Breaking News
Home / ਪੰਜਾਬ / ਨਸ਼ਿਆਂ ਦੀ ਦਲਦਲ ‘ਚ ਔਰਤਾਂ ਵੀ ਫਸੀਆਂ

ਨਸ਼ਿਆਂ ਦੀ ਦਲਦਲ ‘ਚ ਔਰਤਾਂ ਵੀ ਫਸੀਆਂ

ਨਸ਼ਾ ਛੁਡਾਊ ਕੇਂਦਰਾਂ ‘ਚ ਔਰਤਾਂ ਦੀ ਗਿਣਤੀ ਲੱਗੀ ਵਧਣ
ਬਠਿੰਡਾ/ਬਿਊਰੋ ਨਿਊਜ਼ : ਪੰਜਾਬ ਵਿੱਚ ਜਿੱਥੇ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਫਸ ਰਹੇ ਹਨ, ਉਥੇ ਔਰਤਾਂ ਵੀ ਨਸ਼ਿਆਂ ਦਾ ਸ਼ਿਕਾਰ ਹੋ ਰਹੀਆਂ ਹਨ। ਨਸ਼ਾ ਛੁਡਾਊ ਕੇਂਦਰਾਂ ਵਿੱਚ ਹੁਣ ਔਰਤਾਂ ਦੀ ਗਿਣਤੀ ਵਧ ਰਹੀ ਹੈ। ਤਖ਼ਤ ਦਮਦਮਾ ਸਾਹਿਬ ਵਿਖੇ ਚੱਲਦੇ ਨਸ਼ਾ ਛੁਡਾਊ ਕੇਂਦਰ ਵਿੱਚ ਬਾਕੀ ਕੇਂਦਰਾਂ ਦੇ ਮੁਕਾਬਲੇ ਜ਼ਿਆਦਾ ਔਰਤਾਂ ਜਾਂ ਲੜਕੀਆਂ ਹੁਣ ਤੱਕ ਨਸ਼ਾ ਛੱਡਣ ਲਈ ਆਈਆਂ ਹਨ। ਆਰਟੀਆਈ ਤਹਿਤ ਪ੍ਰਾਪਤ ਵੇਰਵਿਆਂ ਅਨੁਸਾਰ 2012-13 ਤੋਂ 2017-18 ਤੱਕ ਨਸ਼ਾ ਛੁਡਾਊ ਕੇਂਦਰ ਦੀ ਓਪੀਡੀ ਵਿੱਚ 6674 ਔਰਤਾਂ ਆਈਆਂ। ਇਨ੍ਹਾਂ ਛੇ ਵਰ੍ਹਿਆਂ ਵਿੱਚ ਨਸ਼ਾ ਛੱਡਣ ਲਈ 198 ਔਰਤਾਂ ਦਾਖ਼ਲ ਹੋਈਆਂ। ਤਲਵੰਡੀ ਸਾਬੋ ਦੇ ਇਸ ਕੇਂਦਰ ਵਿੱਚ 2012-13 ਵਿੱਚ 2761 ਅਤੇ 2014-15 ਵਿੱਚ 2274 ਔਰਤਾਂ ਓਪੀਡੀ ਵਿੱਚ ਆਈਆਂ, ਜਦੋਂਕਿ ਇਨ੍ਹਾਂ ਦੋਵਾਂ ਵਰ੍ਹਿਆਂ ਵਿੱਚ 67 ਔਰਤਾਂ ਨਸ਼ਾ ਛੱਡਣ ਲਈ ਦਾਖ਼ਲ ਹੋਈਆਂ। ਸਰਕਾਰੀ ਤੱਥ ਹਨ ਕਿ ਬਠਿੰਡਾ ਦੇ ਸਿਵਲ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਵਿੱਚ ਲੰਘੇ ਢਾਈ ਵਰ੍ਹਿਆਂ ਵਿੱਚ 190 ਔਰਤਾਂ ਨਸ਼ਾ ਛੱਡਣ ਵਾਸਤੇ ਓਪੀਡੀ ਵਿੱਚ ਪੁੱਜੀਆਂ, ਜਦੋਂਕਿ 37 ਔਰਤਾਂ ਨਸ਼ਾ ਛੱਡਣ ਲਈ ਨਸ਼ਾ ਛੁਡਾਊ ਕੇਂਦਰ ਵਿੱਚ ਦਾਖ਼ਲ ਹੋਈਆਂ। ਡਾ. ਅਰੁਣ ਬਾਂਸਲ ਨੇ ਦੱਸਿਆ ਕਿ ਪ੍ਰਤੀ ਮਹੀਨਾ ਅੱਠ ਕੁ ਔਰਤਾਂ ਨਸ਼ਾ ਛੱਡਣ ਵਾਸਤੇ ਪੁੱਜ ਰਹੀਆਂ ਹਨ। ਸੂਤਰਾਂ ਅਨੁਸਾਰ ਬਠਿੰਡਾ ਦੇ ਇੱਕ ਪਿੰਡ ਦੀ 20 ਵਰ੍ਹਿਆਂ ਦੀ ਲੜਕੀ ਆਪਣੇ ਦੋਸਤ ਲੜਕੇ ਦੀ ਸੰਗਤ ਵਿੱਚ ਚਿੱਟਾ ਲੈਣ ਲੱਗ ਪਈ ਸੀ। ਮਾਪਿਆਂ ਨੇ ਲੜਕੀ ਨੂੰ ਬੇਦਖ਼ਲ ਕਰ ਦਿੱਤਾ। ਜਦੋਂ ਉਹ ਗਰਭਵਤੀ ਹੋ ਗਈ ਤਾਂ ਲੜਕਾ ਫ਼ਰਾਰ ਹੋ ਗਿਆ ਤੇ ਪੁਲਿਸ ਨੇ ਲੜਕੀ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਾਇਆ।
ਇੱਕ ਪਤੀ-ਪਤਨੀ ਵੀ ‘ਚਿੱਟਾ’ ਛੱਡਣ ਲਈ ਹਸਪਤਾਲ ਆਏ ਹਨ। ਦੋ ਦਿਨ ਪਹਿਲਾਂ ਬਠਿੰਡਾ ਸ਼ਹਿਰ ਦੀਆਂ ਤਿੰਨ ਕੁੜੀਆਂ ਨੇ ‘ਚਿੱਟਾ’ ਛੱਡਣ ਲਈ ਹਸਪਤਾਲ ਤੱਕ ਪਹੁੰਚ ਕੀਤੀ ਹੈ। ਬਠਿੰਡਾ ਦੇ ਮੁਲਤਾਨੀਆ ਰੋਡ ਦੀ ਇੱਕ ਚੰਗੇ ਘਰ ਦੀ ਲੜਕੀ ਨੂੰ ਉਸ ਦੇ ਦੋਸਤ ਨੇ ‘ਚਿੱਟੇ’ ਦੀ ਲਤ ਲਾ ਦਿੱਤੀ। ਜਲੰਧਰ ਪੜ੍ਹ ਕੇ ਆਈ ਬਠਿੰਡਾ ਦੀ ਇੱਕ ਲੜਕੀ ਵੀ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਕਰਾ ਰਹੀ ਹੈ। ਫ਼ਾਜ਼ਿਲਕਾ ਦੇ ਨਸ਼ਾ ਛੁਡਾਊ ਕੇਂਦਰ ਵਿੱਚ ਸਾਲ 2017 ਵਿੱਚ ਤਿੰਨ ਔਰਤਾਂ ਨੇ ਭਰਤੀ ਹੋ ਕੇ ਅਤੇ ਤਿੰਨ ਔਰਤਾਂ ਨੇ ਰੈਗੂਲਰ ਦਵਾਈ ਲੈ ਕੇ ਨਸ਼ਾ ਛੱਡਿਆ। ਫ਼ਾਜ਼ਿਲਕਾ ਦੇ ਨਵੇਂ ਸਰਕਾਰੀ ਕਲੀਨਿਕ ‘ਤੇ ਦੋ ਔਰਤਾਂ ਨਸ਼ਾ ਛੱਡਣ ਦੀ ਦਵਾਈ ਲੈ ਰਹੀਆਂ ਹਨ। ਬਰਨਾਲਾ ਦੇ ਨਸ਼ਾ ਛੁਡਾਊ ਕੇਂਦਰ ਵਿੱਚ ਲੰਘੇ ਚਾਰ ਵਰ੍ਹਿਆਂ ਵਿੱਚ 61246 ਮਰੀਜ਼ ਨਸ਼ਾ ਛੱਡਣ ਲਈ ਪੁੱਜੇ ਹਨ। ਲੰਘੇ ਇੱਕ ਵਰ੍ਹੇ ਦੌਰਾਨ ਦੋ ਔਰਤਾਂ ਵੀ ਪੁੱਜੀਆਂ ਹਨ। ਡਾ. ਪ੍ਰਵੇਸ਼ ਨੇ ਦੱਸਿਆ ਕਿ ਸੌ ਮਰੀਜ਼ਾਂ ਪਿੱਛੇ ਇੱਕ ਔਰਤ ਨਸ਼ਾ ਛੱਡਣ ਵਾਸਤੇ ਆ ਰਹੀ ਹੈ। ਫ਼ਤਿਹਗੜ੍ਹ ਸਾਹਿਬ ਦੇ ਨਸ਼ਾ ਛੁਡਾਊ ਕੇਂਦਰ ਵਿੱਚ ਚਾਰ ਵਰ੍ਹਿਆਂ ਵਿੱਚ ਇਲਾਜ ਲਈ ਚਾਰ ਔਰਤਾਂ ਭਰਤੀ ਹੋਈਆਂ, ਜਦੋਂਕਿ ਚਾਰ ਨੇ ਓਪੀਡੀ ਵਿੱਚ ਦਵਾਈ ਲਈ। ਡਾਕਟਰ ਦੱਸਦੇ ਹਨ ਕਿ ਆਰਕੈਸਟਰਾ ਵਾਲੀਆਂ ਲੜਕੀਆਂ ਸਭ ਤੋਂ ਵੱਧ ਨਸ਼ਿਆਂ ਦਾ ਸ਼ਿਕਾਰ ਹੋ ਰਹੀਆਂ ਹਨ। ਡਾ. ਨਿਧੀ ਗੁਪਤਾ ਬਠਿੰਡਾ ਦਾ ਕਹਿਣਾ ਸੀ ਕਿ ਵੱਡੀ ਗਿਣਤੀ ਵਿੱਚ ਔਰਤਾਂ ਪਛਾਣ ਜਨਤਕ ਹੋਣ ਡਰੋਂ ਹਸਪਤਾਲਾਂ ਵਿੱਚ ਪੁੱਜਦੀਆਂ ਹੀ ਨਹੀਂ ਹਨ। ਹੁਸ਼ਿਆਰਪੁਰ ਦੇ ਕੇਂਦਰ ਵਿੱਚ ਇਸ ਵੇਲੇ ਪੰਜ ਲੜਕੀਆਂ ਨਸ਼ਾ ਛੱਡਣ ਲਈ ਜੂਝ ਰਹੀਆਂ ਹਨ। ਡਾ. ਰਾਜ ਕੁਮਾਰ ਨੇ ਦੱਸਿਆ ਕਿ ਇੱਕ ਗਰਭਵਤੀ ਮਹਿਲਾ ਦਾ ਵੀ ਇਲਾਜ ਚੱਲ ਰਿਹਾ ਸੀ। ਗੁਰਦਾਸਪੁਰ ਦੇ ਕੇਂਦਰ ਵਿੱਚ ਚਾਰ ਔਰਤਾਂ ਨਸ਼ਾ ਛੱਡਣ ਵਾਸਤੇ ਆਈਆਂ ਸਨ। ਡਾ. ਵਰਿੰਦਰ ਮੋਹਨ ਨੇ ਦੱਸਿਆ ਕਿ ਨਵੇਂ ਓ.ਓ.ਏ.ਟੀ ਸੈਂਟਰ ਵਿੱਚ ਰੋਜ਼ਾਨਾ 200 ਮਰੀਜ਼ ਆ ਰਹੇ ਹਨ। ਇੱਥੇ ਦੋ ਔਰਤਾਂ ਸ਼ਰਾਬ ਛੱਡਣ ਵਾਸਤੇ ਪੁੱਜੀਆਂ ਸਨ।
ਇਸ ਦੌਰਾਨ ਸਿਟੀਜ਼ਨ ਫਾਰ ਪੀਸ ਐਂਡ ਜਸਟਿਸ ਦੀ ਆਗੂ ਡਾ. ਨੀਤੂ ਅਰੋੜਾ ਦਾ ਪ੍ਰਤੀਕਰਮ ਸੀ ਕਿ ਪੂੰਜੀਵਾਦ ਹੀ ਇਹ ਰੰਗ ਦਿਖਾ ਰਿਹਾ ਹੈ, ਜੋ ਮਹਿਲਾ ਨੂੰ ਅਜ਼ਾਦੀ ਤਾਂ ਦਿੰਦਾ ਹੈ, ਪਰ ਚੇਤਨ ਪੱਧਰ ‘ਤੇ ਵਿਕਾਸ ਤੋਂ ਊਣਾ ਰੱਖਦਾ ਹੈ। ਸਮਾਜ ਵਿੱਚ ਵਧ ਰਿਹਾ ਤਣਾਅ ਅਤੇ ਨਸ਼ਿਆਂ ਦਾ ਪਸਾਰਾ ਵੀ ਔਰਤਾਂ ਨੂੰ ਬਰਾਬਰ ਸੱਟ ਮਾਰ ਰਿਹਾ ਹੈ।

Check Also

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਦਾ ਨਤੀਜਾ ਐਲਾਨਿਆ

ਲੁਧਿਆਣਾ ਦੀ ਆਦਿੱਤੀ ਨੇ 100% ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਮੁਹਾਲੀ/ਬਿਊਰੋ ਨਿਊਜ਼ ਪੰਜਾਬ …