8 C
Toronto
Wednesday, October 29, 2025
spot_img
Homeਪੰਜਾਬਯੂਥ ਅਕਾਲੀ ਦਲ ਵਲੋਂ 26 ਦੀ ਟਰੈਕਟਰ ਪਰੇਡ 'ਚ ਸ਼ਾਮਲ ਹੋਣ ਲਈ...

ਯੂਥ ਅਕਾਲੀ ਦਲ ਵਲੋਂ 26 ਦੀ ਟਰੈਕਟਰ ਪਰੇਡ ‘ਚ ਸ਼ਾਮਲ ਹੋਣ ਲਈ ਸਾਰਿਆਂ ਨੂੰ ਸੱਦਾ

ਜਲੰਧਰ ‘ਚ ਖੇਤੀ ਕਾਨੂੰਨਾਂ ਖਿਲਾਫ ਟਰੈਕਟਰ ਰੈਲੀ ਵੀ ਕੀਤੀ
ਜਲੰਧਰ/ਬਿਊਰੋ ਨਿਊਜ਼ : ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਦੀ ਅਗਵਾਈ ਹੇਠ ਸੋਮਵਾਰ ਨੂੰ ਜਲੰਧਰ ਵਿਚ ਟਰੈਕਟਰ ਰੈਲੀ ਕੱਢੀ ਗਈ। ਇਹ ਰੈਲੀ ਪ੍ਰਤਾਪਪੁਰਾ ਦੀ ਦਾਣਾ ਮੰਡੀ ਤੋਂ ਸ਼ੁਰੂ ਹੋਈ, ਜੋ ਵਡਾਲਾ ਚੌਕ ਅਤੇ ਸ੍ਰੀ ਗੁਰੂ ਰਵਿਦਾਸ ਚੌਕ ਤੋਂ ਹੁੰਦਿਆ ਗੁਰੂ ਤੇਗ ਬਹਾਦਰ ਨਗਰ ਦੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿੱਚ ਸਮਾਪਤ ਹੋਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ 26 ਜਨਵਰੀ ਨੂੰ ਟਰੈਕਟਰ ਮਾਰਚ ਦੇ ਦਿੱਤੇ ਸੱਦੇ ‘ਤੇ ਯੂਥ ਅਕਾਲੀ ਦਲ ਵੀ ਵੱਡੀ ਗਿਣਤੀ ‘ਚ ਟਰੈਕਟਰ ਲੈ ਕੇ ਸ਼ਾਮਲ ਹੋਵੇਗਾ। ਉਨਾਂ ਪੰਜਾਬ ਦੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ 26 ਦੀ ਕਿਸਾਨ ਪਰੇਡ ਵਿੱਚ ਵੱਡੀ ਗਿਣਤੀ ‘ਚ ਦਿੱਲੀ ਪਹੁੰਚਣ। ਪਰਮਬੰਸ ਸਿੰਘ ਰੋਮਾਣਾ ਤੇ ਸਰਬਜੋਤ ਸਿੰਘ ਸਾਬੀ ਨੇ ਕਿਹਾ ਕਿ ਟਰੈਕਟਰ ਪਰੇਡ ਦੇ ਦਿੱਤੇ ਗਏ ਸੱਦੇ ਨੂੰ ਸਫ਼ਲ ਬਣਾਉਣ ਵਿੱਚ ਯੂਥ ਅਕਾਲੀ ਦਲ ਵੱਲੋਂ ਵੀ ਕਿਸਾਨੀ ਝੰਡੇ ਹੇਠ ਪੂਰਾ ਸਹਿਯੋਗ ਦਿੱਤਾ ਜਾਵੇਗਾ ਤਾਂ ਜੋ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਅੱਖਾਂ ਖੋਲੀਆਂ ਜਾ ਸਕਣ। ਆਗੂਆਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕਿਸਾਨ ਅੰਦੋਲਨ ਪ੍ਰਤੀ ਹੁਣ ਤੱਕ ਬਹੁਤ ਹੀ ਗੈਰ-ਜ਼ਿੰਮੇਵਾਰਾਨਾ ਰਵੱਈਆ ਅਪਨਾਇਆ ਗਿਆ ਹੈ ਤੇ ਵਾਰ-ਵਾਰ ਮੀਟਿੰਗਾਂ ਕਰ ਕੇ ਸਰਕਾਰ ਕਿਸਾਨਾਂ ਨੂੰ ਨਿਰਾਸ਼ ਕਰ ਰਹੀ ਹੈ ਤੇ ਸੋਚ ਰਹੀ ਹੈ ਕਿ ਅਜਿਹੇ ਹੱਥਕੰਡੇ ਵਰਤ ਕੇ ਇਸ ਅੰਦੋਲਨ ਨੂੰ ਤਾਰਪੀਡੋ ਕਰ ਸਕੇਗੀ ਪਰ ਇਸ ਦੇ ਉਲਟ ਅੰਦੋਲਨ ਹੋਰ ਮਜ਼ਬੂਤ ਹੋ ਰਿਹਾ ਹੈ ਤੇ ਇਹ ਸਭ ਕੁਝ ਕਿਸਾਨ ਜਥੇਬੰਦੀਆਂ ਤੇ ਅੰਦੋਲਨ ਵਿੱਚ ਡਟੇ ਹੋਏ ਕਿਸਾਨਾਂ ਦੀ ਮਿਹਨਤ, ਸਿਦਕ ਤੇ ਸਿਰੜ ਦਾ ਹੀ ਨਤੀਜਾ ਹੈ।
ਉਨਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਅੱਖਾਂ ਖੋਲਣ ਲਈ ਕਿਸਾਨਾਂ ਵੱਲੋਂ ਕੀਤੀ ਜਾਣ ਵਾਲੀ ਟਰੈਕਟਰ ਪਰੇਡ ਵਿੱਚ ਯੂਥ ਅਕਾਲੀ ਦਲ ਦੇ ਵਰਕਰ ਤੇ ਆਗੂ ਕਿਸਾਨੀ ਝੰਡੇ ਹੇਠ ਹੀ ਅੱਗੇ ਵਧਣਗੇ ਤੇ ਦੂਜੀਆਂ ਸਿਆਸੀ ਧਿਰਾਂ ਨੂੰ ਵੀ ਚਾਹੀਦਾ ਹੈ ਕਿ ਪੰਜਾਬ ਦੇ ਕਿਸਾਨਾਂ ਦੇ ਹੱਕਾਂ ਹਿਤਾਂ ਲਈ ਕਿਸਾਨ ਜਥੇਬੰਦੀਆਂ ਵੱਲੋਂ ਲੜੇ ਜਾ ਰਹੇ ਇਸ ਘੋਲ ਵਿੱਚ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਪਣਾ ਯੋਗਦਾਨ ਪਾਉਣ ਤਾਂ ਜੋ ਕਿਸਾਨਾਂ ਦੀ ਜਿੱਤ ਨੂੰ ਯਕੀਨੀ ਬਣਾਇਆ ਜਾ ਸਕੇ।

RELATED ARTICLES
POPULAR POSTS