ਪਰਗਟ ਸਿੰਘ ਨੇ ਬਾਦਲਾਂ ਦੇ ਸਮਾਗਮਾਂ ‘ਚੋਂ ਰੱਖੀ ਦੂਰੀ
ਜਲੰਧਰ/ਬਿਊਰੋ ਨਿਊਜ਼ : ਜਮਸ਼ੇਰ ਵਿੱਚ ਲੱਗਣ ਵਾਲੇ ਕੂੜਾ ਪਲਾਂਟ ਨੂੰ ਲੈ ਕੇ ਬਾਦਲਾਂ ਅਤੇ ਹਲਕਾ ਵਿਧਾਇਕ ਪਰਗਟ ਸਿੰਘ ਵਿੱਚ ਪੈਦਾ ਹੋਇਆ ਡੈੱਡਲਾਕ ਪਿਛਲੇ ਢਾਈ ਮਹੀਨਿਆਂ ਤੋਂ ਜਾਰੀ ਹੈ। ਦੋਹਾਂ ਧਿਰਾਂ ਵਿਚਾਲੇ ਸੁਲ੍ਹਾ ਸਫ਼ਾਈ ਕਰਵਾਉਣ ਲਈ ਨਾ ਤਾਂ ਕੋਈ ਅੱਗੇ ਆਇਆ ਹੈ ਤੇ ਨਾ ਹੀ ਇਸ ਖੜੌਤ ਨੂੰ ਖਤਮ ਕਰਨ ਲਈ ਪਰਗਟ ਸਿੰਘ ਨੇ ਕੋਈ ਯਤਨ ਕੀਤਾ ਹੈ। ਇਸ ਸਮੇਂ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਜਲੰਧਰ ਜ਼ਿਲ੍ਹੇ ਵਿੱਚ ਚਾਰ-ਚਾਰ ਗੇੜੇ ਮਾਰ ਲਏ ਹਨ। ਇਨ੍ਹਾਂ ਸਾਰੇ ਗੇੜਿਆਂ ਦੌਰਾਨ ਜਲੰਧਰ ਛਾਉਣੀ ਦੇ ਵਿਧਾਇਕ ਪਰਗਟ ਸਿੰਘ ਗੈਰ ਹਾਜ਼ਰ ਰਹੇ। ਬਾਦਲਾਂ ਤੇ ਪਰਗਟ ਸਿੰਘ ਵਿਚਾਲੇ ਸ਼ੁਰੂ ਹੋਏ ਰੇੜਕੇ ਦੇ ਚਲਦਿਆਂ ਜਲੰਧਰ ਛਾਉਣੀ ਤੋਂ ਟਿਕਟਾਂ ਦੇ ਕਈ ਹੋਰ ਚਾਹਵਾਨ ਵੀ ਜ਼ੋਰ ਅਜ਼ਮਾਈ ਕਰਨ ਲੱਗ ਪਏ ਹਨ।ਪ੍ਰਾਪਤ ਜਾਣਕਾਰੀ ਅਨੁਸਾਰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪਿਛਲੇ ਦਿਨੀਂ ਜਲੰਧਰ ‘ਚ ਦੋ ਰਾਤਾਂ ਰੁਕ ਕੇ ਗਏ ਸਨ। ਉਦੋਂ ਸ਼੍ਰੋਮਣੀ ਅਕਾਲੀ ਦਲ ਦੇ ਪਰਗਟ ਸਿੰਘ ਨੂੰ ਛੱਡ ਕੇ ਸਾਰੇ ਵਿਧਾਇਕ ਹਾਜ਼ਰੀ ਭਰ ਕੇ ਗਏ ਸਨ। ਦਿਨ ਵੇਲੇ ਪੀਏਪੀ ਗਰਾਊਂਡ ਵਿੱਚ ਹੋਏ ਸਮਾਗਮ ਦੌਰਾਨ ਵੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੋਲ ਸ਼੍ਰੋਮਣੀ ਅਕਾਲੀ ਦਲ ਦੇ ਕੈਬਨਿਟ ਮੰਤਰੀ ਅਜੀਤ ਸਿੰਘ ਕੋਹਾੜ, ਮੁੱਖ ਸੰਸਦੀ ਸਕੱਤਰ ਪਵਨ ਕੁਮਾਰ ਟੀਨੂੰ, ਗੁਰਪ੍ਰਤਾਪ ਸਿੰਘ ਵਡਾਲਾ ਤੇ ਅਵਿਨਾਸ਼ ਚੰਦਰ ਤੇ ਸਾਬਕਾ ਮੰਤਰੀ ਤੇ ਵਿਧਾਇਕ ਸਰਬਣ ਸਿੰਘ ਫਿਲੌਰ ਸਮੇਤ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਵੀ ਹਾਜ਼ਰੀ ਭਰੀ ਸੀ, ਪਰ ਇੱਥੇ ਵੀ ਪਰਗਟ ਸਿੰਘ ਹਾਜ਼ਰ ਨਹੀਂ ਸੀ ਹੋਏ। ਇਨ੍ਹਾਂ ਸਮਾਗਮਾਂ ਤੋਂ ਕੁਝ ਦਿਨ ਪਹਿਲਾਂ ਵੀ ਉਪ ਮੁੱਖ ਮੰਤਰੀ ਜਲੰਧਰ ਰਾਤ ਰਹਿ ਕੇ ਗਏ ਸਨ ਤਦ ਵੀ ਪਰਗਟ ਸਿੰਘ ਹਾਜ਼ਰ ਨਹੀਂ ਸੀ ਹੋਏ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਚਾਰ ਦਿਨ ਨਕੋਦਰ ਵਿਧਾਨ ਸਭਾ ਹਲਕੇ ਵਿਚ ਸੰਗਤ ਦਰਸ਼ਨ ਕਰਕੇ ਗਏ ਹਨ। ਇਨ੍ਹਾਂ ਸੰਗਤ ਦਰਸ਼ਨਾਂ ਦੌਰਾਨ ਜਲੰਧਰ ਛਾਉਣੀ ਨਾਲ ਲੱਗਦੇ ਪਿੰਡਾਂ ‘ਚ ਮੁੱਖ ਮੰਤਰੀ ਘੰਟਿਆਂ ਬੱਧੀ ਰੁਕੇ ਸਨ ਪਰ ਤਦ ਵੀ ਪਰਗਟ ਸਿੰਘ ਨੇ ਇਨ੍ਹਾਂ ਸਮਾਗਮਾਂ ਤੋਂ ਦੂਰੀ ਬਣਾਈ ਰੱਖੀ। ਦੋਹਾਂ ਧਿਰਾਂ ‘ਚ ਪੈਦਾ ਹੋਈ ਤਲਖੀ ਦੇ ਚੱਲਦਿਆਂ ਹੀ ਪਰਗਟ ਸਿੰਘ ਨੇ ਆਪਣੇ ਹਲਕੇ ‘ਚ ਸਰਗਰਮੀਆਂ ਜਾਰੀ ਰੱਖੀਆਂ ਹੋਈਆਂ ਹਨ ਤੇ ਉਹ ਵਿਕਾਸ ਕੰਮਾਂ ਦੇ ਉਦਘਾਟਨ ਵੀ ਕਰ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਜਦੋਂ ਦੀ ਉਨ੍ਹਾਂ ਮੁੱਖ ਸੰਸਦੀ ਸਕੱਤਰ ਬਣਨ ਤੋਂ ਨਾਂਹ ਕੀਤੀ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਕੋਈ ਗੱਲਬਾਤ ਨਹੀਂ ਹੋਈ।ਦੱਸਣਾ ਬਣਦਾ ਹੈ ਕਿ ਦੋਵੇਂ ਧਿਰਾਂ ਆਪੋ ਆਪਣੇ ਸਟੈਂਡ ‘ਤੇ ਅੜੀਆਂ ਹੋਣ ਕਾਰਨ ਹਲਕੇ ਵਿੱਚ ਇਹ ਸੰਕੇਤ ਜਾ ਰਹੇ ਹਨ ਕਿ ਇਸ ਵਾਰ ਜਲੰਧਰ ਛਾਉਣੀ ਤੋਂ ਸ਼੍ਰੋਮਣੀ ਅਕਾਲੀ ਦਲ ਆਪਣਾ ਉਮੀਦਵਾਰ ਬਦਲ ਸਕਦਾ ਹੈ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …