ਬਠਿੰਡਾ/ਬਿਊਰੋ ਨਿਊਜ਼ : ਪੰਜਾਬ ਦੀਆਂ ਜੇਲ੍ਹਾਂ ਦੇ ਸ਼ੱਕੀ ਮੁਲਾਜ਼ਮ ਹੁਣ ਨਿਸ਼ਾਨੇ ‘ਤੇ ਆ ਗਏ ਹਨ। ਹਕੂਮਤ ਬਦਲੀ ਮਗਰੋਂ ਜੇਲ੍ਹਾਂ ਵਿਚੋਂ ਹੁਣ ਕੋਈ ਨਸ਼ਾ/ਮੋਬਾਈਲ ਫੋਨ ਫੜਿਆ ਗਿਆ ਤਾਂ ਇਨ੍ਹਾਂ ਮੁਲਾਜ਼ਮਾਂ ਦੀ ਸ਼ਾਮਤ ਆਏਗੀ। ਐਡੀਸ਼ਨਲ ਡਾਇਰੈਕਟਰ ਜਨਰਲ (ਇੰਟੈਲੀਜੈਂਸ) ਨੇ ਜ਼ਿਲ੍ਹਾ ਪੁਲਿਸ ਕਪਤਾਨਾਂ ਨੂੰ ਪੱਤਰ ਜਾਰੀ ਕਰਕੇ ਤਾੜਨਾ ਅਤੇ ਚੌਕਸ ਕਰ ਦਿੱਤਾ ਹੈ। ਇਸ ਪੱਤਰ ਅਨੁਸਾਰ ਜੇਲ੍ਹ ਵਿਚੋਂ ਫੜੇ ਹਰ ਨਸ਼ੇ ਅਤੇ ਮੋਬਾਈਲ ਫੋਨ ਦੀ ਡੂੰਘਾਈ ਨਾਲ ਪੜਤਾਲ ਕਰਨੀ ਹੋਵੇਗੀ। ਆਮ ਤੌਰ ਤੇ ਜਦੋਂ ਜੇਲ੍ਹ ਵਿਚੋਂ ਨਸ਼ਾ ਜਾਂ ਮੋਬਾਈਲ ਫੋਨ ਫੜਿਆ ਜਾਂਦਾ ਹੈ ਤਾਂ ਬੰਦੀ ਖ਼ਿਲਾਫ਼ ਪੁਲਿਸ ਕਾਰਵਾਈ ਕਰਕੇ ਮਾਮਲਾ ਠੱਪ ਹੋ ਜਾਂਦਾ ਹੈ। ਪੁਲਿਸ ਦੇ ਤਫ਼ਤੀਸ਼ੀ ਅਫਸਰਾਂ ‘ਤੇ ਵੀ ਹੁਣ ਉਂਗਲ ਉੱਠੀ ਹੈ। ਐਡੀਸ਼ਨਲ ਡਾਇਰੈਕਟਰ ਜਨਰਲ ਨੇ ਆਖਿਆ ਹੈ ਕਿ ਜਦੋਂ ਵੀ ਜੇਲ੍ਹਾਂ ਵਿਚੋਂ ਨਸ਼ੀਲੇ ਪਦਾਰਥ ਜਾਂ ਮੋਬਾਈਲ ਫੋਨ ਫੜੇ ਜਾਂਦੇ ਹਨ ਤਾਂ ਤਫ਼ਤੀਸ਼ੀ ਅਫਸਰ ਵਲੋਂ ਜੇਲ੍ਹ ਗਾਰਦ ਦੀ ਮਿਲੀਭੁਗਤ ਤਾਂ ਆਖੀ ਜਾਂਦੀ ਹੈ ਪ੍ਰੰਤੂ ਕਿਸੇ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਜਾਂਦੀ ਹੈ ਜਿਸ ਦੇ ਨਤੀਜੇ ਵਜੋਂ ਜੇਲ੍ਹ ਸਟਾਫ ਸਾਫ ਬਰੀ ਹੋ ਜਾਂਦਾ ਹੈ। ਸੂਤਰ ਦੱਸਦੇ ਹਨ ਕਿ ਚੋਣਾਂ ਦੌਰਾਨ ਜੇਲ੍ਹਾਂ ਵਿਚੋਂ ਵੋਟਰਾਂ ਨੂੰ ਵੀ ਫੋਨ ਖੜਕਦੇ ਰਹੇ ਹਨ। ਇਵੇਂ ਹੀ ਨਸ਼ਾ ਜੇਲ੍ਹ ਵਿਚ ਪੁੱਜਣ ਦੀ ਸੂਰਤ ਵਿਚ ਡੂੰਘਾਈ ਨਾਲ ਪੜਤਾਲ ਕਰਨ ਵਾਸਤੇ ਆਖਿਆ ਗਿਆ ਹੈ। ਨਸ਼ਾ ਕਿਥੋਂ ਆਇਆ ਅਤੇ ਕਿਸ ਨੇ ਸਪਲਾਈ ਕੀਤਾ, ਤਲਾਸ਼ੀ ਲੈਣ ਵਾਲਾ ਕਿਹੜਾ ਮੁਲਾਜ਼ਮ ਸੀ ,ਆਦਿ ਨੁਕਤਿਆਂ ਨੂੰ ਵੀ ਹੁਣ ਧਿਆਨ ਵਿਚ ਰੱਖਣਾ ਪਏਗਾ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …