ਰੇਤ ਮਾਈਨਿੰਗ ਅਤੇ ਹਸਪਤਾਲਾਂ ਨੂੰ ਲੈ ਕੇ ਹੋਣ ਲੱਗੀ ਛਾਪੇਮਾਰੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਹੀ ਪਾਰਟੀ ਦੇ ਵਿਧਾਇਕ ਪੂਰੇ ਐਕਸ਼ਨ ਵਿਚ ਆ ਗਏ ਹਨ। ਫਾਜ਼ਿਲਕਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਾਵਨਾ ਨੇ ਭਾਰਤ-ਪਾਕਿ ਸਰਹੱਦ ਦੇ ਨੇੜੇ ਰੇਤ ਨਾਲ ਭਰੀ ਇਕ ਟਰਾਲੀ ਫੜੀ ਹੈ। ਮੀਡੀਆ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਟਰਾਲੀ ਵਾਲੇ ਨੇ ਪੁਲਿਸ ਵਾਲਿਆਂ ਨੂੰ ਕੁਚਲਣ ਦੀ ਕੋਸ਼ਿਸ਼ ਵੀ ਕੀਤੀ। ਪੁਲਿਸ ਨੇ ਪਿੱਛਾ ਕੀਤਾ ਤਾਂ ਉਹ ਭੱਜਦੇ ਹੋਏ ਬਾਰਡਰ ਤੱਕ ਪਹੁੰਚ ਗਿਆ ਅਤੇ ਬੀਐਸਐਫ ਨੇ ਟਰਾਲੀ ਵਾਲੇ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ। ਵਿਧਾਇਕ ਨਰਿੰਦਰਪਾਲ ਸਿੰਘ ਸਾਵਨਾ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਦੋ-ਤਿੰਨਾਂ ਤੋਂ ਖਬਰ ਮਿਲ ਰਹੀ ਸੀ ਕਿ ਫਾਜ਼ਿਲਕਾ ਦੇ ਪਿੰਡਾਂ ਵਿਚ ਰੇਤ ਮਾਈਨਿੰਗ ਦਾ ਕੰਮ ਹੋ ਰਿਹਾ ਹੈ। ਉਧਰ ਦੂਜੇ ਪਾਸੇ ਅੰਮਿ੍ਰਤਸਰ ਈਸਟ ਤੋਂ ਜਿੱਤੀ ਆਮ ਆਦਮੀ ਪਾਰਟੀ ਦੀ ਵਿਧਾਇਕ ਡਾ. ਜੀਵਨਜੋਤ ਕੌਰ ਨੇ ਅੱਜ ਵੇਰਕਾ ਮਿਲਕ ਪਲਾਂਟ ਦਾ ਦੌਰਾ ਕੀਤਾ ਅਤੇ ਉਸ ਤੋਂ ਬਾਅਦ ਉਹ ਸਿੱਧਾ ਵੇਰਕਾ ਦੇ ਹਸਪਤਾਲ ਵਿਚ ਪਹੁੰਚ ਗਏ। ਵਿਧਾਇਕ ਨੇ ਹਸਪਤਾਲ ਵਿਚ ਗੰਦਗੀ ਨੂੰ ਦੇਖ ਕੇ ਪੂਰੇ ਸਟਾਫ ਨੂੰ ਪਹਿਲੀ ਚਿਤਾਵਨੀ ਦੇ ਦਿੱਤੀ ਅਤੇ ਕਿਹਾ ਕਿ ਅਗਲੀ ਵਾਰ ਕਾਰਵਾਈ ਹੀ ਹੋਵੇਗੀ।