ਅਮਨ ਅਰੋੜਾ ਨੂੰ ਲੋਕ ਸੰਪਰਕ ਅਤੇ ਚੇਤਨ ਸਿੰਘ ਜੌੜਾ ਮਾਜਰਾ ਨੂੰ ਮਿਲਿਆ ਸਿਹਤ ਵਿਭਾਗ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦੀ ਕੈਬਨਿਟ ਦਾ ਪਹਿਲਾ ਵਿਸਥਾਰ ਹੋ ਗਿਆ ਹੈ। ਲੰਘੇ ਕੱਲ੍ਹ ਪੰਜਾਬ ਕੈਬਨਿਟ ਵਿਚ ਪੰਜ ਨਵੇਂ ਮੰਤਰੀ ਸ਼ਾਮਿਲ ਹੋਏ ਹਨ। ਇਨ੍ਹਾਂ ਸਾਰੇ ਮੰਤਰੀਆਂ ਨੂੰ ਅੱਜ ਵਿਭਾਗਾਂ ਦੀ ਵੰਡ ਵੀ ਕਰ ਦਿੱਤੀ ਗਈ ਹੈ। ਨਵੇਂ ਮੰਤਰੀਆਂ ਵਿਚ ਸ਼ਾਮਲ ਸੁਨਾਮ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਅਮਨ ਅਰੋੜਾ ਨੂੰ ਲੋਕ ਸੰਪਰਕ ਅਤੇ ਅਰਬਨ ਹਾਊਸਿੰਗ ਵਿਭਾਗ ਦਿੱਤਾ ਗਿਆ ਹੈ। ਅੰਮਿ੍ਰਤਸਰ ਦੱਖਣੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਇੰਦਰਬੀਰ ਸਿੰਘ ਨਿੱਝਰ ਨੂੰ ਲੋਕਲ ਬਾਡੀਜ਼, ਚੇਤਨ ਸਿੰਘ ਜੌੜਾਮਾਜਰਾ ਨੂੰ ਸਿਹਤ ਵਿਭਾਗ, ਫੌਜਾ ਸਿੰਘ ਸਰਾਰੀ ਨੂੰ ਫੂਡ ਪ੍ਰੋਸੈਸਿੰਗ ਅਤੇ ਅਨਮੋਲ ਗਗਨ ਮਾਨ ਨੂੰ ਸੈਰ ਸਪਾਟਾ ਅਤੇ ਸਭਿਆਚਾਰਕ ਵਿਭਾਗ ਦਿੱਤਾ ਗਿਆ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਮੀਤ ਹੇਅਰ ਕੋਲੋਂ ਸਕੂਲੀ ਐਜੂਕੇਸ਼ਨ ਵਿਭਾਗ ਵਾਪਸ ਲੈ ਲਿਆ ਗਿਆ ਅਤੇ ਇਹ ਵਿਭਾਗ ਹੁਣ ਹਰਜੋਤ ਸਿੰਘ ਬੈਂਸ ਨੂੰ ਦੇ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਭਗਵੰਤ ਮਾਨ ਦੀ ਕੈਬਨਿਟ ਪੰਜਾਬ ਦੇ ਇਤਿਹਾਸ ਵਿਚ ਹੁਣ ਤੱਕ ਦੀ ਸਭ ਤੋਂ ਨੌਜਵਾਨ ਕੈਬਨਿਟ ਹੈ। ਇਸ ਤੋਂ ਪਹਿਲਾਂ ਪੰਜਾਬ ਵਿਚ ਬਣੀਆਂ ਸਰਕਾਰਾਂ ਵਿਚ ਜ਼ਿਆਦਾਤਰ ਬਜ਼ੁਰਗ ਚਿਹਰਿਆਂ ਨੂੰ ਹੀ ਤਰਜੀਹ ਦਿੱਤੀ ਜਾਂਦੀ ਸੀ, ਪਰ ਭਗਵੰਤ ਮਾਨ ਨੇ ਇਸ ਵਾਰ ਨੌਜਵਾਨ ਚਿਹਰਿਆਂ ਨੂੰ ਮੰਤਰੀ ਬਣਾ ਕੇ ਨਵਾਂ ਇਤਿਹਾਸ ਸਿਰਜਿਆ ਹੈ।