Breaking News
Home / ਪੰਜਾਬ / ਅੰਮ੍ਰਿਤਸਰ ‘ਚ ਕਾਂਗਰਸੀ ਕੌਂਸਲਰ ਗੁਰਦੀਪ ਪਹਿਲਵਾਨ ਦੀ ਗੋਲੀਆਂ ਮਾਰ ਕੇ ਹੱਤਿਆ

ਅੰਮ੍ਰਿਤਸਰ ‘ਚ ਕਾਂਗਰਸੀ ਕੌਂਸਲਰ ਗੁਰਦੀਪ ਪਹਿਲਵਾਨ ਦੀ ਗੋਲੀਆਂ ਮਾਰ ਕੇ ਹੱਤਿਆ

ਕੌਂਸਲਰ ਦੀ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਸੀ ਪੁਰਾਣੀ ਦੁਸ਼ਮਣੀ
ਅੰਮ੍ਰਿਤਸਰ/ਬਿਊਰੋ ਨਿਊਜ਼ : ਕਾਂਗਰਸੀ ਕੌਂਸਲਰ ਗੁਰਦੀਪ ਪਹਿਲਵਾਨ (40) ਨੂੰ ਸ਼ਨੀਵਾਰ ਸ਼ਾਮ ਵੇਲੇ ਤਿੰਨ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਜਦੋਂ ਉਹ ਇਥੇ ਗੋਲਬਾਗ ਨੇੜੇ ਇਕ ਅਖਾੜੇ ਵਿਚ ਅਭਿਆਸ ਕਰਨ ਮਗਰੋਂ ਨਹਾ ਰਿਹਾ ਸੀ। ਉਸ ਨੂੰ ਤੁਰੰਤ ਜ਼ਖਮੀ ਹਾਲਤ ਵਿਚ ਇਕ ਨਿੱਜੀ ਹਸਪਤਾਲ ਵਿਚ ਲੈ ਜਾਇਆ ਗਿਆ, ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਮਿਲੇ ਵੇਰਵਿਆਂ ਮੁਤਾਬਕ ਗੁਰਦੀਪ ਪਹਿਲਵਾਨ ਲਗਪਗ ਰੋਜ਼ ਹੀ ਸ਼ਾਮ ਸਮੇਂ ਇਥੇ ਅਖਾੜੇ ਵਿਚ ਅਭਿਆਸ ਲਈ ਆਉਂਦਾ ਸੀ। ਇਸ ਸਮੇਂ ਵੀ ਉਹ ਆਪਣੇ ਸਾਥੀਆਂ ਨਾਲ ਅਖਾੜੇ ਆਇਆ ਸੀ। ਉਸ ਨਾਲ ਉਸ ਦਾ ਅੰਗ ਰੱਖਿਅਕ ਵੀ ਸੀ ਪਰ ਜਦੋਂ ਇਹ ਘਟਨਾ ਵਾਪਰੀ, ਉਸ ਵੇਲੇ ਅੰਗ ਰੱਖਿਅਕ ਇਕ ਕਮਰੇ ਵਿਚ ਸੀ। ਉਹ ਅਭਿਆਸ ਕਰਨ ਮਗਰੋਂ ਅਖਾੜੇ ਵਿਚ ਹੀ ਨਹਾਉਣ ਵਾਸਤੇ ਚਲਾ ਗਿਆ। ਇਸ ਦੌਰਾਨ ਤਿੰਨ ਵਿਅਕਤੀ ਜਿਨ੍ਹਾਂ ਨੇ ਮੂੰਹ ਢੱਕੇ ਹੋਏ ਸਨ, ਉਥੇ ਆਏ ਅਤੇ ਗੁਰਦੀਪ ਪਹਿਲਵਾਨ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਥੇ ਦੱਸਣਯੋਗ ਹੈ ਕਿ ਸ਼ਹਿਰ ਵਿਚ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਸੁਰੇਸ਼ ਅਰੋੜਾ ਵੀ ਪੁੱਜੇ ਹੋਏ ਸਨ, ਜਿਨ੍ਹਾਂ ਨੇ ਸਾਕਾ ਨੀਲਾ ਤਾਰਾ ਬਰਸੀ ਸਮਾਗਮ ਸਬੰਧ ਵਿਚ ਸ਼ਹਿਰ ਵਿਚ ਸੁਰਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਸਾਕਾ ਨੀਲਾ ਤਾਰਾ ਬਰਸੀ ਹਫਤੇ ਕਾਰਨ ਸ਼ਹਿਰ ਵਿਚ ਪਹਿਲਾਂ ਹੀ ਵੱਖ-ਵੱਖ ਥਾਵਾਂ ‘ਤੇ ਨੀਮ ਫੌਜੀ ਦਸਤੇ ਤੈਨਾਤ ਕੀਤੇ ਹੋਏ ਹਨ। ਪੁਲਿਸ ਕਮਿਸ਼ਨਰ ਐਸਐਸ ਸ੍ਰੀਵਾਸਤਵ ਨੇ ਦਸਿਆ ਕਿ ਮੁਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਗੁਰਦੀਪ ਪਹਿਲਵਾਨ ਨੂੰ ਦੋ ਜਾਂ 3 ਗੋਲੀਆਂ ਲੱਗੀਆਂ ਹਨ। ਪੁਲਿਸ ਵਲੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਪ੍ਰਾਪਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ।ਇਹ ਵੀ ਚਰਚਾ ਹੈ ਕਿ ਇਸ ਕਾਂਗਰਸੀ ਕੌਂਸਲਰ ਦੀ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਵੀ ਪੁਰਾਣੀ ਦੁਸ਼ਮਣੀ ਹੈ। ਉਸ ਵਲੋਂ ਜੱਗੂ ਖਿਲਾਫ ਥਾਣਾ ਕੋਤਵਾਲੀ ਵਿਚ ਸ਼ਿਕਾਇਤ ਵੀ ਦਰਜ ਕਰਾਈ ਗਈ ਸੀ ਅਤੇ ਕੌਂਸਲਰ ਨੂੰ ਵਧੇਰੇ ਪੁਲਿਸ ਸੁਰੱਖਿਆ ਵੀ ਮੁਹੱਈਆ ਕੀਤੀ ਗਈ ਸੀ। ਪੁਲਿਸ ਕਮਿਸ਼ਨਰ ਨੇ ਆਖਿਆ ਕਿ ਪੁਲਿਸ ਇਸ ਦ੍ਰਿਸ਼ਟੀਕੋਣ ਤੋਂ ਵੀ ਜਾਂਚ ਕਰੇਗੀ। ਇਸ ਦੌਰਾਨ ਹਸਪਤਾਲ ਪੁੱਜੇ ਸਿਖਿਆ ਮੰਤਰੀ ਓਪੀ ਸੋਨੀ ਨੇ ਆਖਿਆ ਕਿ ਦਿਨ ਦਿਹਾੜੇ ਇਕ ਕਾਂਗਰਸੀ ਕੌਂਸਲਰ ਨੂੰ ਗੋਲੀਆਂ ਮਾਰ ਕੇ ਹਲਾਕ ਕਰਨਾ ਇਕ ਚੁਣੌਤੀ ਵਾਂਗ ਹੈ। ਇਹ ਅਮਨ ਅਤੇ ਕਾਨੂੰਨ ਦੀ ਵਿਵਸਥਾ ਦਾ ਮਾਮਲਾ ਹੈ। ਕਾਂਗਰਸੀ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਆਖਿਆ ਕਿ ਇਹ ਘਟਨਾ ਪੰਜਾਬ ਪੁਲਿਸ ਲਈ ਨਮੋਸ਼ੀ ਵਾਲੀ ਹੈ। ਉਹ ਇਹ ਮਾਮਲਾ ਮੁਖ ਮੰਤਰੀ ਕੋਲ ਰਖਣਗੇ। ਉਨ੍ਹਾਂ ਦਸਿਆ ਕਿ ਕਾਂਗਰਸੀ ਕੌਂਸਲਰ ਨੂੰ ਗੈਂਗਸਟਰਾਂ ਕੋਲੋਂ ਧਮਕੀਆਂ ਮਿਲ ਰਹੀਆਂ ਸਨ ਅਤੇ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਵੀ ਸੀ। ਕੌਂਸਲਰ ਦੀ ਮ੍ਰਿਤਕ ਦੇਹ ਦਾ ਐਤਵਾਰ ਨੂੰ ਸਸਕਾਰ ਕਰ ਦਿੱਤਾ ਗਿਆ। ਸਸਕਾਰ ਮੌਕੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਓ ਪੀ ਸੋਨੀ ਅਤੇ ਹੋਰ ਕਾਂਗਰਸ ਆਗੂ ਤੇ ਸਮਰਥਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਕਾਂਗਰਸੀ ਕੌਂਸਲਰ ਗੁਰਦੀਪ ਸਿੰਘ ਪਹਿਲਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਗੈਂਗਸਟਰਾਂ ਸਮੇਤ 8 ਨੂੰ ਨਾਮਜ਼ਦ ਕੀਤਾ ਹੈ। ਨਾਮਜ਼ਦ ਕੀਤੇ ਗਏ ਵਿਅਕਤੀਆਂ ਵਿਚ ਕਰਨ ਮਸਤੀ, ਸੋਨੂੰ ਮੋਟਾ, ਅਰੁਣ ਚੂੜੀਮਾਰ, ਰਿੰਕਾ, ਅੰਗਰੇਜ਼, ਜੱਗੂ ਭਗਵਾਨਪੁਰੀਆ, ਸੋਨੂੰ ਕੰਗਲਾ ਅਤੇ ਬੌਬੀ ਮਲਹੋਤਰਾ ਸ਼ਾਮਲ ਹਨ।

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …