ਭਾਰਤ ਦੀ ਰੱਖਿਆ ਲਈ ਹਵਾਈ ਸੈਨਾ ਨੇ ਮਹੱਤਵਪੂਰਨ ਭੂਮਿਕਾ ਨਿਭਾਈ : ਰੱਖਿਆ ਮੰਤਰੀ
ਚੰਡੀਗੜ੍ਹ/ਬਿਊਰੋ ਨਿਊਜ਼ : ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੇ ਸੈਕਟਰ-18 ਸਥਿਤ ਸਰਕਾਰੀ ਪ੍ਰੈੱਸ ਬਿਲਡਿੰਗ ਵਿੱਚ ਬਣਾਏ ਦੇਸ਼ ਦੇ ਪਹਿਲੇ ਭਾਰਤੀ ਹਵਾਈ ਸੈਨਾ ਦੇ ਵਿਰਾਸਤੀ ਕੇਂਦਰ ਦਾ ਉਦਘਾਟਨ ਕੀਤਾ।
ਇਸ ਦੌਰਾਨ ਰੱਖਿਆ ਮੰਤਰੀ ਨੇ ਸਾਈਬਰ ਅਪਰਾਧ ਦੀਆਂ ਘਟਨਾਵਾਂ ਨੂੰ ਠੱਲ੍ਹਣ ਲਈ ਬਣਾਏ ਗਏ ਸੈਂਟਰ ਫਾਰ ਸਾਈਬਰ ਅਪਰੇਸ਼ਨ ਅਤੇ ਸੁਰੱਖਿਆ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ, ਹਵਾਈ ਸੈਨਾ ਦੇ ਮੁਖੀ ਵੀ.ਆਰ. ਚੌਧਰੀ, ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੇਰ, ਮੇਅਰ ਅਨੂਪ ਗੁਪਤਾ ਅਤੇ ਯੂਟੀ ਦੇ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਵੀ ਮੌਜੂਦ ਸਨ।
ਇਸ ਦੌਰਾਨ ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ ਦੀ ਰੱਖਿਆ ਵਿੱਚ ਭਾਰਤੀ ਹਵਾਈ ਸੈਨਾ ਦਾ ਬਹੁਤ ਮਹੱਤਵਪੂਰਨ ਯੋਗਦਾਨ ਹੈ।
ਉਨ੍ਹਾਂ ਕਿਹਾ ਕਿ 1948 ਦੀ ਜੰਗ, 1961 ਦਾ ਗੋਆ ਮੁਕਤੀ ਸੰਗਰਾਮ, 1962 ਦੀ ਜੰਗ ਅਤੇ 1965 ਦੀ ਇੰਡੋ-ਪਾਕਿ ਜੰਗ ਵਿੱਚ ਭਾਰਤੀ ਹਵਾਈ ਸੈਨਾ ਨੇ ਜਿਸ ਮਜ਼ਬੂਤੀ ਨਾਲ ਕੰਮ ਕੀਤਾ ਹੈ, ਉਸ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ, ”ਭਾਰਤੀ ਹਵਾਈ ਸੈਨਾ ਦੀ ਇੱਕ ਅਮੀਰ ਵਿਰਾਸਤ ਹੈ, ਜਿਸ ਨੂੰ ਸੰਭਾਲਣਾ ਸਾਡੀ ਜ਼ਿੰਮੇਵਾਰੀ ਹੈ।” ਉਨ੍ਹਾਂ ਕਿਹਾ ਕਿ ਇਹ ਵਿਰਾਸਤੀ ਕੇਂਦਰ ਦੇਸ਼ ਲਈ ਜਾਨਾਂ ਵਾਰਨ ਵਾਲੇ ਜਵਾਨਾਂ ਨੂੰ ਦਿੱਤਾ ਗਿਆ ਅਹਿਮ ਸਨਮਾਨ ਹੈ, ਜੋ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਬਣੇਗਾ। ਇਸ ਤੋਂ ਇਲਾਵਾ ਰੱਖਿਆ ਮੰਤਰੀ ਨੇ ਚੰਡੀਗੜ੍ਹ ਦੇ ਪਿੰਡ ਰਾਏਪੁਰ ਕਲਾਂ ਵਿੱਚ ਗਊਸ਼ਾਲਾ ਦਾ ਉਦਘਾਟਨ ਕੀਤਾ ਅਤੇ ਸੈਕਟਰ-46 ਕਾਲਜ ਤੇ ਪੈੱਕ ਕਾਲਜ ‘ਚ ਹੋਸਟਲ ਬਣਾਉਣ ਲਈ ਨੀਂਹ ਪੱਥਰ ਰੱਖਿਆ।
ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਭੇਟ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਬਾਦਲ ਹਰ ਵਾਰ ਆਪਣੀ ਚੋਣ ਸਭਾ ਨੂੰ ਸੰਬੋਧਨ ਕਰਨ ਲਈ ਉਨ੍ਹਾਂ ਨੂੰ ਸੱਦਿਆ ਕਰਦੇ ਸਨ। ਕੇਂਦਰੀ ਮੰਤਰੀ ਨੇ ਕਿਹਾ ਕਿ ਬਾਦਲ ਨੇ ਦੇਸ਼ ਤੇ ਪੰਜਾਬ ਦੀ ਤਰੱਕੀ ਲਈ ਜੋ ਕੰਮ ਕੀਤੇ ਹਨ, ਉਨ੍ਹਾਂ ਨੂੰ ਭੁਲਾਇਆ ਨਹੀਂ ਜਾ ਸਕਦਾ।