27.7 C
Toronto
Thursday, September 18, 2025
spot_img
Homeਪੰਜਾਬਭਗਵੰਤ ਮਾਨ ਦੀ ਸੰਗਰੂਰ ਰਿਹਾਇਸ਼ ਅੱਗੇ ਮਜ਼ਦੂਰਾਂ 'ਤੇ ਲਾਠੀਚਾਰਜ

ਭਗਵੰਤ ਮਾਨ ਦੀ ਸੰਗਰੂਰ ਰਿਹਾਇਸ਼ ਅੱਗੇ ਮਜ਼ਦੂਰਾਂ ‘ਤੇ ਲਾਠੀਚਾਰਜ

ਕਈਆਂ ਦੀਆਂ ਪੱਗਾਂ ਲੱਥੀਆਂ, ਕਈ ਜ਼ਖ਼ਮੀ ਹੋਏ
ਸੰਗਰੂਰ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਰਿਹਾਇਸ਼ ਦੇ ਅੱਗੇ ਬੁੱਧਵਾਰ ਨੂੰ ਪੁਲਿਸ ਵਲੋਂ ਮਜ਼ਦੂਰਾਂ ਉਤੇ ਜ਼ੋਰਦਾਰ ਲਾਠੀਚਾਰਜ ਕੀਤਾ ਗਿਆ। ਇਸ ਦੌਰਾਨ ਕਈ ਮਜ਼ਦੂਰ ਆਗੂਆਂ ਦੀਆਂ ਪੱਗਾਂ ਲੱਥ ਗਈਆਂ ਅਤੇ ਕਈ ਮਜ਼ਦੂਰ ਜ਼ਖ਼ਮੀ ਹੋ ਗਏ। ਪੰਜਾਬ ਭਰ ਤੋਂ ਹਜ਼ਾਰਾਂ ਮਜ਼ਦੂਰ ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਮੁੱਖ ਮੰਤਰੀ ਦੇ ਘਰ ਦਾ ਕੁੰਡਾ ਖੜਕਾਉਣ ਪੁੱਜੇ ਸਨ। ਲਾਠੀਚਾਰਜ ਦੌਰਾਨ ਕਈ ਮਜ਼ਦੂਰਾਂ ਦੀਆਂ ਲੱਤਾਂ ਉਪਰ ਖੂਨ ਵਹਿ ਰਿਹਾ ਸੀ ਅਤੇ ਦੋ ਮਜ਼ਦੂਰਾਂ ਦੀਆਂ ਪੱਗਾਂ ਲੱਥਣ ਕਾਰਨ ਕੇਸ ਖੁੱਲ੍ਹ ਗਏ ਸਨ। ਕਰੀਬ ਇੱਕ ਘੰਟੇ ਤੱਕ ਮੁੱਖ ਮੰਤਰੀ ਦੀ ਕੋਠੀ ਅੱਗੇ ਮਾਹੌਲ ਤਣਾਅਪੂਰਨ ਬਣਿਆ ਰਿਹਾ। ਪ੍ਰਸ਼ਾਸਨ ਵੱਲੋਂ ਮੁੱਖ ਮੰਤਰੀ ਨਾਲ 21 ਦਸੰਬਰ ਨੂੰ ਸਵੇਰੇ 11 ਵਜੇ ਚੰਡੀਗੜ੍ਹ ਵਿੱਚ ਮੀਟਿੰਗ ਕਰਵਾਉਣ ਦੇ ਦਿੱਤੇ ਲਿਖਤੀ ਭਰੋਸੇ ਮਗਰੋਂ ਮਜ਼ਦੂਰਾਂ ਨੇ ਧਰਨਾ ਪ੍ਰਦਰਸ਼ਨ ਖ਼ਤਮ ਕਰ ਦਿੱਤਾ।
ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਅਗਵਾਈ ਹੇਠ ਪੰਜਾਬ ਭਰ ਤੋਂ ਹਜ਼ਾਰਾਂ ਮਜ਼ਦੂਰਾਂ ਨੇ ਨੈਸ਼ਨਲ ਹਾਈਵੇਅ ਉੱਤੇ ਪਟਿਆਲਾ-ਸੰਗਰੂਰ ਬਾਈਪਾਸ ਦੇ ਓਵਰਬ੍ਰਿਜ ਨਜ਼ਦੀਕ ਇਕੱਠੇ ਹੋ ਕੇ ਵਿਸ਼ਾਲ ਰੋਸ ਰੈਲੀ ਕੀਤੀ। ਇਸ ਮਗਰੋਂ ਰੋਸ ਮਾਰਚ ਕਰਦੇ ਹੋਏ ਮਜ਼ਦੂਰ ਜਿਉਂ ਹੀ ਮੁੱਖ ਮੰਤਰੀ ਦੀ ਰਿਹਾਇਸ਼ ਵਾਲੀ ਕਲੋਨੀ ਦੇ ਮੁੱਖ ਗੇਟ ਨਜ਼ਦੀਕ ਪੁੱਜੇ ਤਾਂ ਉਥੇ ਸਖ਼ਤ ਨਾਕੇਬੰਦੀ ਕਰਕੇ ਵੱਡੀ ਤਾਦਾਦ ਪੁਲਿਸ ਫੋਰਸ ਤਾਇਨਾਤ ਸੀ। ਜਿਉਂ ਹੀ ਮਜ਼ਦੂਰਾਂ ਨੇ ਜਬਰੀ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਮਜ਼ਦੂਰਾਂ ਉਪਰ ਲਾਠੀਚਾਰਜ ਕਰ ਦਿੱਤਾ। ਇਸ ਦੌਰਾਨ ਕਈ ਮਜ਼ਦੂਰਾਂ ਦੀਆਂ ਪੱਗਾਂ ਲੱਥ ਗਈਆਂ। ਮਜ਼ਦੂਰ ਆਗੂਆਂ ਨੇ ਕਈ ਮਜ਼ਦੂਰ ਔਰਤਾਂ ਦੇ ਵੀ ਸੱਟਾਂ ਲੱਗਣ ਦਾ ਦਾਅਵਾ ਕੀਤਾ ਹੈ।
ਸਾਂਝੇ ਮੋਰਚੇ ਵਿੱਚ ਸ਼ਾਮਲ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਲਖਵੀਰ ਲੌਂਗੋਵਾਲ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਆਗੂ ਮੱਖਣ ਸਿੰਘ ਰਾਮਗੜ੍ਹ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਭੂਪ ਚੰਦ ਚੰਨੋਂ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਪ੍ਰਕਾਸ਼ ਨੰਦਗੜ੍ਹ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਨੇ ਪੁਲਿਸ ਲਾਠੀਚਾਰਜ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪਿੰਡਾਂ ਵਿਚ ਕੰਮੀਆਂ ਦੇ ਵਿਹੜੇ ਜਾ ਕੇ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਕਰਦੇ ਹਨ, ਪਰ ਮੁੱਖ ਮੰਤਰੀ ਦੇ ਦਰ ‘ਤੇ ਹੱਕ ਲੈਣ ਪੁੱਜੇ ਕਿਰਤੀਆਂ ਉਪਰ ਪੁਲੀਸ ਵਲੋਂ ਅੰਨ੍ਹੇਵਾਹ ਲਾਠੀਚਾਰਜ ਕੀਤਾ ਗਿਆ ਜਿਸ ਦੌਰਾਨ ਕਈਆਂ ਦੀਆਂ ਪੱਗਾਂ ਲੱਥ ਗਈਆਂ ਅਤੇ ਪੁਲੀਸ ਦੀਆਂ ਡਾਂਗਾਂ ਕਾਰਨ ਕਈ ਮਜ਼ਦੂਰ ਜ਼ਖ਼ਮੀ ਹੋਏ ਹਨ। ਮਜ਼ਦੂਰਾਂ ‘ਤੇ ਹੋਏ ਲਾਠੀਚਾਰਜ ਦੀ ਭਾਕਿਯੂ ਏਕਤਾ (ਉਗਰਾਹਾਂ) ਵੱਲੋਂ ਨਿਖੇਧੀ
ਮਾਨਸਾ (ਪੱਤਰ ਪ੍ਰੇਰਕ) : ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਸੰਗਰੂਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਸ਼ਾਂਤਮਈ ਧਰਨਾ ਸ਼ੁਰੂ ਕਰਨ ਮੌਕੇ ਪੰਜਾਬ ਦੇ ਪੇਂਡੂ/ਖੇਤ ਮਜ਼ਦੂਰਾਂ ਉੱਪਰ ਕੀਤੇ ਗਏ ਲਾਠੀਚਾਰਜ ਦੀ ਸਖ਼ਤ ਨਿਖੇਧੀ ਕੀਤੀ ਗਈ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਆਰੋਪ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਕਹਿਣੀ ਅਤੇ ਕਰਨੀ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕਹਿੰਦੇ ਹਨ ਕਿ ਲੋਕਾਂ ਨੂੰ ਸੜਕਾਂ ਤੇ ਰੇਲਾਂ ਰੋਕਣ ਦੀ ਥਾਂ ਵਿਧਾਇਕਾਂ ਜਾਂ ਮੰਤਰੀਆਂ ਦੇ ਘਰਾਂ ਅੱਗੇ ਰੋਸ ਪ੍ਰਦਰਸ਼ਨ ਕਰਨੇ ਚਾਹੀਦੇ ਹਨ, ਪਰ ਜਦੋਂ ਕੋਈ ਜਥੇਬੰਦੀ ਆਪਣੀਆਂ ਮੰਗਾਂ ਦੀ ਪੂਰਤੀ ਲਈ ਕਿਸੇ ਮੰਤਰੀ ਜਾਂ ਸਰਕਾਰੀ ਅਧਿਕਾਰੀ ਦੇ ਘਰ ਅੱਗੇ ਧਰਨਾ ਲਗਾਉਣ ਪੁੱਜਦੀ ਹੈ ਤਾਂ ਉਨ੍ਹਾਂ ‘ਤੇ ਡਾਂਗਾਂ ਵਰ੍ਹਾਈਆਂ ਜਾਂਦੀਆਂ ਹਨ। ਕਿਸਾਨ ਆਗੂਆਂ ਨੇ ਪੁਲਿਸ ਜਬਰ ਦੇ ਬਾਵਜੂਦ ਧਰਨੇ ਵਿੱਚ ਡਟਣ ਵਾਲੇ ਹਜ਼ਾਰਾਂ ਮਜ਼ਦੂਰਾਂ ਦੇ ਸਿਦਕ ਦੀ ਸ਼ਲਾਘਾ ਕਰਦਿਆਂ ਐਲਾਨ ਕੀਤਾ ਹੈ ਕਿ ਕਿਸਾਨਾਂ ਵੱਲੋਂ ਇਸ ਧਰਨੇ ਦੀ ਡੱਟਵੀਂ ਹਮਾਇਤ ਕੀਤੀ ਜਾਵੇਗੀ।

 

RELATED ARTICLES
POPULAR POSTS