ਧਾਰਮਿਕ ਸਮਾਗਮਾਂ ਮੌਕੇ ਸਿਆਸੀ ਮੰਚ ਨਹੀਂ ਲੱਗਣੇ ਚਾਹੀਦੇ : ਜਾਖੜ
ਗੁਰਦਾਸਪੁਰ/ਬਿਊਰੋ ਨਿਊਜ਼
ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਸ਼ਹੀਦੀ ਸਭਾ ਤੋਂ ਬਾਅਦ ਹੁਣ ਮੁਕਤਸਰ ਸਾਹਿਬ ਵਿਖੇ ਮਾਘੀ ਜੋੜ ਮੇਲੇ ‘ਤੇ ਵੀ ਕਾਂਗਰਸ ਵੱਲੋਂ ਸਿਆਸੀ ਕਾਨਫਰੰਸ ਨਹੀਂ ਕੀਤੀ ਜਾਵੇਗੀ। ਇਸ ਸਬੰਧੀ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਐਲਾਨ ਕੀਤਾ ਕਿ ਧਾਰਮਿਕ ਸਮਾਗਮਾਂ ਮੌਕੇ ਸਿਆਸੀ ਮੰਚ ਨਹੀਂ ਲੱਗਣੇ ਚਾਹੀਦੇ। ਜਾਖੜ ਨੇ ਆਖਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸ੍ਰੀ ਫਤਹਿਗੜ੍ਹ ਸਾਹਿਬ ਦੀ ਸ਼ਹੀਦੀ ਸਭਾ ਮੌਕੇ ਸਿਆਸੀ ਦਲਾਂ ਨੂੰ ਸਿਆਸੀ ਕਾਨਫਰੰਸਾਂ ਨਾ ਕਰਨ ਲਈ ਕਿਹਾ ਸੀ । ਉਸੇ ਸਿਧਾਂਤ ਨੂੰ ਧਿਆਨ ਵਿਚ ਰੱਖਦਿਆਂ ਕਾਂਗਰਸ ਪਾਰਟੀ ਨੇ ਮਾਘੀ ਮੇਲੇ ਮੌਕੇ ਵੀ ਸਿਆਸੀ ਸਟੇਜ ਨਾ ਲਗਾਉਣ ਦਾ ਫੈਸਲਾ ਕੀਤਾ ਹੈ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਪੰਜਾਬ ਵਲੋਂ ਵੀ ਮਾਘੀ ਮੇਲੇ ‘ਤੇ ਸਿਆਸੀ ਕਾਨਫਰੰਸ ਨਹੀਂ ਕੀਤੀ ਜਾ ਰਹੀ ਹੈ। ਚੇਤੇ ਰਹੇ ਕਿ 40 ਮੁਕਤਿਆਂ ਦੀ ਯਾਦ ਵਿੱਚ ਮਾਘੀ ਦਾ ਮੇਲਾ 14 ਜਨਵਰੀ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਮਨਾਇਆ ਜਾਣਾ ਹੈ।

