ਨਿਹਾਲ ਸਿੰਘ ਵਾਲਾ/ਬਿਊਰੋ ਨਿਊਜ਼ : 2017 ਦੀ ਚੋਣ ਮੁਹਿੰਮ ਨੂੰ ਲੈ ਕੇ ਨਵੀਂ ਦਾਣਾ ਮੰਡੀ ਨਿਹਾਲ ਸਿੰਘ ਵਾਲਾ ਵਿਖੇ ਕੀਤੀ ਗਈ ਵਿਸ਼ਾਲ ਰੈਲੀ ਦੌਰਾਨ ਹਲਕਾ ਬਾਘਾ ਪੁਰਾਣਾ ਤੋਂ ਐਲਾਨੇ ਗਏ ਉਮੀਦਵਾਰ ਗੁਰਬਿੰਦਰ ਸਿੰਘ ਕੰਗ ਸੰਬੋਧਨ ਕਰਨ ਲੱਗੇ ਤਾਂ ਬਾਘਾਪੁਰਾਣਾ ਹਲਕੇ ਤੋਂ ਪੁੱਜੇ ਆਪ ਵਲੰਟੀਅਰਾਂ ਨੇ ਹੱਥਾਂ ਵਿਚ ਗੁਰਬਿੰਦਰ ਸਿੰਘ ਕੰਗ ਤੇ ਐੱਚ.ਐੱਸ ਫੂਲਕਾ ਦੇ ਪੋਸਟਰ ਲੈ ਕੇ ਕੰਗ ਦਾ ਭਾਰੀ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
ਇਸ ਦੌਰਾਨ ਰੈਲੀ ਵਿਚ ਪੂਰਾ ਸ਼ੋਰ ਸ਼ਰਾਬਾ ਪੈ ਗਿਆ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ। ਜਿਸ ਦੌਰਾਨ ਕੁਲਤਾਰ ਸਿੰਘ ਸੰਧਵਾਂ ਅਤੇ ਸੁਖਜਿੰਦਰ ਸਿੰਘ ਲੋਪੋ ਵੱਲੋਂ ਲੋਕਾਂ ਨੂੰ ਸ਼ਾਂਤ ਕੀਤਾ ਗਿਆ। ਕੁਝ ਸਮੇਂ ਬਾਅਦ ਜਦੋਂ ਪਾਰਟੀ ਦੇ ਸਟਾਰ ਪ੍ਰਚਾਰਕ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਬੋਲਣਾ ਸ਼ੁਰੂ ਕੀਤਾ ਤਾਂ ਇਕ ਵਾਰ ਫਿਰ ਰੈਲੀ ਵਿਚ ਬਾਘਾ ਪੁਰਾਣਾ ਦੇ ਵਰਕਰਾਂ ਨੇ ਹਲਕਾ ਬਾਘਾ ਪੁਰਾਣਾ ਦੇ ਉਮੀਦਵਾਰ ਕੰਗ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਲੋਕ ਮੰਗ ਕਰ ਰਹੇ ਸਨ ਕਿ ਹਲਕਾ ਬਾਘਾ ਪੁਰਾਣਾ ਤੋਂ ਉਮੀਦਵਾਰ ਦੀ ਤੁਰੰਤ ਟਿਕਟ ਕੱਟ ਕੇ ਹਲਕੇ ਦੇ ਯੋਗ ਉਮੀਦਵਾਰ ਨੂੰ ਟਿਕਟ ਦੇ ਕੇ ਨਿਵਾਜਿਆ ਜਾਵੇ। ਇਸ ਮੌਕੇ ਭਗਵੰਤ ਮਾਨ ਨੂੰ ਉਸ ਵਕਤ ਬੋਲਣ ਦਿੱਤਾ ਗਿਆ, ਜਦੋਂ ਤੱਕ ਕੰਗ ਸਟੇਜ ਤੋਂ ਨਹੀਂ ਉਤਰ ਗਏ। ਮਾਮਲੇ ਨੂੰ ਪਾਰਟੀ ਦੇ ਸਟਾਰ ਪ੍ਰਚਾਰਕ ਭਗਵੰਤ ਮਾਨ ਨੇ ਸ਼ਾਂਤ ਕੀਤਾ। ਇਸ ਮੌਕੇ ਸੀਨੀਅਰ ਲੀਡਰਸ਼ਿਪ ਵੱਲੋਂ ਬਾਘਾ ਪੁਰਾਣਾ ਦੇ ਵਲੰਟੀਅਰਾਂ ਨੂੰ ਇਸ ਮਾਮਲੇ ਵਾਰੇ ਵਿਚਾਰ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ। ਇਸ ਮੌਕੇ ਉਮੀਦਵਾਰ ਗੁਰਬਿੰਦਰ ਸਿੰਘ ਕੰਗ ਨੇ ਪੱਤਰਕਾਰਾਂ ਨੂੰ ਆਪਣਾ ਪੱਖ ਦਿੰਦਿਆਂ ਦੱਸਿਆ ਕਿ ਵਿਰੋਧੀ ਪਾਰਟੀਆਂ ਵੱਲੋਂ ਜਾਣਬੁੱਝ ਕੇ ਮਾਹੌਲ ਨੂੰ ਖਰਾਬ ਕਰਨ ਲਈ ਆਪਣੇ ਬੰਦੇ ਭੇਜ ਕੇ ਰੈਲੀ ਵਿਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਦੋਂਕਿ ਹਲਕਾ ਬਾਘਾਪੁਰਾਣਾ ਦੇ ਲੋਕ ਉਨ੍ਹਾਂ ਨਾਲ ਚਟਾਨ ਵਾਂਗ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਆਪਣੀ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਕਿ ਰੈਲੀ ਤੋਂ ਬਾਅਦ ਜਦੋਂ ਪਾਰਟੀ ਸਪਰੀਮੋ ਦੂਸਰੀ ਜਗ੍ਹਾ ਲਈ ਰਵਾਨਾ ਹੋ ਗਏ ਤਾਂ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਦੋ ਗਰੁੱਪਾਂ ਵਿਚ ਝੜਪਾਂ ਵੀ ਹੋਈਆਂ, ਜਿਸ ਦੌਰਾਨ ਇਕ ਵਿਅਕਤੀ ਦੇ ਸੱਟਾਂ ਵੀ ਲੱਗੀਆਂ ਹਨ ਜੋ ਕਿ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਪੁਲਿਸ ਵੱਲੋਂ ਕੁਝ ਗੱਡੀਆਂ ਤੇ ਵਿਅਕਤੀਆਂ ਨੂੰ ਵੀ ਹਿਰਾਸਤ ਵਿਚ ਲਏ ਜਾਣ ਦਾ ਸਮਾਚਾਰ ਹੈ।
Check Also
ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ
ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …