Breaking News
Home / ਪੰਜਾਬ / ‘ਆਪ’ ਦੀ ਨਿਗ੍ਹਾ ‘ਚ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਬਿਲਕੁਲ ਸਹੀ

‘ਆਪ’ ਦੀ ਨਿਗ੍ਹਾ ‘ਚ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਬਿਲਕੁਲ ਸਹੀ

ਚੋਣਾਂ ਦੌਰਾਨ ਲੱਗੇ ਵੱਖ-ਵੱਖ ਦੋਸ਼ਾਂ ਤੋਂ ਮਿਲੀ ਕਲੀਨ ਚਿੱਟ
ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਇਕਾਈ ਨੇ ਹਾਈਕਮਾਂਡ ਕੋਲੋਂ ਇੰਚਾਰਜ ਨਿਯੁਕਤ ਕਰਨ ਦੀ ਮੰਗ ਕਰਦਿਆਂ ਹੈਰਾਨੀ ਭਰੇ ਢੰਗ ਨਾਲ ਪਹਿਲੇ ਇੰਚਾਰਜਾਂ ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਨੂੰ ਚੋਣਾਂ ਦੌਰਾਨ ਲੱਗੇ ਵੱਖ-ਵੱਖ ਦੋਸ਼ਾਂ ਤੋਂ ਕਲੀਨ ਚਿੱਟ ਦੇ ਦਿੱਤੀ ਹੈ। ਸੂਤਰਾਂ ਅਨੁਸਾਰ ਦਿੱਲੀ ਵਿਖੇ ਪਾਰਟੀ ਦੀ ਕੌਮੀ ਕੌਂਸਲ ਦੀ ਮੀਟਿੰਗ ਦੌਰਾਨ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਦੀਆਂ ਮੁਸ਼ਕਲਾਂ ਅਤੇ ਮੰਗਾਂ ਸੁਣਨ ਲਈ ਤਿੰਨ ਆਗੂਆਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਮੰਤਰੀ ਗੋਪਾਲ ਰਾਏ ਅਤੇ ਪੰਕਜ ਕੁਮਾਰ ਦੀ ਡਿਊਟੀ ਲਾਈ ਗਈ ਸੀ। ਮੀਟਿੰਗ ਵਿੱਚ ਪੰਜਾਬ ਵੱਲੋਂ ਪਾਰਟੀ ਪ੍ਰਧਾਨ ਭਗਵੰਤ ਮਾਨ, ਸਹਿ ਪ੍ਰਧਾਨ ਅਮਨ ਅਰੋੜਾ ਸਮੇਤ ਕਈ ਵਿਧਾਇਕ, ਸੂਬਾਈ ਲੀਡਰ ਅਤੇ ਜ਼ਿਲ੍ਹਿਆਂ ਆਦਿ ਦੇ ਪ੍ਰਧਾਨ ਵੀ ਮੌਜੂਦ ਸਨ। ਸੂਤਰਾਂ ਅਨੁਸਾਰ ਇਸ ਮੀਟਿੰਗ ਤੋਂ ਪਹਿਲਾਂ ਸੂਬਾਈ ਲੀਡਰਸ਼ਿਪ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਇੰਚਾਰਜਾਂ ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਉਪਰ ਪੈਸੇ ਲੈ ਕੇ ਟਿਕਟਾਂ ਵੰਡਣ ਸਮੇਤ ਹੋਰ ਕਈ ਤਰ੍ਹਾਂ ਦੇ ਲੱਗੇ ਦੋਸ਼ਾਂ ਨੂੰ ਗਲਤ ਦੱਸਿਆ। ਆਗੂਆਂ ਨੇ ਕਿਹਾ ਕਿ ਦੋਹਾਂ ਖ਼ਿਲਾਫ਼ ਲੱਗੇ ਦੋਸ਼ਾਂ ਵਿੱਚੋਂ ਕਿਸੇ ਇਕ ਦਾ ਸਬੂਤ ਵੀ ਸਾਹਮਣੇ ਨਹੀਂ ਆਇਆ। ਇਕ ਲੀਡਰ ਨੇ ਤਾਂ ਇੱਥੋਂ ਤੱਕ ਕਿਹਾ ਕਿ ਜੇ ਇਹ ਦੋਵੇਂ ਇੰਚਾਰਜ ਨਾ ਹੁੰਦੇ ਤਾਂ ਪੰਜਾਬ ਦੇ ਕਈ ਲੀਡਰਾਂ ਦੇ ਆਪਸੀ ਲੜਾਈ ਵਿੱਚ ਸਿਰ ਪਾਟ ਜਾਣੇ ਸਨ। ਸੂਤਰਾਂ ਅਨੁਸਾਰ ਸੂਬਾ ਇਕਾਈ ਲਈ ਇੰਚਾਰਜ ਨਿਯੁਕਤ ਕਰਨ ਦੀ ਮੰਗ ਬਾਰੇ ਇਕ ਪ੍ਰਮੁੱਖ ਆਗੂ ਨੇ ਕਿਹਾ ਕਿ ਪੰਜਾਬ ਦੀ ਲੀਡਰਸ਼ਿਪ ਨੂੰ ਚੰਗੇ ਢੰਗ ਨਾਲ ਖਿਡਾਉਣ ਲਈ ਤੁਰੰਤ ‘ਕੋਚ’ ਨਿਯੁਕਤ ਕੀਤਾ ਜਾਵੇ। ਸੂਤਰਾਂ ਅਨੁਸਾਰ ਹਾਈਕਮਾਂਡ ਇੰਚਾਰਜ ਲਾਉਣ ਲਈ ਕਾਹਲੀ ਨਹੀਂ ਦਿਖ ਰਹੀ। ਕੌਮੀ ਆਗੂਆਂ ਨੇ ਕਿਹਾ ਕਿ ਪਹਿਲਾਂ ਹਾਈਕਮਾਂਡ ਉਪਰ ਪੰਜਾਬ ਵਿੱਚ ਫਾਲਤੂ ਦਖਲਅੰਦਾਜ਼ੀ ਕਰਨ ਦੇ ਦੋਸ਼ ਲੱਗਦੇ ਰਹੇ ਹਨ। ਇਸ ਲਈ ਭਗਵੰਤ ਮਾਨ, ਅਮਨ ਅਰੋੜਾ ਅਤੇ ਸੁਖਪਾਲ ਖਹਿਰਾ ਸਮੁੱਚੀ ਲੀਡਰਸ਼ਿਪ ਦੀ ਰਾਏ ਲੈ ਕੇ ਜੋ ਵੀ ਸਾਂਝੇ ਫੈਸਲੇ ਕਰਨਗੇ, ਸਿਆਸੀ ਮਾਮਲਿਆਂ ਬਾਰੇ ਕਮੇਟੀ (ਪੀਏਸੀ)
ਉਨ੍ਹਾਂ ਉਪਰ ਮੋਹਰ ਲਾਉਂਦੀ ਜਾਵੇਗੀ। ਮੀਟਿੰਗ ਵਿੱਚ ਖਹਿਰਾ ਮੌਜੂਦ ਨਹੀਂ ਸਨ ਪਰ ਪਤਾ ਲੱਗਾ ਹੈ ਕਿ ਕਈ ਆਗੂਆਂ ਨੇ ਵਿਰੋਧੀ ਧਿਰ ਦੇ ਆਗੂ ਦੀ ਕਾਰਗੁਜ਼ਾਰੀ ਉਪਰ ਵੀ ਸਵਾਲ ਉਠਾਏ ਅਤੇ ਹਾਈਕਮਾਂਡ ਤੋਂ ਮੰਗ ਕੀਤੀ ਕਿ ਖਹਿਰਾ ਨੂੰ ਪਾਰਟੀ ਵਿੱਚ ਉਸ ਦੇ ਅਧਿਕਾਰ ਖੇਤਰ ਬਾਰੇ ਸਪੱਸ਼ਟ ਕੀਤਾ ਜਾਵੇ। ਹਾਈਕਮਾਂਡ ਨੇ ਪੰਜਾਬ ਲੀਡਰਸ਼ਿਪ ਨੂੰ ਨਗਰ ਨਿਗਮ ਚੋਣਾਂ ਦੀਆਂ ਤਿਆਰੀਆਂ ਕਰਨ ਲਈ ਕਿਹਾ।
ਖਹਿਰਾ ਦੇ ਲਈ ਆਪਣੇ ਹੀ ਬਣੇ ਚੁਣੌਤੀ
ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਜਦੋਂ ਤੋਂ ਨਸ਼ਿਆਂ ਦੇ ਮਾਮਲੇ ਨੂੰ ਲੈ ਕੇ ਵਿਵਾਦਾਂ ‘ਚ ਆਏ ਹਨ ਤਾਂ ਉਨ੍ਹਾਂ ਦੀ ਆਪਣੀ ਪਾਰਟੀ ਦੇ ਹੀ ਕਈ ਆਗੂ ਚੁੱਪ ਕਰਕੇ ਬੈਠ ਗਏ। ਉਨ੍ਹਾਂ ਦੇ ਬਚਾਅ ‘ਚ ਅਜੇ ਤੱਕ ਕੋਈ ਵੀ ਆਗੂ ਖੁੱਲ੍ਹ ਕੇ ਸਾਹਮਣੇ ਨਹੀਂ ਆਇਆ। ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਤੋਂ ਇਲਾਵਾ ਕਈ ਵਿਧਾਇਕ ਇਸ ਮਾਮਲੇ ‘ਚ ਚੁੱਪ ਰਹਿਣਾ ਹੀ ਠੀਕ ਸਮਝ ਰਹੇ ਹਨ। ਅਸਲ ‘ਚ ਕਈ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦਾ ਆਗੂ ਬਣਾਏ ਜਾਣ ਦੇ ਵਿਰੋਧੀ ਸਨ ਪ੍ਰੰਤੂ ਖੁੱਲ੍ਹ ਕੇ ਸਾਹਮਣੇ ਨਹੀਂ ਆ ਰਹੇ ਸਨ। ਅਜਿਹੇ ‘ਚ ਹੁਣ ਜਦੋਂ ਖਹਿਰਾ ਵਿਵਾਦਾਂ ‘ਚ ਘਿਰ ਗਏ ਹਨ ਤਾਂ ਇਨ੍ਹਾਂ ਨੇਤਾਵਾਂ ਨੇ ਵੀ ਉਨ੍ਹਾਂ ਦੇ ਬਚਾਅ ਲਈ ਕੁਝ ਨਹੀਂ ਕੀਤਾ। ਨਸ਼ੇ ਦੇ ਮਾਮਲੇ ‘ਚ ਅਕਾਲੀ-ਭਾਜਪਾ ਅਤੇ ਕਾਂਗਰਸੀ ਆਗੂਆਂ ਦੇ ਖਿਲਾਫ ਬਿਆਨਬਾਜ਼ੀ ਕਰਨ ਵਾਲੇ ਖਹਿਰਾ ਬਸ ਖੁਦ ਹੀ ਆਪਣੇ ਬਚਾਅ ‘ਚ ਖੜ੍ਹੇ ਹਨ। ਉਨ੍ਹਾਂ ਦੀ ਪਾਰਟੀ ਦੇ ਨੇਤਾਵਾਂ ਦੀ ਚੁੱਪ ਉਨ੍ਹਾਂ ਦੇ ਲਈ ਚੁਣੌਤੀ ਬਣ ਗਈ ਹੈ।
ਆਗੂ ਮਜੀਠੀਆ ਜਾਂ ਕੋਹਾੜ
ਸੁਖਪਾਲ ਖਹਿਰਾ ਨੂੰ ਫਾਜ਼ਿਲਕਾ ਦੀ ਅਦਾਲਤ ਵੱਲੋਂ ਜਦੋਂ ਸੰਮਨ ਭੇਜੇ ਗਏ ਤਾਂ ਬਿਕਰਮ ਮਜੀਠੀਆ ਦੇ ਹੱਥ ‘ਚ ਮੁੱਦਾ ਆ ਗਿਆ। ਅਕਾਲੀ ਵਿਧਾਇਕ ਗਰੁੱਪ ਲੀਡਰ ਅਜੀਤ ਸਿੰਘ ਕੋਹਾੜ ਦੀ ਅਗਵਾਈ ‘ਚ ਖਹਿਰਾ ਨੂੰ ਹਟਾਉਣ ਸਬੰਧੀ ਮੰਗ ਪੱਤਰ ਦੇਣ ਦੇ ਲਈ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪ ਸਿੰਘ ਦੇ ਕੋਲ ਪਹੁੰਚ ਗਏ। ਜਿੱਥੇ ਅਜੀਤ ਸਿੰਘ ਕੋਹਾੜਾ ਨੂੰ ਪ੍ਰੈਸ ਕਾਨਫਰੰਸ ਵੀ ਕਰਨੀ ਪਈ ਪ੍ਰੰਤੂ ਪੂਰੀ ਕਮਾਨ ਮਜੀਠੀਆ ਨੇ ਆਪਣੇ ਹੱਥ ‘ਚ ਲੈ ਲਈ ਅਤੇ ਕੋਹਾੜ ਨੂੰ ਇਕ ਸ਼ਬਦ ਵੀ ਨਹੀਂ ਬੋਲਣ ਦਿੱਤਾ। ਕੋਹਾੜ ਵੀ ਮਜੀਠੀਆ ਦਾ ਮੂੰਹ ਤੱਕਦੇ ਹੀ ਰਹਿ ਗਏ ਕਿ ਮਜੀਠੀਆ ਸ਼ਾਇਦ ਉਨ੍ਹਾਂ ਨੂੰ ਵੀ ਦੋ ਸ਼ਬਦ ਬੋਲਣ ਲਈ ਕਹਿਣਗੇ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਅਜੀਤ ਸਿੰਘ ਕੋਹਾੜ ਵਿਧਾਨ ਸਭਾ ‘ਚ ਗਰੁੱਪ ਲੀਡਰ ਵੀ ਹਨ ਅਤੇ ਬਿਕਰਮ ਮਜੀਠੀਆ ਤੋਂ ਬਹੁਤ ਸੀਨੀਅਰ ਵੀ ਹਨ।
ਇੰਟੈਲੀਜੈਂਸੀ ਆਪਣੇ ਕੰਮ ‘ਚ ਫੇਲ੍ਹ
ਲੰਘੇ ਸਮੇਂ ਦੌਰਾਨ ਪੰਜਾਬ ‘ਚ ਸ਼ਰ੍ਹੇਆਮ ਕਈ ਕਤਲ ਹੋਏ ਅਤੇ ਹੋਰ ਕਈ ਵੱਡੇ ਮਾਮਲਿਆਂ ਦੀ ਜਾਂਚ ‘ਚ ਪੰਜਾਬ ਪੁਲਿਸ ਦਾ ਇੰਟੈਲੀਜੈਂਸ ਵਿੰਗ ਫੇਲ੍ਹ ਸਾਬਤ ਹੋਇਆ ਹੈ। ਹੁਣ ਤੱਕ ਇਕ ਮਾਮਲਾ ਅਜਿਾ ਨਹੀਂ ਹੈ, ਜਿਸ ‘ਚ ਕੋਈ ਸੁਰਾਗ ਲੱਭਿਆ ਹੋਵੇਗ। ਆਪਣੇ ਕੰਮ ‘ਚ ਫੇਲ੍ਹ ਸਾਬਤ ਹੋਇਆ ਇੰਟੈਲੀਜੈਂਸ ਵਿੰਗ ਰਾਜਨੇਤਾਵਾਂ ਨੂੰ ਖੁਸ਼ ਕਰਨ ‘ਚ ਅੱਗੇ ਹੈ। ਸੱਤਾਧਾਰੀ ਆਗੂਆਂ ਦੇ ਇਸ਼ਾਰੇ ‘ਤੇ ਵਿਰੋਧੀ ਧਿਰ ਦੇ ਆਗੂਆਂ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਹਾਸਲ ਕਰਕੇ ਉਨ੍ਹਾਂ ਤੱਕ ਪਹੁੰਚਾਉਣਾ, ਹਾਲਾਂਕਿ ਇੰਟੈਲੀਜੈਂਸ ਦਾ ਹੀ ਕੰਮ ਹੈ, ਪ੍ਰੰਤੂ ਸਿਰਫ਼ ਇਹ ਹੀ ਕੰਮ ਇੰਟੈਨੀਜੈਂਸੀ ਵੱਲੋਂ ਚੰਗੀ ਤਰ੍ਹਾਂ ਕੀਤਾ ਜਾ ਰਿਹਾ ਹੈ ਪ੍ਰੰਤੂ ਇੰਟੈਲੀਜੈਂਸ ਆਪਣੇ ਅਸਲੀ ਕੰਮ ਨੂੰ ਨੇਪਰੇ ਚਾੜ੍ਹਨ ‘ਚ ਬਿਲਕੁਲ ਫੇਲ੍ਹ ਸਾਬਤ ਹੋ ਰਹੀ ਹੈ ਪ੍ਰੰਤੂ ਰਾਜਨੀਤਿਕ ਆਗੂਆਂ ਨੂੰ ਖੁਸ਼ ਕਰਨ ਲਈ ਇੰਟੈਲੀਜੈਂਸ ਅੱਗੇ ਹੈ।

 

Check Also

ਸਾਬਕਾ ਕਾਂਗਰਸੀ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਸ਼ੋ੍ਰਮਣੀ ਅਕਾਲੀ ਦਲ ’ਚ ਹੋ ਸਕਦੇ ਹਨ ਸ਼ਾਮਲ

ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਹੋਈ ਕੇਪੀ ਦੀ ਮੀਟਿੰਗ ਜਲੰਧਰ/ਬਿਊਰੋ ਨਿਊਜ਼ : ਪੰਜਾਬ ਕਾਂਗਰਸ …