Breaking News
Home / ਪੰਜਾਬ / ਕਰਤਾਰਪੁਰ ਲਾਂਘੇ ਦੇ ਵਿਕਾਸ ਲਈ ਪਾਕਿਸਤਾਨ ‘ਚ ਰਫਤਾਰ ਮੱਠੀ

ਕਰਤਾਰਪੁਰ ਲਾਂਘੇ ਦੇ ਵਿਕਾਸ ਲਈ ਪਾਕਿਸਤਾਨ ‘ਚ ਰਫਤਾਰ ਮੱਠੀ

ਕਰਤਾਰਪੁਰ ਲਾਂਘੇ ਬਾਰੇ ਵਚਨ ‘ਤੇ ਕਾਇਮ ਰਹੇ ਪਾਕਿ: ਕੈਪਟਨ ਅਮਰਿੰਦਰ
ਚੰਡੀਗੜ੍ਹ/ਬਿਊਰੋ ਨਿਊਜ਼ : ਕਰਤਾਰਪੁਰ ਲਾਂਘੇ ਦੇ ਵਿਕਾਸ ਲਈ ਪਾਕਿਸਤਾਨ ਵਿੱਚ ਗਤੀਵਿਧੀਆਂ ਦੀ ਰਫ਼ਤਾਰ ਮੱਠੀ ਹੋਣ ‘ਤੇ ਚਿੰਤਾ ਜ਼ਾਹਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਆਂਢੀ ਮੁਲਕ ਨੂੰ ਇਸ ਅਹਿਮ ਪ੍ਰਾਜੈਕਟ ‘ਤੇ ਆਪਣੀ ਵਚਨਬੱਧਤਾ ਤੋਂ ਪਿੱਛੇ ਨਾ ਹਟਣ ਦੀ ਅਪੀਲ ਕੀਤੀ ਹੈ ਜਿਸ ਦੀ ਸਿੱਖਾਂ ਲਈ ਧਾਰਮਿਕ ਤੌਰ ‘ਤੇ ਸਭ ਤੋਂ ਵੱਧ ਅਹਿਮੀਅਤ ਹੈ।
ਮੁੱਖ ਮੰਤਰੀ ਦਾ ਇਹ ਬਿਆਨ ਕਰਤਾਰਪੁਰ ਲਾਂਘੇ ਬਾਰੇ ਲਏ ਪ੍ਰਮੁੱਖ ਫ਼ੈਸਲਿਆਂ ਨੂੰ ਅੰਤਿਮ ਰੂਪ ਦੇਣ ਲਈ ਮੀਟਿੰਗਾਂ ਕਰਨ ਵਾਸਤੇ ਭਾਰਤ ਵੱਲੋਂ ਪਾਕਿਸਤਾਨ ਨੂੰ ਭੇਜੇ ਯਾਦ ਪੱਤਰ ਦੀਆਂ ਰਿਪੋਰਟਾਂ ਦੇ ਸੰਦਰਭ ਵਿੱਚ ਆਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਨੂੰ ਮਹਿਜ਼ ਤਿੰਨ ਮਹੀਨਿਆਂ ਦਾ ਸਮਾਂ ਬਾਕੀ ਹੈ ਅਤੇ ਅਜਿਹੇ ਸਮੇਂ ‘ਤੇ ਪ੍ਰਾਜੈਕਟ ਦੇ ਵਿਕਾਸ ਦੀ ਰਫ਼ਤਾਰ ਹੌਲੀ ਹੋ ਜਾਣ ਨਾਲ ਇਤਿਹਾਸਕ ਮੌਕੇ ‘ਤੇ ਇਹ ਅਧੂਰਾ ਰਹਿ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਕਿਸੇ ਵੀ ਕਦਮ ਨਾਲ ਸਿੱਖਾਂ ਦੀਆਂ ਭਾਵਨਾਵਾਂ ਅਤੇ ਖਾਹਿਸ਼ਾਂ ਨੂੰ ਠੇਸ ਪਹੁੰਚੇਗੀ। ਭਾਰਤ ਨਾਲ ਸਫ਼ਾਰਤੀ ਅਤੇ ਵਪਾਰਕ ਸਬੰਧਾਂ ਦਾ ਦਰਜਾ ਘਟਾਉਣ ਮਗਰੋਂ ਅਟਾਰੀ-ਵਾਹਗਾ ਸਰਹੱਦ ‘ਤੇ ਵਪਾਰ ਰੁਕਣ ਬਾਰੇ ਉਨ੍ਹਾਂ ਕਿਹਾ ਕਿ ਸਿਆਸੀ ਚਿੰਤਾਵਾਂ ਨੂੰ ਕਿਸੇ ਵੀ ਫ਼ੈਸਲੇ ਨਾਲ ਘੇਰਿਆ ਨਹੀਂ ਜਾਣਾ ਚਾਹੀਦਾ ਹੈ ਜਿਸ ਨਾਲ ਦੋਵੇਂ ਪਾਸਿਆਂ ਦੇ ਲੋਕਾਂ ਨੂੰ ਨੁਕਸਾਨ ਹੋਵੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਫ਼ੈਸਲੇ ਨਾਲ ਗਰੀਬਾਂ ਨੂੰ ਵੱਡਾ ਆਰਥਿਕ ਨੁਕਸਾਨ ਹੋਵੇਗਾ ਕਿਉਂਕਿ ਮਾਲ ਹੁਣ ਇਰਾਨ ਜਾਂ ਦੁਬਈ ਰਾਹੀਂ ਲੰਮਾ ਸਮੁੰਦਰੀ ਰਸਤਾ ਤੈਅ ਕਰਕੇ ਪਹੁੰਚੇਗਾ। ਵਪਾਰ ਠੱਪ ਹੋਣ ਨਾਲ ਦੋਵਾਂ ਪਾਸਿਆਂ ਦੇ ਹਜ਼ਾਰਾਂ ਪੋਰਟਰਾਂ, ਟਰੱਕ, ਰੇਲ ਡਰਾਈਵਰਾਂ, ਸਟਾਫ ਆਦਿ ਦੀਆਂ ਨੌਕਰੀਆਂ ਅਤੇ ਰੋਜ਼ੀ-ਰੋਟੀ ਨੂੰ ਗੰਭੀਰ ਘਾਟਾ ਪਵੇਗਾ।
‘ਕਸ਼ਮੀਰ ਮਸਲੇ ਨੂੰ ਕੂਟਨੀਤਕ ਅਤੇ ਵਪਾਰਕ ਰਿਸ਼ਤਿਆਂ ਨਾਲ ਨਾ ਜੋੜੋ’
ਕਸ਼ਮੀਰ ਨੂੰ ਭਾਰਤ ਦਾ ਅੰਦਰੂਨੀ ਮਾਮਲਾ ਦੱਸਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਪਾਕਿਸਤਾਨ ਨੂੰ ਇਸ ਮੁੱਦੇ ਨੂੰ ਕੂਟਨੀਤਕ ਅਤੇ ਵਪਾਰਕ ਰਿਸ਼ਤਿਆਂ ਨਾਲ ਨਹੀਂ ਜੋੜਨਾ ਚਾਹੀਦਾ ਹੈ। ਉਨ੍ਹਾਂ ਭਾਰਤ ਸਰਕਾਰ ਨੂੰ ਵਪਾਰਕ ਰਿਸ਼ਤਿਆਂ ਦੀ ਬਹਾਲੀ ਲਈ ਪਾਕਿਸਤਾਨ ‘ਤੇ ਦਬਾਅ ਪਾਉਣ ਵਾਸਤੇ ਸਫ਼ਾਰਤੀ ਰਸਤਾ ਖੋਲ੍ਹਣ ਲਈ ਆਖਿਆ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਰਹੱਦੀ ਸੂਬਿਆਂ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਵਿਕਾਸ ਲਈ ਵਿਸ਼ੇਸ਼ ਆਰਥਿਕ ਪੈਕੇਜ ਐਲਾਨਣ ਦੀ ਅਪੀਲ ਕੀਤੀ।
ਸੁਖਜਿੰਦਰ ਰੰਧਾਵਾ ਨੇ ਕਰਤਾਰਪੁਰ ਲਾਂਘੇ ਦੇ ਨਿਰਮਾਣ ਕਾਰਜਾਂ ਦਾ ਲਿਆ ਜਾਇਜ਼ਾ
ਡੇਰਾ ਬਾਬਾ ਨਾਨਕ/ਬਿਊਰੋ ਨਿਊਜ਼ : ਡੇਰਾ ਬਾਬਾ ਨਾਨਕ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੌਮਾਂਤਰੀ ਸੀਮਾ ‘ਤੇ ਕਰਤਾਰਪੁਰ ਲਾਂਘੇ ਦੇ ਚੱਲ ਰਹੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਲਾਂਘੇ ਦੇ ਕੰਮ ਨੂੰ ਹਰ ਹਾਲਤ ਵਿੱਚ ਅਕਤੂਬਰ ਤੱਕ ਮੁਕੰਮਲ ਕਰਨ ਲਈ ਕਿਹਾ। ਉਨ੍ਹਾਂ ਗੁਰਪੁਰਬ ਸਮਾਗਮ ਦੀਆਂ ਤਿਆਰੀਆਂ ਲਈ 5 ਆਈਏਐੱਸ ਅਧਿਕਾਰੀਆਂ ਦੀ ਡਿਊਟੀ ਲਗਾਈ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ‘ਤੇ ਪਹਿਲਾ ਜਥਾ 8 ਨਵੰਬਰ ਨੂੰ ਹਰ ਹਾਲਤ ਵਿੱਚ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਹੁੰਚੇਗਾ।
ਉਨ੍ਹਾਂ ਆਸ ਜਤਾਈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਕਿਸਤਾਨ ਜਾਣ ਵਾਲੇ ਜਥੇ ਨੂੰ ਰਵਾਨਾ ਕਰਨਗੇ। ਮੰਤਰੀ ਨੇ ਦੱਸਿਆ ਕਿ ਲਾਂਘੇ ਦੇ ਕੰਮ ਨੂੰ ਹੋਰ ਰਫ਼ਤਾਰ ਦੇਣ ਲਈ ਉਹ ਹੋਰ ਮੰਤਰੀਆਂ ਨਾਲ 22 ਅਗਸਤ ਨੂੰ ਸ੍ਰੀ ਨਨਕਾਣਾ ਸਾਹਿਬ ਅਤੇ ਸ੍ਰੀ ਕਰਤਾਰਪੁਰ ਸਾਹਿਬ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਵੰਬਰ ਤੱਕ ਤਿਆਰੀਆਂ ਮੁਕੰਮਲ ਕਰਨ ਲਈ ਰਜਿਸਟਰਾਰ ਕੋਆਪਰੇਟਿਵ ਸੁਸਾਇਟੀ, ਪੰਜਾਬ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ ਅਤੇ ਪੰਜ ਆਈਏਐੱਸ ਅਧਿਕਾਰੀਆਂ, ਜਿਨ੍ਹਾਂ ਵਿਚ ਮਾਰਕਫੈੱਡ, ਮਿਲਕਫੈੱਡ, ਸ਼ੂਗਰਫੈੱਡ, ਹਾਊਸਫੈੱਡ ਅਤੇ ਕੋਆਪਰੇਟਿਵ ਬੈਂਕ ਸ਼ਾਮਲ ਹਨ, ਦੀ ਡਿਊਟੀ ਲਗਾਈ ਗਈ ਹੈ। ਟੀਮ ਵੱਲੋਂ 5 ਨਵੰਬਰ ਤੱਕ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰਵਾਈਆਂ ਜਾਣਗੀਆਂ। ਰੰਧਾਵਾ ਨੇ ਸਰਹੱਦ ‘ਤੇ ਲੱਗੀ ਦੂਰਬੀਨ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਵੀ ਕੀਤੇ। ਉਨ੍ਹਾਂ ਕਿਹਾ ਕਿ ਡੇਰਾ ਬਾਬਾ ਨਾਨਕ ਵਿਚ ਨਵੰਬਰ ਵਿਚ ‘ਡੇਰਾ ਬਾਬਾ ਨਾਨਕ ਉਤਸਵ’ ਕਰਵਾਇਆ ਜਾਵੇਗਾ। ਉਤਸਵ ਰਾਹੀਂ ਸ਼ਰਧਾਲੂਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਨ੍ਹਾਂ ਦੇ ਫ਼ਲਸਫ਼ੇ ਤੋਂ ਜਾਣੂ ਕਰਵਾਇਆ ਜਾਵੇਗਾ। ਪੰਜ ਨਵੰਬਰ ਤੋਂ 20 ਨਵੰਬਰ ਤੱਕ ਚਲਣ ਵਾਲੇ ਉਤਸਵ ਦੌਰਾਨ ਸ਼ਬਦ, ਸੰਗੀਤ, ਕਵੀ ਦਰਬਾਰ ਅਤੇ 15 ਰਾਗਾਂ ਵਿਚ ਕੀਰਤਨ ਦਰਬਾਰ ਕਰਵਾਏ ਜਾਣਗੇ। ਡੇਰਾ ਬਾਬਾ ਨਾਨਕ ਵਿਚ ‘ਨਾਨਕ ਬਗੀਚੀ’ ਵੀ ਸਥਾਪਤ ਕੀਤੀ ਜਾਵੇਗੀ। ਰੰਧਾਵਾ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਕਸਬੇ ਨੂੰ ਹੈਰੀਟੇਜ ਸ਼ਹਿਰ ਵਜੋਂ ਵਿਕਸਤ ਕੀਤਾ ਜਾਵੇਗਾ।

Check Also

ਜ਼ਿਮਨੀ ਚੋਣਾਂ ਜਿੱਤਣ ਮਗਰੋਂ ‘ਆਪ’ ਨੇ ਪਟਿਆਲਾ ਤੋਂ ਸ਼ੁਰੂ ਕੀਤੀ ਧੰਨਵਾਦ ਯਾਤਰਾ

ਪਾਰਟੀ ਪ੍ਰਧਾਨ ਅਮਨ ਅਰੋੜਾ ਦੀ ਅਗਵਾਈ ’ਚ ਅੰਮਿ੍ਰਤਸਰ ਪਹੁੰਚ ਕੇ ਸੰਪੰਨ ਹੋਵੇਗੀ ਧੰਨਵਾਦ ਯਾਤਰਾ ਪਟਿਆਲਾ/ਬਿਊਰੋ …