18.1 C
Toronto
Saturday, May 16, 2026
spot_img
Homeਪੰਜਾਬਸੁਖਬੀਰ ਬਾਦਲ ਵਿਰੁੱਧ ਚੋਣ ਲੜਨਗੇ ਭਗਵੰਤ ਮਾਨ

ਸੁਖਬੀਰ ਬਾਦਲ ਵਿਰੁੱਧ ਚੋਣ ਲੜਨਗੇ ਭਗਵੰਤ ਮਾਨ

sukh-mann-copy-copyਜਲਾਲਾਬਾਦ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ (ਆਪ) ਵੱਲੋਂ ਇੱਥੇ ਅਨਾਜ ਮੰਡੀ ਵਿੱਚ ‘ਪੰਜਾਬ ਇਨਕਲਾਬ ਰੈਲੀ’ ਕੀਤੀ ਗਈ। ਇਸ ਵਿੱਚ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਸ਼ੇਸ਼ ਤੌਰ ‘ਤੇ ਪੁੱਜੇ। ਰੈਲੀ ਦੌਰਾਨ ਕੇਜਰੀਵਾਲ ਨੇ ਪੰਜਾਬ ਦੇ ਵਰਤਮਾਨ ਮਾੜੇ ਹਾਲਾਤ ਲਈ ਅਕਾਲੀ-ਭਾਜਪਾ ਸਰਕਾਰ ਅਤੇ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਅਕਾਲੀਆਂ ਤੇ ਕਾਂਗਰਸੀਆਂ ਨੇ ਪਿਛਲੇ 15 ਸਾਲਾਂ ਵਿੱਚ ਪੰਜਾਬੀਆਂ ਨੂੰ ਲੁੱਟਿਆ ਅਤੇ ਆਮ ਜਨਤਾ ਦਾ ਖ਼ੂਨ ਚੂਸਿਆ। ਹੁਣ ਇਨ੍ਹਾਂ ਦੇ ਪਾਪ ਦਾ ਘੜਾ ਭਰ ਚੁੱਕਿਆ ਹੈ ਅਤੇ ‘ਆਪ’ ਵੱਲੋਂ ਪੰਜਾਬ ਵਿੱਚ ਫੈਲੀ ਸਿਆਸੀ ਗੰਦਗੀ ਸਾਫ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਸਵਿੱਸ ਬੈਂਕ ਖਾਤਿਆਂ ਨੂੰ ਜਨਤਾ ਵਿੱਚ ਉਜਾਗਰ ਕੀਤਾ ਜਾਵੇਗਾ।
ਇਸ ਮੌਕੇ ਕੇਜਰੀਵਾਲ ਨੇ ਜਲਾਲਾਬਾਦ ਤੋਂ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਖ਼ਿਲਾਫ਼ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਉਮੀਦਵਾਰ ਐਲਾਨਦਿਆਂ ਕਿਹਾ ਕਿ ਜੇ ਸੁਖਬੀਰ ਕਿਸੇ ਹੋਰ ਹਲਕੇ ਤੋਂ ਚੋਣ ਲੜਨਗੇ ਤਾਂ ‘ਆਪ’ ਵੱਲੋਂ ਭਗਵੰਤ ਮਾਨ ਹੀ ਉਥੋਂ ਉਮੀਦਵਾਰ ਹੋਣਗੇ। ਉਨ੍ਹਾਂ ਦਿੱਲੀ ਸਰਕਾਰ ਵੱਲੋਂ ਕੀਤੇ ਕੰਮ ਵੀ ਗਿਣਾਏ। ਪੰਜਾਬ ਦੇ ਵਿਕਾਸ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਲਈ ਖਾਕਾ ਤਿਆਰ ਕੀਤਾ ਗਿਆ ਹੈ। ਉਨ੍ਹਾਂ ਭ੍ਰਿਸ਼ਟਾਚਾਰ ਤੇ ਨਸ਼ਿਆਂ ਨੂੰ ਵੀ ਸਖ਼ਤੀ ਨਾਲ ਖਤਮ ਕਰਨ ਦਾ ਵਾਅਦਾ ਕੀਤਾ। ਕੈਪਟਨ ਤੇ ਬਾਦਲ ਦੇ ਰਿਸ਼ਤਿਆਂ ਦੀ ਗੱਲ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਦੋਵੇਂ ਆਪਸ ਵਿੱਚ ਰਲੇ ਹੋਏ ਹਨ, ਜਿਸ ਦੀ ਮਿਸਾਲ ਅਕਾਲੀ ਸਰਕਾਰ ਵੱਲੋਂ ਕੈਪਟਨ ਖ਼ਿਲਾਫ਼ ਚੱਲ ਰਹੇ ਕੇਸ ਵਾਪਸ ਲੈਣੇ ਅਤੇ ਕੈਪਟਨ ਵੱਲੋਂ ਨਸ਼ਿਆਂ ਦੇ ਮਾਮਲੇ ਵਿੱਚ ਮਜੀਠੀਆ ਦਾ ਪੱਖ ਪੂਰਨਾ ਹੈ। ਉਨ੍ਹਾਂ ਅਕਾਲੀ ਸਰਕਾਰ ਨੂੰ ਲਲਕਾਰਦਿਆਂ ਕਿਹਾ ਕਿ ”ਜਿੰਨੇ ਮਰਜ਼ੀ ਪਰਚੇ ਕਰਵਾ ਲਓ, ਅਸੀਂ ਡਰਨ ਵਾਲੇ ਨਹੀਂ।” ਕੇਜਰੀਵਾਲ ਨੇ ਦੁਹਰਾਇਆ ਕਿ ਉਨ੍ਹਾਂ ਛੇ ਮਹੀਨੇ ਪਹਿਲਾਂ ਬਿਕਰਮ ਸਿੰਘ ਮਜੀਠੀਆ ਨੂੰ ਚੁਣੌਤੀ ਦਿੱਤੀ ਸੀ ਕਿ ”ਜੇ ਹਿੰਮਤ ਹੈ ਤਾਂ ਮੈਨੂੰ ਗ੍ਰਿਫ਼ਤਾਰ ਕਰ ਕੇ ਦਿਖਾਵੇ, ਨਹੀਂ ਤਾਂ ਛੇ ਮਹੀਨਿਆਂ ਬਾਅਦ ਮੈਂ ਉਸ ਨੂੰ ਜੇਲ੍ਹ ਭੇਜਾਂਗਾ।” ਉਨ੍ਹਾਂ ਕਿਹਾ, ”ਮੈਂ ਫਿਰ ਦੁਹਰਾਉਦਾ ਹਾਂ ਕਿ ਜੇ ਹਿੰਮਤ ਹੈ ਤਾਂ ਦੋ ਮਹੀਨਿਆਂ ਵਿੱਚ ਮੈਨੂੰ ਗ੍ਰਿਫ਼ਤਾਰ ਕਰ ਕੇ ਦਿਖਾਵੇ, ਨਹੀਂ ਤਾਂ ਦੋ ਮਹੀਨਿਆਂ ਬਾਅਦ ਮਜੀਠੀਆ ਸਲਾਖਾਂ ਪਿੱਛੇ ਹੋਵੇਗਾ।” ਇਸ ਮੌਕੇ ਜਲਾਲਾਬਾਦ ਤੋਂ ਐਲਾਨੇ ਪਾਰਟੀ ਉਮੀਦਵਾਰ ਭਗਵੰਤ ਮਾਨ ਨੇ ਲੋਕਾਂ ਕੋਲੋਂ ਸਹਿਯੋਗ ਮੰਗਦਿਆਂ ਕਿਹਾ ਕਿ ਪਾਰਟੀ ਦਾ ਜੋ ਫੈਸਲਾ ਹੈ, ਉਹ ਉਨ੍ਹਾਂ ਨੂੰ ਪ੍ਰਵਾਨ ਹੈ। ਉਨ੍ਹਾਂ ਕਿਹਾ ਕਿ 2017 ਦੀਆਂ ਚੋਣਾਂ ਅਮੀਰਾਂ ਅਤੇ ਜ਼ਮੀਰਾਂ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸਾਡੇ ਖਾਤਿਆਂ ਵਿੱਚ ਪੈਸੇ ਨਹੀਂ ਪਰ ਲੋਕਾਂ ਦੇ ਪਿਆਰ ਤੇ ਸਹਿਯੋਗ ਨਾਲ ਅਕਾਲੀ ਸਰਕਾਰ ਨੂੰ ਪੰਜਾਬ ਵਿੱਚੋਂ ਚੱਲਦਾ ਕੀਤਾ ਜਾਵੇਗਾ।

RELATED ARTICLES
POPULAR POSTS