ਪ੍ਰਸ਼ਾਦ ’ਚ ਮਿਲੇ ਖਜੂਰ ਅਤੇ ਮਿੱਠੇ ਚੌਲ
ਅੰਮਿ੍ਰਤਸਰ/ਬਿਊਰੋ ਨਿਊਜ਼
ਕਰਤਾਰਪੁਰ ਕੌਰੀਡੋਰ 611 ਦਿਨਾਂ ਬਾਅਦ ਅੱਜ ਬੁੱਧਵਾਰ ਨੂੰ ਫਿਰ ਖੁੱਲ੍ਹ ਗਿਆ ਹੈ। ਅੱਜ ਪਹਿਲੇ ਦਿਨ ਕੌਰੀਡੋਰ ਰਸਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਏ ਭਾਰਤੀ ਸ਼ਰਧਾਲੂਆਂ ਦਾ ਪਾਕਿਸਤਾਨੀ ਅਧਿਕਾਰੀਆਂ ਅਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਵਾਗਤ ਕੀਤਾ। ਇਹ ਵੀ ਦੱਸਿਆ ਗਿਆ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਚ ਸੰਗਤ ਨੂੰ ਖਜੂਰ ਅਤੇ ਮਿੱਠੇ ਚੌਲਾਂ ਦਾ ਪ੍ਰਸਾਦ ਦਿੱਤਾ ਜਾ ਰਿਹਾ ਹੈ। ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਪਰਤੇ ਸ਼ਰਧਾਲੂਆਂ ਨੇ ਦੱਸਿਆ ਕਿ ਗੁਰਦੁਆਰਾ ਕਮੇਟੀ ਵਲੋਂ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਹਨ। ਕੌਰੀਡੋਰ ਤੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਤੱਕ ਜਾਣ ਲਈ ਵਿਸ਼ੇਸ਼ ਵਾਹਨਾਂ ਦੀ ਵਿਵਸਥਾ ਕੀਤੀ ਗਈ ਹੈ। ਧਿਆਨ ਰਹੇ ਕਿ ਭਲਕੇ 18 ਨਵੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 10 ਮੰਤਰੀਆਂ ਦੇ ਨਾਲ ਕਰਤਾਰਪੁਰ ਸਾਹਿਬ ਜਾ ਰਹੇ ਹਨ ਅਤੇ 19 ਨਵੰਬਰ ਨੂੰ ਪੰਜਾਬ ਦੇ 6 ਮੰਤਰੀ ਅਤੇ ਕੁਝ ਵਿਧਾਇਕ ਵੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣਗੇ।