Breaking News
Home / ਪੰਜਾਬ / ਰਾਮ ਰਹੀਮ ਹੋਇਆ ਕਮਜ਼ੋਰ, 10 ਕਿਲੋ ਭਾਰ ਵੀ ਘਟਿਆ

ਰਾਮ ਰਹੀਮ ਹੋਇਆ ਕਮਜ਼ੋਰ, 10 ਕਿਲੋ ਭਾਰ ਵੀ ਘਟਿਆ

ਦਾੜ੍ਹੀ ਹੋਈ ਸਫੇਦ ਅਤੇ ਚਿਹਰੇ ਦਾ ਰੰਗ ਹੋਇਆ ਕਾਲਾ
ਚੰਡੀਗੜ੍ਹ/ਬਿਊਰੋ ਨਿਊਜ਼ : ਰਾਮ ਰਹੀਮ ਨੂੰ ਜੇਲ੍ਹ ਵਿਚ ਨਹਾਉਣ ਲਈ ਗਰਮ ਪਾਣੀ ਨਾ ਮਿਲਣ ਕਾਰਨ ਕਾਫ਼ੀ ਪ੍ਰੇਸ਼ਾਨੀ ਹੋ ਰਹੀ ਹੈ। ਉਸ ਦਾ ਵਜ਼ਨ ਕਰੀਬ 10 ਕਿੱਲੋ ਘਟ ਗਿਆ ਹੈ। ਉਸ ਦੀ ਦਾੜ੍ਹੀ ਵੀ ਜੜ੍ਹਾਂ ਤੋਂ ਸਫ਼ੈਦ ਹੋ ਗਈ ਹੈ ਅਤੇ ਚਿਹਰੇ ਦੀ ਚਮਕ ਤੇ ਲਾਲੀ ਖ਼ਤਮ ਹੋਣ ਦੇ ਨਾਲ ਹੀ ਉਸ ਦਾ ਰੰਗ ਹੌਲੀ-ਹੌਲੀ ਕਾਲਾ ਪੈਣਾ ਸ਼ੁਰੂ ਹੋ ਗਿਆ ਹੈ। ਸੂਤਰਾਂ ਅਨੁਸਾਰ ਰਾਮ ਰਹੀਮ ਜਦੋਂ ਜੇਲ੍ਹ ਵਿਚ ਆਇਆ ਸੀ ਤਾਂ ਉਸ ਦਾ ਵਜ਼ਨ ਕਰੀਬ 105 ਕਿੱਲੋ ਤੋਂ ਥੋੜ੍ਹਾ ਜ਼ਿਆਦਾ ਸੀ ਜੋ ਹੁਣ ਕਰੀਬ 95 ਕਿੱਲੋ ਰਹਿ ਗਿਆ ਹੈ। ਰਾਮ ਰਹੀਮ ਆਪਣਾ ਜ਼ਿਆਦਾਤਰ ਸਮਾਂ ਸੈਰ ਕਰਨ ਤੇ ਉਸ ਵਲੋਂ ਜੇਲ੍ਹ ਵਿਚ ਉਗਾਈਆਂ ਸਬਜ਼ੀਆਂ ਦੀ ਦੇਖ-ਭਾਲ ਕਰਨ ਵਿਚ ਲਾਉਂਦਾ ਹੈ। ਜੇਲ੍ਹ ਵਿਚ ਉਹ ਜ਼ਿਆਦਾਤਰ ਮਾਯੂਸ ਨਜ਼ਰ ਆਉਂਦਾ ਹੈ ਪਰ ਜਦੋਂ ਤੋਂ ਅਰੂਸ਼ੀ ਹੱਤਿਆ ਕਾਂਡ ਵਿਚ ਤਲਵਾਰ ਪਤੀ-ਪਤਨੀ ਦੀ ਸਜ਼ਾ ਮੁਆਫ਼ ਹੋਣ ਦੀ ਖ਼ਬਰ ਰਾਮ ਰਹੀਮ ਨੂੰ ਆਪਣੇ ਪਰਿਵਾਰ ਤੇ ਵਕੀਲਾਂ ਰਾਹੀਂ ਮਿਲੀ ਹੈ ਤਾਂ ਉਸ ਦੇ ਚਿਹਰੇ ‘ਤੇ ਥੋੜ੍ਹੀ ਰਾਹਤ ਜ਼ਰੂਰ ਦੇਖੀ ਗਈ ਹੈ। ਉਸ ਨੇ ਆਪਣੇ ਵਕੀਲਾਂ ਤੇ ਪਰਿਵਾਰ ਵਾਲਿਆਂ ਨੂੰ ਹਰ ਸੰਭਵ ਕਾਨੂੰਨੀ ਪ੍ਰਕਿਰਿਆ ਆਪਣਾ ਕੇ ਉਸ ਨੂੰ ਜਲਦ ਉਪਰਲੀ ਅਦਾਲਤ ਤੋਂ ਰਾਹਤ ਦਿਵਾਉਣ ਲਈ ਕਿਹਾ ਹੈ।
ਸੂਤਰਾਂ ਅਨੁਸਾਰ ਰਾਮ ਰਹੀਮ ਜੇਲ੍ਹ ਦੀ ਕੰਟੀਨ ਤੋਂ 6 ਹਜ਼ਾਰ ਰੁਪਏ ਮਹੀਨੇ ਦੀ ਖ਼ਰੀਦਦਾਰੀ ਦੀ ਸਾਰੇ ਕੈਦੀਆਂ ਨੂੰ ਮਿਲਣ ਵਾਲੀ ਸਹੂਲਤ ਦਾ ਪੂਰਾ ਫ਼ਾਇਦਾ ਚੁੱਕਦਾ ਹੈ। ਇਸ ਨਾਲ ਉਹ ਕੰਟੀਨ ਤੋਂ ਸੇਬ, ਕੇਲੇ, ਦੁੱਧ, ਦਹੀਂ, ਸ਼ੈਂਪੂ ਤੇ ਤੇਲ ਵਗ਼ੈਰਾ ਖ਼ਰੀਦਦਾ ਹੈ। ਹੁਣ ਠੰਢੇ ਪਾਣੀ ਨਾਲ ਨਹਾਉਣ ਵਿਚ ਰਾਮ ਰਹੀਮ ਨੂੰ ਕਾਫ਼ੀ ਪ੍ਰੇਸ਼ਾਨੀ ਮਹਿਸੂਸ ਹੋ ਰਹੀ ਹੈ ਅਤੇ ਉਸ ਨੇ ਗਰਮ ਪਾਣੀ ਦਿੱਤੇ ਜਾਣ ਦੀ ਮੰਗ ਕੀਤੀ ਹੈ, ਜਿਸ ਨੂੰ ਇਹ ਕਹਿ ਕੇ ਨਕਾਰ ਕਰ ਦਿੱਤਾ ਗਿਆ ਹੈ ਕਿ ਜੋ ਸਹੂਲਤਾਂ ਦੂਜੇ ਕੈਦੀਆਂ ਨੂੰ ਜੇਲ੍ਹ ਨਿਯਮਾਂ ਅਨੁਸਾਰ ਉਪਲਬਧ ਹਨ ਉਹੀ ਉਸ ਨੂੰ ਮਿਲ ਸਕਦੀਆਂ ਹਨ। ਜ਼ਿਕਰਯੋਗ ਹੈ ਕਿ ਬਲੱਡ ਪ੍ਰੈਸ਼ਰ ਤੇ ਸ਼ੂਗਰ ਦਾ ਮਰੀਜ਼ ਹੋਣ ਕਾਰਨ ਉਸ ਦੀ ਰੋਜ਼ਾਨਾ ਜਾਂਚ ਹੋ ਰਹੀ ਹੈ ਤੇ ਉਸ ਨੂੰ ਲਗਾਤਾਰ ਦਵਾਈ ਦਿੱਤੀ ਜਾ ਰਹੀ ਹੈ।

ਡੇਰਾ ਸਿਰਸਾ ‘ਚ ਸ਼ਰਧਾਲੂਆਂ ਦੀ ਆਮਦ ਹੋਈ ਸ਼ੁਰੂ, ਨਾਮ ਚਰਚਾ ਵੀ ਹੋਈ
ਸਿਰਸਾ : ਡੇਰਾ ਸਿਰਸਾ ਮੁਖੀ ਰਹੀਮ ਸਿੰਘ ਨੂੰ ਸਾਧਵੀ ਬਲਾਤਕਾਰ ਮਾਮਲੇ ਵਿੱਚ 20 ਸਾਲ ਦੀ ਸਜ਼ਾ ਹੋਣ ਤੋਂ ਬਾਅਦ ਬੰਦ ਹੋਇਆ ਡੇਰਾ ਸਿਰਸਾ 71 ਦਿਨਾਂ ਬਾਅਦ ਸ਼ਾਹ ਮਸਤਾਨਾ ਦੇ ਜਨਮ ਦਿਨ ਮੌਕੇ ਖੁੱਲ੍ਹ ਗਿਆ। ਹਾਈਕੋਰਟ ਦੇ ਆਦੇਸ਼ ਤੋਂ ਬਾਅਦ 7 ਸਤੰਬਰ ਨੂੰ ਚੱਲੀ ਤਲਾਸ਼ੀ ਮੁਹਿੰਮ ਦੌਰਾਨ ਡੇਰੇ ਨੂੰ ਬੰਦ ਕੀਤਾ ਗਿਆ ਸੀ।
ਡੇਰਾ ਖੁੱਲ੍ਹਣ ਦੀ ਖ਼ਬਰ ਜਿਉਂ ਹੀ ਸ਼ਰਧਾਲੂਆਂ ਨੂੰ ਮਿਲੀ ਤਾਂ ਲਗਪਗ ਤਿੰਨ ਹਜ਼ਾਰ ਸ਼ਰਧਾਲੂ ਡੇਰੇ ਵਿੱਚ ਪਹੁੰਚੇ। ਇਸ ਤੋਂ ਪਹਿਲਾਂ ਸ਼ਰਧਾਲੂ ਪੁਰਾਣੇ ਡੇਰੇ ਵਿੱਚ ਆ ਰਹੇ ਸਨ। ਡੇਰੇ ਵਿੱਚ ਨਾਮ ਚਰਚਾ ਵੀ ਹੋਈ ਅਤੇ ਡੇਰਾ ਮੁਖੀ ਦੀ ਮਾਂ ਨਸੀਬ ਕੌਰ ਨੇ ਲੋੜਵੰਦਾਂ ਨੂੰ ਰਾਸ਼ਨ ਵੀ ਵੰਡਿਆ। ਡੇਰੇ ਵਿੱਚ ਆਉਣ ਵਾਲੇ ਸ਼ਰਧਾਲੂਆਂ ਵਿੱਚ ਜ਼ਿਆਦਾ ਗਿਣਤੀ ਔਰਤਾਂ ਦੀ ਹੈ। ਕਰੀਬ ਤਿੰਨ ਹਜ਼ਾਰ ਡੇਰਾ ਪ੍ਰੇਮੀਆਂ ਨੇ ਸ਼ਾਹ ਮਸਤਾਨਾ ਦੇ ਜਨਮ ਦਿਨ ਸਬੰਧੀ ਨਵੇਂ ਡੇਰੇ ਵਿੱਚ ਮੱਥਾ ਟੇਕਿਆ। ਡੇਰੇ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਔਰਤਾਂ ਅਤੇ ਪੁਰਸ਼ਾਂ ਦੀਆਂ ਵੱਖ-ਵੱਖ ਕਤਾਰਾਂ ਬਣਾਈਆਂ ਗਈਆਂ। ਨਾਮ ਚਰਚਾ ਕਰਨ ਆਏ ਡੇਰਾ ਪ੍ਰੇਮੀਆਂ ਦੇ ਚਿਹਰੇ ਉਤੇ ਹੁਣ ਚਿੰਤਾ ਦੀਆਂ ਲਕੀਰਾਂ ਦੀ ਬਜਾਏ ਇਸ ਗੱਲ ਦੀ ਖ਼ੁਸ਼ੀ ਸੀ ਕਿ ਨਾਮ ਚਰਚਾ ਲਈ ਤਾਂ ਡੇਰਾ ਖੁੱਲ੍ਹ ਗਿਆ ਹੈ ਪਰ ਉਨ੍ਹਾਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਨਾਮ ਚਰਚਾ ਵਿੱਚ ਡੇਰਾ ਮੁਖੀ ਦੇ ਦੀਦਾਰ ਨਹੀਂ ਹੋਏ।
ਡੇਰੇ ਵਿੱਚ ਤਲਾਸ਼ੀ ਮੁਹਿੰਮ ਤੋਂ ਬਾਅਦ ਸਾਰੀਆਂ ਸਰਗਰਮੀਆਂ ਬੰਦ ਹੋ ਗਈਆਂ ਸਨ। ਕੁਝ ਗਿਣੇ-ਚੁਣੇ ਸੇਵਕ ਅਤੇ ਡੇਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਹੀ ਡੇਰੇ ਵਿੱਚ ਸਨ। ਤਲਾਸ਼ੀ ਮੁਹਿੰਮ ਲਈ ਹਾਈਕੋਰਟ ਵੱਲੋਂ ਨਿਯੁਕਤ ਕੋਰਟ ਕਮਿਸ਼ਨਰ ਏ.ਕੇ.ਐਸ.ਪੰਵਾਰ ਦੋ ਦਿਨ ਪਹਿਲਾਂ ਸਿਰਸਾ ਆਏ ਸਨ।
ઠਉਸ ਸਮੇਂ ਉਨ੍ਹਾਂ ਸਪੱਸ਼ਟ ਕਰ ਦਿੱਤਾ ਸੀ ਕਿ ਡੇਰੇ ਜਾਂ ਇਸ ਦੇ ਆਸ਼ਰਮਾਂ ਵਿੱਚ ਸਤਿਸੰਗ ਦੀ ਮਨਾਹੀ ਨਹੀਂ ਹੈ, ਜਿਸ ਤੋਂ ਬਾਅਦ ਕੈਥਲ ਵਿੱਚ ਡੇਰਾ ਆਸ਼ਰਮ ਖੋਲ੍ਹ ਦਿੱਤਾ ਗਿਆ ਸੀ ਅਤੇ ਸਿਰਸਾ ਵਿੱਚ ਡੇਰਾ ਹੈੱਡਕੁਆਰਟਰ ਨੂੰ ਵੀ ਨਾਮ ਚਰਚਾ ਲਈ ਖੋਲ੍ਹ ਦਿੱਤਾ ਗਿਆ।

ਦਿਨੋਂ-ਦਿਨ ਵਧ ਰਹੀ ਰਾਮ ਰਹੀਮ ਦੇ ਦੋਸ਼ਾਂ ਦੀ ਸੂਚੀ
ਪਾਸਪੋਰਟ ਵਿਭਾਗ ਨੇ ਅੱਧੇ ਘੰਟੇ ਦੇ ਅੰਦਰ ਹੀ ਡੇਰਾ ਮੁਖੀ ਨੂੰ ਜਾਰੀ ਕੀਤਾ ਸੀ ਪਾਸਪੋਰਟ
ਚੰਡੀਗੜ੍ਹ : ਬਲਾਤਕਾਰ ਕੇਸ ਵਿਚ 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ ਲੈ ਕੇ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ। ਇਕ ਹੋਰ ਖੁਲਾਸਾ ਹੋਇਆ ਹੈ ਕਿ ਪਾਸਪੋਰਟ ਵਿਭਾਗ ਨੇ ਨਿਯਮਾਂ ਨੂੰ ਇਕ ਪਾਸੇ ਰੱਖ ਕੇ ਅੰਬਾਲਾ ਵਿਚ ਸਿਰਫ ਅੱਧੇ ਘੰਟੇ ਅੰਦਰ ਰਾਮ ਰਹੀਮ ਨੂੰ ਨਵਾਂ ਪਾਸਪੋਰਟ ਜਾਰੀ ਕਰ ਦਿੱਤਾ ਸੀ। ਰਾਮ ਰਹੀਮ ਨੇ 2015 ਵਿਚ ਟੋਪੀ ਪਾ ਕੇ ਪਾਸਪੋਰਟ ਲਈ ਫੋਟੋ ਖਿਚਵਾਈ ਸੀ, ਵਿਦੇਸ਼ ਮੰਤਰਾਲਾ ਇਸ ਦੀ ਜਾਂਚ ਕਰ ਰਿਹਾ ਹੈ। ਨਿਯਮਾਂ ਅਨੁਸਾਰ ਬਿਨੈਕਾਰ ਪਾਸਪੋਰਟ ਲਈ ਵਰਤੋਂ ਕੀਤੀ ਜਾਣ ਵਾਲੀ ਫੋਟੋ ਵਿਚ ਟੋਪੀ ਪਾ ਕੇ ਫੋਟੋ ਨਹੀਂ ਖਿਚਵਾ ਸਕਦਾ। ਰਾਮ ਰਹੀਮ ਦੇ ਖਿਲਾਫ ਪਾਸਪੋਰਟ ਐਕਟ ਦੇ ਤਹਿਤ ਕੇਸ ਦਰਜ ਹੋ ਸਕਦਾ ਹੈ।

 

Check Also

ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਲ 2024-25 ਲਈ ਬਜਟ ਕੀਤਾ ਗਿਆ ਪੇਸ਼

ਬਜਟ ਇਜਲਾਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਗੂੰਜਿਆ ਅੰਮਿ੍ਰਤਸਰ/ਬਿਊਰੋ ਨਿਊਜ਼ : ਸ਼ੋ੍ਰਮਣੀ …