ਨੌਜਵਾਨ ਨੇ ਪੁੱਛਿਆ – ਤੁਸੀਂ 25 ਸਾਲ ਵਿਧਾਇਕ ਰਹੇ ਹੋ, ਇਲਾਕੇ ਲਈ ਕੀ ਕੰਮ ਕੀਤਾ? ਭੱਠਲ ਨੇ ਨੌਜਵਾਨ ਦੇ ਮਾਰ ਦਿੱਤਾ ਥੱਪੜ
ਸੰਗਰੂਰ : ਪਿੰਡ ਬੁਸ਼ੈਹਰਾ ਵਿਚ ਐਤਵਾਰ ਨੂੰ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਇਕ ਨੌਜਵਾਨ ਨੂੰ ਸ਼ਰ੍ਹੇਆਮ ਥੱਪੜ ਮਾਰ ਦਿੱਤਾ। ਉਸ ਨੌਜਵਾਨ ਨੇ ਪੁੱਛ ਲਿਆ ਸੀ ਕਿ ਤੁਸੀਂ ਪੰਜ ਵਾਰ ਵਿਧਾਇਕ ਬਣੀ ਹੋ। ਇਲਾਕੇ ਦੇ ਵਿਕਾਸ ਲਈ ਕੀ ਕੀਤਾ? ਥੱਪੜ ਤੋਂ ਬਾਅਦ ਕਾਂਗਰਸ ਵਰਕਰ ਨੌਜਵਾਨ ਨੂੰ ਘਸੀਟਦੇ ਹੋਏ ਇਕ ਪਾਸੇ ਲੈ ਗਏ ਅਤੇ ਬੀਬੀ ਭੱਠਲ ਚੋਣ ਰੈਲੀ ਵਿਚੋਂ ਚਲੀ ਗਈ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਰੋਧੀਆਂ ਨੇ ਘਟਨਾ ਨੂੰ ਸ਼ਰਮਨਾਕ ਕਰਾਰ ਦਿੱਤਾ ਹੈ। ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਅਤੇ ਸੰਗਰੂਰ ਤੋਂ ਲੋਕ ਸਭਾ ਲਈ ਕਾਂਗਰਸੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਐਤਵਾਰ ਨੂੰ ਦੁਪਹਿਰ ਵੇਲੇ ਲਹਿਰਾਗਾਗਾ ਦੇ ਪਿੰਡ ਬੂਸ਼ੈਹਰਾ ਵਿਚ ਪ੍ਰਚਾਰ ਕਰਨ ਪਹੁੰਚੇ ਸਨ। ਤਦ ਨੌਜਵਾਨ ਨੇ ਢਿੱਲੋਂ ਕੋਲੋਂ ਸਵਾਲ ਪੁੱਛਿਆ ਤਾਂ ਮੰਚ ‘ਤੇ ਬੈਠੇ ਨੇਤਾਵਾਂ ਨੇ ਕਿਹਾ ਕਿ ਸਵਾਲ ਬਾਅਦ ਵਿਚ ਪੁੱਛਣਾ।
ਰੈਲੀ ਸਮਾਪਤ ਹੋਣ ਤੋਂ ਬਾਅਦ ਭੱਠਲ ਜਦ ਜਾਣ ਲੱਗੀ ਤਾਂ ਕੁਲਦੀਪ ਨਾਮ ਦੇ ਨੌਜਵਾਨ ਨੇ ਸਵਾਲ ਪੁੱਛਿਆ ਕਿ ਤੁਸੀਂ 25 ਸਾਲ ਵਿਧਾਇਕ ਰਹੇ ਹੋ, ਤੁਸੀਂ ਇਲਾਕੇ ਲਈ ਕੀ ਕੰਮ ਕੀਤਾ। ਇਸ ਸਵਾਲ ਨਰਾਜ ਹੋਈ ਬੀਬੀ ਭੱਠਲ ਨੇ ਉਸ ਨੌਜਵਾਨ ਦੇ ਜ਼ੋਰ ਨਾਲ ਥੱਪੜ ਮਾਰ ਦਿੱਤਾ। ਬੀਬੀ ਭੱਠਲ ਨੇ ਕਿਹਾ ਕਿ ਕਈ ਲੋਕ ਜਾਣ ਬੁਝ ਕੇ ਸਮਾਗਮ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। ‘ਆਪ’ ਹਾਰ ਦੀ ਬੌਖਲਾਹਟ ਵਿਚ ਆ ਕੇ ਨੌਜਵਾਨਾਂ ਨੂੰ ਭੜਕਾ ਕੇ ਅਜਿਹੀਆਂ ਘਟੀਆ ਹਰਕਤਾਂ ਕਰਵਾ ਰਹੀ ਹੈ।
ਥੱਪੜ ਮਾਰਨ ਦੀ ਬਜਾਏ ਭੱਠਲ ਨੂੰ ਸਵਾਲ ਦਾ ਜਵਾਬ ਦੇਣਾ ਚਾਹੀਦਾ ਸੀ : ਭਗਵੰਤ ਮਾਨ
ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਇਸ ਘਟਨਾ ਨੂੰ ਸ਼ਰਮਨਾਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਬੀਬੀ ਭੱਠਲ ਨੂੰ ਨੌਜਵਾਨ ਵਲੋਂ ਪੁੱਛੇ ਗਏ ਸਵਾਲ ਦਾ ਜਵਾਬ ਦੇਣਾ ਚਾਹੀਦਾ ਸੀ ਨਾ ਕਿ ਥੱਪੜ ਮਾਰਨਾ ਚਾਹੀਦਾ ਸੀ। ਸਵਾਲਾਂ ਦੇ ਜਵਾਬ ਤੋਂ ਬੀਬੀ ਭੱਠਲ ਦਾ ਭੱਜਣਾ ਕੋਈ ਚੰਗੀ ਗੱਲ ਨਹੀਂ ਹੈ।