ਭ੍ਰਿਸ਼ਟਚਾਰ ਖਿਲਾਫ ਸਖਤ ਕਾਰਵਾਈ ਦੀ ਕੀਤੀ ਹਦਾਇਤ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਦੀ ਪਹਿਲੀ ਬੈਠਕ ਵਿਚ ਲਏ ਗਏ ਮਹੱਤਵਪੂਰਨ ਫੈਸਲਿਆਂ ਵਾਂਗ ਹੀ ਡਿਪਟੀ ਕਮਿਸ਼ਨਰਾਂ ਤੇ ਐੱਸ. ਐੱਸ. ਪੀਜ਼ ਦੀ ਪਹਿਲੀ ਬੈਠਕ ਵਿਚ ਵੀ ਆਪਣੀ ਸਰਕਾਰ ਦੀਆਂ ਤਰਜੀਹਾਂ ਦੱਸਦਿਆਂ ਇਨ੍ਹਾਂ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਹਨ। ਭ੍ਰਿਸ਼ਟਾਚਾਰ ਖਿਲਾਫ ਕਰੜੀ ਕਾਰਵਾਈ ਦਾ ਸੰਕਲਪ ਦੁਹਰਾਉਂਦਿਆਂ ਕੈਪਟਨ ਨੇ ਹਦਾਇਤ ਦਿੱਤੀ ਹੈ ਕਿ ਅਜਿਹੇ ਮਾਮਲਿਆਂ ਵਿਚ ਲੰਬਿਤ ਸਾਰੇ ਮਾਮਲਿਆਂ ਦੇ ਚਲਾਨ 3 ਦਿਨ ਵਿਚ ਪੇਸ਼ ਕੀਤੇ ਜਾਣ। ਬੇਲੋੜੀ ਸੁਰੱਖਿਆ ਵਿਚ ਲੱਗੇ ਪੁਲਿਸ ਕਰਮਚਾਰੀਆਂ ਨੂੰ ਵਾਪਸ ਬੁਲਾ ਕੇ ਤੁਰੰਤ ਆਮ ਡਿਊਟੀ ‘ਤੇ ਥਾਣਿਆਂ ਵਿਚ ਲਾਉਣ ਦਾ ਵੀ ਉਨ੍ਹਾਂ ਵਿਸ਼ੇਸ਼ ਨਿਰਦੇਸ਼ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸ ਸਬੰਧ ਵਿਚ ਕੈਪਟਨ ਨੇ ਸੁਰੱਖਿਆ ਦੀ ਸਮੀਖਿਆ ਲਈ ਪਹਿਲਾਂ ਹੀ ਕਮੇਟੀ ਗਠਿਤ ਕੀਤੀ ਹੋਈ ਹੈ, ਜੋ 24 ਮਾਰਚ ਤਕ ਆਪਣੀ ਰਿਪੋਰਟ ਦੇਵੇਗੀ।ઠ
ਉਨ੍ਹਾਂ ਨੇ ਅਧਿਕਾਰੀਆਂ ਨੂੰ ਕਾਨੂੰਨ ਦਾ ਰਾਜ ਸਥਾਪਿਤ ਕਰਨ ਦੀ ਨਸੀਹਤ ਦੇਣ ਦੇ ਨਾਲ-ਨਾਲ ਉੱਚ ਅਧਿਕਾਰੀਆਂ ਦੇ ਨਾਲ ਦੂਜੇ ਸਾਰੇ ਅਧਿਕਾਰੀਆਂ ਨੂੰ ਆਪਣੇ ਦਫਤਰ ਵਿਚ ਹਾਜ਼ਰ ਰਹਿਣ ਅਤੇ ਆਮ ਲੋਕਾਂ ਨਾਲ ਚੰਗਾ ਵਰਤਾਓ ਕਰਨ ‘ਤੇ ਜ਼ੋਰ ਦਿੱਤਾ ਹੈ। ਵਿਸ਼ੇਸ਼ ਤੌਰ ‘ਤੇ ਉਨ੍ਹਾਂ ਪਹਿਲੀ ਕੈਬਨਿਟ ਵਿਚ ਲਏ ਗਏ ਫੈਸਲਿਆਂ ਨੂੰ ਪੂਰੀ ਸੰਜੀਦਗੀ ਨਾਲ ਨਿਰਧਾਰਤ ਸਮੇਂ ਵਿਚ ਲਾਗੂ ਕਰਨ ਦਾ ਵੀ ਫਰਮਾਨ ਸੁਣਾਇਆ। ਜ਼ਿਕਰਯੋਗ ਹੈ ਕਿ ਬੈਠਕ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਕੰਮ ਕਰਨ ਦੀ ਖੁੱਲ੍ਹੀ ਛੋਟ ਹੋਵੇਗੀ ਪਰ ਨਾਲ ਹੀ ਜਵਾਬਦੇਹੀ ਵੀ ਤੈਅ ਹੋਵੇਗੀ।
ਮੁੱਖ ਮੰਤਰੀ ਨੇ ਡਵੀਜ਼ਨਲ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ, ਪੁਲਿਸ ਕਮਿਸ਼ਨਰਾਂ ਅਤੇ ਪੁਲਿਸ ਮੁਖੀਆਂ ਨੂੰ ਪੁਲਿਸ ਸਟੇਸ਼ਨਾਂ ਦੀਆਂ ਹੱਦਾਂ ਤੁਰੰਤ ਤਰਕਸੰਗਤ ਬਣਾਉਣ ਲਈ ਕੰਮ ਕਰਨ ਅਤੇ ਇਸ ਸੰਬੰਧੀ ਪ੍ਰਸਤਾਵ 2 ਹਫਤਿਆਂ ਅੰਦਰ ਗ੍ਰਹਿ ਵਿਭਾਗ ਨੂੰ ਭੇਜਣ ਲਈ ਕਿਹਾ ਹੈ। ਹਲਕਾ ਇੰਚਾਰਜ ਪ੍ਰਣਾਲੀ ਤੁਰੰਤ ਖਤਮ ਕਰਨ ਦੇ ਨਿਰਦੇਸ਼ ਦਿੰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਦੀ ਕਾਰਜ-ਕੁਸ਼ਲਤਾ ਨੂੰ ਵਧਾਉਣ ਲਈ ਪੁਲਿਸ ਥਾਣਿਆਂ ਤੇ ਸਬ-ਡਵੀਜ਼ਨਾਂ ਦੇ ਖੇਤਰਾਂ ਨੂੰ ਮੁੜ ਢਾਂਚਾਗਤ ਕਰਨ ਦਾ ਫੈਸਲਾ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਕਰਮਚਾਰੀਆਂ ਦੇ ਕੰਮ ਦੇ ਘੰਟੇ ਨਿਰਧਾਰਤ ਕਰਨ ਲਈ ਵੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਉਨ੍ਹਾਂ ਸਪੱਸ਼ਟ ਕੀਤਾ ਕਿ ਰੁਜ਼ਗਾਰ, ਪ੍ਰਸ਼ਾਸਨਿਕ, ਪੁਲਿਸ ਥਾਣਿਆਂ, ਪੁਲਿਸ ਜਾਂਚ ਅਤੇ ਟ੍ਰੈਫਿਕ ਆਵਾਜਾਈ ਨੂੰ ਲਾਗੂ ਕਰਨ ਸਬੰਧੀ ਕੰਮਾਂ ਵਿਚ ਕਿਸੇ ਵੀ ਕਿਸਮ ਦਾ ਕੋਈ ਦਖਲ ਨਹੀਂ ਹੋਵੇਗਾ।
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …