ਡੀਜੀਪੀ ਵੀ.ਕੇ. ਭਾਵਰਾ ਦੋ ਮਹੀਨਿਆਂ ਦੀ ਛੁੱਟੀ ’ਤੇ ਗਏ
ਚੰਡੀਗੜ੍ਹ/ਬਿਊਰੋ ਨਿਊਜ਼
1992 ਬੈਚ ਦੇ ਆਈਪੀਐਸ ਅਫਸਰ ਗੌਰਵ ਯਾਦਵ ਨੇ ਪੰਜਾਬ ਦੇ ਕਾਰਜਕਾਰੀ ਡੀਜੀਪੀ ਦਾ ਚਾਰਜ ਚੰਡੀਗੜ੍ਹ ’ਚ ਸੰਭਾਲ ਲਿਆ ਹੈ। ਉਨ੍ਹਾਂ ਨੂੰ ਪੰਜਾਬ ਦਾ ਕਾਰਜਕਾਰੀ ਡੀਜੀਪੀ ਲਗਾਉਣ ਦੇ ਨਿਰਦੇਸ਼ ਲੰਘੇ ਕੱਲ੍ਹ ਦਿੱਤੇ ਗਏ ਸਨ। ਮੌਜੂਦਾ ਡੀਜੀਪੀ ਵੀ.ਕੇ. ਭਾਵਰਾ ਅੱਜ 5 ਜੁਲਾਈ ਤੋਂ 2 ਮਹੀਨਿਆਂ ਦੀ ਛੁੱਟੀ ’ਤੇ ਚਲੇ ਗਏ ਹਨ। ਉਨ੍ਹਾਂ ਨੇ ਕੇਂਦਰ ਵਿਚ ਡੈਪੂਟੇਸ਼ਨ ’ਤੇ ਜਾਣ ਸਬੰਧੀ ਚਿੱਠੀ ਵੀ ਭੇਜੀ ਸੀ। ਜ਼ਿਕਰਯੋਗ ਹੈ ਗੌਰਵ ਯਾਦਵ ਉਤਰ ਪ੍ਰਦੇਸ਼ ਦੇ ਜੌਨਪੁਰ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੇ ਸਹੁਰਾ ਪੀ.ਸੀ. ਡੋਗਰਾ ਵੀ ਪੰਜਾਬ ਦੇ ਡੀਜੀਪੀ ਰਹਿ ਚੁੱਕੇ ਹਨ। ਅਹੁਦਾ ਸੰਭਾਲਣ ਤੋਂ ਬਾਅਦ ਕਾਰਜਕਾਰੀ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਸਰਕਾਰ, ਮੁੱਖ ਮੰਤਰੀ ਅਤੇ ਪੰਜਾਬ ਪੁਲਿਸ ਦੀ ਪਹਿਲ ਨਸ਼ਿਆਂ ਅਤੇ ਗੈਂਗਸਟਰ ਕਲਚਰ ਨੂੰ ਕੰਟਰੋਲ ਕਰਨਾ ਹੈ। ਗੌਰਵ ਯਾਦਵ ਦੇ ਅਹੁਦਾ ਸੰਭਾਲਣ ਤੋਂ ਪਹਿਲਾਂ ਕਈ ਸੀਨੀਅਰ ਅਫਸਰਾਂ ਨੂੰ ਪ੍ਰਮੁੱਖ ਅਹੁਦਿਆਂ ਤੋਂ ਹਟਾ ਦਿੱਤਾ ਗਿਆ ਹੈ। 1988 ਬੈਚ ਦੇ ਪਰਬੋਧ ਕੁਮਾਰ ਸਪੈਸ਼ਲ ਡੀਜੀਪੀ ਇੰਟੈਲੀਜੈਂਸ ਸਨ, ਉਨ੍ਹਾਂ ਨੂੰ ਹੁਣ ਹਿਊਮਨ ਰਾਈਟਸ ਕਮਿਸ਼ਨ ਵਿਚ ਲਗਾ ਦਿੱਤਾ ਗਿਆ ਹੈ। 1989 ਬੈਚ ਦੇ ਸੰਜੀਵ ਕਾਲੜਾ ਨੂੰ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਵਿਚ ਸਪੈਸ਼ਲ ਡੀਜੀਪੀ ਹੋਮਗਾਰਡ ਲਗਾਇਆ ਗਿਆ ਹੈ।