ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀਆਂ ਕੀਤੀਆਂ ਸਿਫਤਾਂ
ਬਠਿੰਡਾ/ਬਿਊਰੋ ਨਿਊਜ਼ : ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸਵੇਤ ਮਲਿਕ ਨੇ ਬਠਿੰਡਾ ਵਿੱਚ ਵਰਕਰਾਂ ਕੋਲ ਮੋਦੀ ਸਰਕਾਰ ਦਾ ਗੁਣਗਾਨ ਕਰਦਿਆਂ ਕਸ਼ਮੀਰ ਅੰਦਰ 370 ਅਤੇ ਧਾਰਾ 35ਏ ਦੇ ਹਟਾਉਣ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸਿਰ ਬੰਨ੍ਹਦਿਆਂ ਕਿਹਾ ਕੇ ਇਸ ਜੋੜੀ ਨੇ ਕਾਂਗਰਸ ਨੂੰ ਵਿਖਾ ਦਿੱਤਾ ਕਿ ਕਿਸ ਤਰ੍ਹਾਂ ਦੇਸ਼ ਅੰਦਰ ‘ਇੱਕ ਸੰਵਿਧਾਨ-ਇੱਕ ਵਿਧਾਨ’ ਲਾਗੂ ਕਰਨਾ ਹੈ। ਉਹ ਇਥੇ ਭਾਜਪਾ ਦੀ ਸਰਵ-ਪੁਰਵ ਸੰਗਠਨ ਮੈਂਬਰਸ਼ਿਪ ਮੁਹਿੰਮ ਦੌਰਾਨ ਰੱਖੇ ਗਏ ਸਮਾਗਮ ਵਿਚ ਭਾਜਪਾ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਭਾਜਪਾ ਵਰਕਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਵਿਚ ਮੈਂਬਰਸ਼ਿਪ ਫਾਰਮ ਭਰਨ ਦਾ 2 ਲੱਖ ਦਾ ਟੀਚਾ ਰੱਖਿਆ ਗਿਆ ਸੀ ਪਰ ਭਾਜਪਾ ਦੇ ਜੁਝਾਰੂ ਵਰਕਰਾਂ ਨੇ ਸਮੇਂ ਤੋਂ ਪਹਿਲਾਂ 4 ਲੱਖ ਦਾ ਟੀਚਾ ਪੂਰਾ ਕਰ ਦਿੱਤਾ। ਉਨ੍ਹਾਂ ਵਰਕਰਾਂ ਵਿਚ ਉਤਸ਼ਾਹ ਭਰਦਿਆਂ ਹੱਲਾਸ਼ੇਰੀ ਦਿੰਦੇ ਹੋਏ ਕਿਹਾ ਕਿ ਵਰਕਰਾਂ ਦੀ ਮਿਹਨਤ ਸਦਕਾ ਪੰਜਾਬ ਦੀ ਧਰਤੀ ‘ਤੇ 2022 ਵਿੱਚ ਕਮਲ ਦਾ ਫੁੱਲ ਖਿੜਾ ਕੇ ਦਮ ਲੈਣਗੇ। ਇਸ ਮੌਕੇ ਮਲਿਕ ਨੇ ਸਾਬਕਾ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੂੰ ਭੰਡਦੇ ਹੋਏ ਕਿਹਾ ਕਿ ਉਨ੍ਹਾਂ ਦੀ ਵਜ੍ਹਾ ਕਾਰਨ ਹੀ ਕਸ਼ਮੀਰ ਵਿੱਚ ਧਾਰਾ 370 ਲਾਗੂ ਕਰਵਾ ਕੇ ਦੇਸ਼ ਨੂੰ ਕਮਜ਼ੋਰ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਕਾਂਗਰਸ ‘ਤੇ ਵਰ੍ਹਦਿਆਂ ਕਿਹਾ ਕਿ ਜਿੱਥੇ ਗੁਆਂਢੀ ਮੁਲਕ ਪਾਕਿਸਤਾਨ ਇਸ ਫ਼ੈਸਲੇ ਤੋਂ ਬੌਖਲਾਇਆ ਹੋਇਆ ਉੱਥੇ ਕਾਂਗਰਸ ਵੀ ਪਾਕਿ ਦੀ ਬੋਲੀ ਬੋਲ ਰਹੀ ਹੈ ਜਦੋਂ ਕਾਂਗਰਸ ਪਾਰਟੀ ਦੇ ਇਨਸਾਫ਼ ਪਸੰਦ ਸੰਸਦ ਮੈਂਬਰਾਂ ਵੱਲੋਂ ਇਸ ਫ਼ੈਸਲੇ ਦਾ ਸਵਾਗਤ ਕੀਤਾ ਗਿਆ ਹੈ।
Check Also
ਕਰਨਲ ਬਾਠ ਕੁੱਟਮਾਰ ਮਾਮਲੇ ’ਚ ਐਸਆਈਟੀ ਦਾ ਗਠਨ
ਆਈਪੀਐਸ ਅਧਿਕਾਰੀ ਮਨਜੀਤ ਸ਼ਿਓਰਾਨ ਨੂੰ ਜਾਂਚ ਟੀਮ ਦਾ ਬਣਾਇਆ ਮੁਖੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਪੁਲਿਸ ਦੇ …