26.4 C
Toronto
Thursday, September 18, 2025
spot_img
Homeਪੰਜਾਬਭਾਜਪਾ ਨੇ ਕਿਸਾਨਾਂ ਦੇ ਵਿਰੋਧ ਕਾਰਨ ਕਾਹਨੂੰਵਾਨ ਅਤੇ ਕਾਦੀਆਂ ਵਿਚ ਸਮਾਗਮ ਕੀਤੇ...

ਭਾਜਪਾ ਨੇ ਕਿਸਾਨਾਂ ਦੇ ਵਿਰੋਧ ਕਾਰਨ ਕਾਹਨੂੰਵਾਨ ਅਤੇ ਕਾਦੀਆਂ ਵਿਚ ਸਮਾਗਮ ਕੀਤੇ ਰੱਦ

ਕਿਸਾਨਾਂ ਨੇ ਭਾਜਪਾ ਆਗੂ ਦਾ ਘਰ ਵੀ ਘੇਰਿਆ
ਗੁਰਦਾਸਪੁਰ : ਕੇਂਦਰ ਦੀ ਭਾਜਪਾ ਸਰਕਾਰ ਦੇ ਸੱਤ ਸਾਲ ਪੂਰੇ ਹੋਣ ‘ਤੇ ਗੁਰਦਾਸਪੁਰ ਦੇ ਕਸਬੇ ਕਾਹਨੂੰਵਾਲ ‘ਚ ਭਾਜਪਾ ਆਗੂਆਂ ਵੱਲੋਂ ਕੀਤੇ ਜਾ ਰਹੇ ਸਮਾਗਮ ਦੇ ਵਿਰੋਧ ਵਿੱਚ ਹਲਕੇ ਦੇ ਸੈਂਕੜੇ ਕਿਸਾਨਾਂ ਨੇ ਮੰਡਲ ਪ੍ਰਧਾਨ ਅਜੇ ਚੰਦੇਲ ਦੇ ਘਰ ਨੂੰ ਘੇਰ ਲਿਆ। ਕਿਸਾਨਾਂ ਨੇ ਕਸਬੇ ਵਿੱਚ ਰੋਸ ਮਾਰਚ ਵੀ ਕੀਤਾ। ਕਿਸਾਨਾਂ ਦੇ ਵਿਰੋਧ ਕਾਰਨ ਭਾਜਪਾ ਨੂੰ ਆਪਣੇ ਸਮਾਗਮ ਰੱਦ ਕਰਨੇ ਪਏ। ਮਾਝਾ ਸੰਘਰਸ਼ ਕਮੇਟੀ ਦੇ ਮੁੱਖ ਆਗੂ ਬਲਵਿੰਦਰ ਸਿੰਘ ਰਾਜੂ ਅਤੇ ਕੰਵਲਜੀਤ ਸਿੰਘ ਪੰਡੋਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਭਾਜਪਾ ਦੇ ਆਗੂਆਂ ਵੱਲੋਂ ਸਥਾਨਕ ਹਸਪਤਾਲ ਤੇ ਕੁੱਝ ਪਿੰਡਾਂ ਵਿੱਚ ਮੀਟਿੰਗਾਂ ਕਰਨ ਬਾਰੇ ਪਤਾ ਲੱਗਿਆ ਸੀ। ਇਸ ‘ਤੇ ਸੰਯੁਕਤ ਮੋਰਚੇ ਵੱਲੋਂ ਪੰਜਾਬ ਭਰ ਵਿੱਚ ਭਾਜਪਾ ਦੀ ਹਰ ਸਰਗਰਮੀ ਦਾ ਵਿਰੋਧ ਕਰਨ ਦੇ ਦਿੱਤੇ ਗਏ ਸੱਦੇ ਤਹਿਤ ਤੁਰੰਤ ਇਸ ਦਾ ਨੋਟਿਸ ਲਿਆ ਗਿਆ। ਉਨ੍ਹਾਂ ਹਲਕੇ ਦੀਆਂ ਕਿਸਾਨ ਜਥੇਬੰਦੀਆਂ ਨਾਲ ਭਾਜਪਾ ਆਗੂ ਦੇ ਘਰ ਦੇ ਸਾਹਮਣੇ ਧਰਨਾ ਦਿੱਤਾ। ਕਿਸਾਨਾਂ ਨੇ ਕੇਂਦਰ ਸਰਕਾਰ ਅਤੇ ਭਾਜਪਾ ਆਗੂਆਂ ਖਿਲਾਫ ਨਾਅਰੇਬਾਜ਼ੀ ਕੀਤੀ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਭਾਜਪਾ ਵੱਲੋਂ ਹਲਕੇ ਅੰਦਰ ਕੋਈ ਵੀ ਸਰਗਰਮੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨ ਉਸ ਦਾ ਡਟ ਕੇ ਵਿਰੋਧ ਕਰਨਗੇ।
ਕਾਦੀਆਂ ਨੇੜਲੇ ਪਿੰਡ ਨਾਥਪੁਰ ਵਿੱਚ ਵੀ ਭਾਜਪਾ ਮਹਿਲਾ ਮੋਰਚਾ ਵੱਲੋਂ ਲਗਾਏ ਜਾ ਰਹੇ ਖ਼ੂਨਦਾਨ ਕੈਂਪ ਨੂੰ ਕਿਸਾਨਾਂ ਨੇ ਬੰਦ ਕਰਵਾ ਦਿੱਤਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ੋਨ ਸਠਿਆਲੀ ਦੇ ਪ੍ਰਧਾਨ ਗੁਰਮੁੱਖ ਸਿੰਘ, ਸੋਹਨ ਸਿੰਘ ਅਤੇ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਭਾਜਪਾ ਵੱਲੋਂ ਨਾਥਪੁਰ ਦੇ ਇੱਕ ਗੁਰਦੁਆਰੇ ਵਿੱਚ ਖ਼ੂਨਦਾਨ ਕੈਂਪ ਲਗਾਉਣ ਬਾਰੇ ਪਤਾ ਲੱਗਿਆ ਸੀ, ਜਿਸ ਦਾ ਵਿਰੋਧ ਕਰਨ ਲਈ ਵੱਡੀ ਗਿਣਤੀ ‘ਚ ਕਿਸਾਨ ਉੱਥੇ ਪਹੁੰਚੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਖ਼ੂਨਦਾਨ ਕੈਂਪ ਤੋਂ ਕੋਈ ਇਤਰਾਜ਼ ਨਹੀਂ ਪਰ ਇਹ ਭਾਜਪਾ ਦੇ ਬੈਨਰ ਹੇਠ ਨਾ ਲਗਾਇਆ ਜਾਵੇ।

 

RELATED ARTICLES
POPULAR POSTS