲੇ ਹਾਈਕੋਰਟ ਦੇ ਉਘੇ ਵਕੀਲ ਨਵਕਿਰਨ ਸਿੰਘ ਨੇ ਕਿਹਾ ਕਿ ਮੌਤ ਦੀ ਸਜ਼ਾ ਸਮੱਸਿਆ ਦਾ ਹੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੇ ਗੰਭੀਰ ਮੁੱਦੇ ‘ਤੇ ਸਰਕਾਰ ਗੰਭੀਰ ਨਹੀਂ ਦਿਸ ਰਹੀ ਅਤੇ ਹੁਣ ਤੱਕ ਸਾਰੀਆਂ ਸਿਆਸੀ ਪਾਰਟੀਆਂ ਅਤੇ ਹੋਰ ਮਾਹਿਰਾਂ ਦੀ ਰਾਏ ਲੈਣ ਲਈ ਸਰਬ ਪਾਰਟੀ ਮੀਟਿੰਗ ਤੱਕ ਨਹੀਂ ਬੁਲਾਈ ਗਈ ਤਾਂ ਜੋ ਵੱਖ-ਵੱਖ ਪਾਰਟੀਆਂ ਇਸ ਸਮੱਸਿਆ ਦੇ ਹੱਲ ਲਈ ਆਪਣੇ ਸੁਝਾਅ ਦੇ ਸਕਣ। ਉਨ੍ਹਾਂ ਕਿਹਾ ਕਿ 142 ਦੇਸ਼ ਪਹਿਲਾਂ ਹੀ ਮੌਤ ਦੀ ਸਜ਼ਾ ਨੂੰ ਰੱਦ ਕਰ ਚੁੱਕੇ ਹਨ।
Check Also
‘ਆਪ’ ਵਿਧਾਇਕ ਰਮਨ ਅਰੋੜਾ ਨੂੰ ਵਿਜੀਲੈਂਸ ਨੇ ਅਦਾਲਤ ’ਚ ਕੀਤਾ ਪੇਸ਼
ਅਦਾਲਤ ਨੇ ਵਿਧਾਇਕ ਨੇ ਪੰਜ ਦਿਨ ਦੇ ਰਿਮਾਂਡ ’ਤੇ ਭੇਜਿਆ ਜਲੰਧਰ/ਬਿਊਰੋ ਨਿਊਜ਼ : ‘ਆਪ’ ਵਿਧਾਇਕ …