Breaking News
Home / ਪੰਜਾਬ / ਸ੍ਰੀ ਹਰਿਮੰਦਰ ਸਾਹਿਬ ਨੂੰ ‘ਮੋਸਟ ਵਿਜ਼ਿਟਡ ਪਲੇਸ ਆਫ ਦਾ ਵਰਲਡ’ ਐਵਾਰਡ

ਸ੍ਰੀ ਹਰਿਮੰਦਰ ਸਾਹਿਬ ਨੂੰ ‘ਮੋਸਟ ਵਿਜ਼ਿਟਡ ਪਲੇਸ ਆਫ ਦਾ ਵਰਲਡ’ ਐਵਾਰਡ

ਅੰਮ੍ਰਿਤਸਰ/ਬਿਊਰੋ ਨਿਊਜ਼ : ਲੰਡਨ (ਯੂ.ਕੇ.) ਦੀ ‘ਵਰਲਡ ਬੁੱਕ ਆਫ ਰਿਕਾਰਡਜ਼’ ਸੰਸਥਾ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਨੂੰ ‘ਮੋਸਟ ਵਿਜ਼ਿਟਿਡ ਪਲੇਸ ਆਫ ਦਾ ਵਰਲਡ’ (ਵਿਸ਼ਵ ਭਰ ਵਿੱਚੋਂ ਸਭ ਤੋਂ ਵੱਧ ਸੈਲਾਨੀਆਂ ਦੀ ਆਮਦ ਵਾਲਾ ਸਥਾਨ) ਦਾ ਪੁਰਸਕਾਰ ਦਿੱਤਾ ਗਿਆ। ਇਹ ਸਨਮਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪਿਆ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਇਹ ਪੁਰਸਕਾਰ ਪ੍ਰਾਪਤ ਕੀਤਾ। ਇਸ ਪੁਰਸਕਾਰ ਉਪਰ ਸੰਸਥਾ ਦੇ ਚੇਅਰਮੈਨ ਦਿਵਾਕਰ ਸੁਕੁਲ ઠਅਤੇ ਇੰਗਲੈਂਡ ਦੇ ਸੰਸਦ ਮੈਂਬਰ ਵਰਿੰਦਰ ਸ਼ਰਮਾ ਦੇ ਦਸਤਖ਼ਤ ਹਨ।
‘ਵਰਲਡ ਬੁੱਕ ਆਫ ਰਿਕਾਰਡਜ਼’ ਦੀ ਜਨਰਲ ਸਕੱਤਰ ਸੁਰਭੀ ਕੌਲ ਨੇ ਦੱਸਿਆ ਕਿ ਹਰਿਮੰਦਰ ਸਾਹਿਬ ਵਿਖੇ ਸ਼ਰਧਾਲੂਆਂ ਦੀ ਤਿੰਨ ਮਹੀਨਿਆਂ ਦੀ ਆਮਦ ਦਾ ਰਿਕਾਰਡ ਤਿਆਰ ਕੀਤਾ ਗਿਆ, ਜਿਸ ਦੇ ਆਧਾਰ ‘ਤੇ ਸ੍ਰੀ ਹਰਿਮੰਦਰ ਸਾਹਿਬ ਨੂੰ ‘ਮੋਸਟ ਵਿਜ਼ਿਟਿਡ ਪਲੇਸ ਆਫ ਦਾ ਵਰਲਡ’ ਪੁਰਸਕਾਰ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਇਹ ਸਨਮਾਨ ਸਾਈਂ ਸ਼ਿਰਡੀ ਦੇ ਮੰਦਰ, ਮਾਊਂਟ ਆਬੂ ਵਿਖੇ ਬ੍ਰਹਮਕੁਮਾਰੀ ਆਸ਼ਰਮ, ਮਾਤਾ ਵੈਸ਼ਨੋ ਦੇਵੀ ਮੰਦਰ ਨੂੰ ਦਿੱਤੇ ਜਾ ਚੁੱਕੇ ਹਨ। ਵਿਸ਼ਵ ਪੱਧਰ ‘ਤੇ ਚੀਨ ਦੀ ਦੀਵਾਰ ਅਤੇ ਸਟੈਚੂ ਆਫ ਲਿਬਰਟੀ ਨੂੰ ਵੀ ਇਹ ਸਨਮਾਨ ਦਿੱਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਆਖਿਆ ਕਿ ਸ੍ਰੀ ਹਰਿਮੰਦਰ ਸਾਹਿਬ ਵਿਸ਼ਵ ਦਾ ਅਜਿਹਾ ਇਕੱਲਾ ਧਾਰਮਿਕ ਅਸਥਾਨ ਹੈ, ਜਿਥੇ ਮਾਨਵਤਾ ਦੀ ਸੇਵਾ, ਹਰ ਵੇਲੇ ਸਰਬੱਤ ਦੇ ਭਲੇ ਦੀ ਅਰਦਾਸ ਅਤੇ ਗੁਰਬਾਣੀ ਦਾ ਕੀਰਤਨ 24 ਘੰਟੇ ਚੱਲਦਾ ਰਹਿੰਦਾ ਹੈ ਅਤੇ ਬਿਨਾਂ ਕਿਸੇ ਭੇਦਭਾਵ ਦੇ ਰੋਜ਼ਾਨਾ ਹਜ਼ਾਰਾਂ ਲੋਕ ਲੰਗਰ ਛਕਦੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ, ਜਿਸ ਦਾ ਗੁਣਗਾਣ ਖੁਦ ਗੁਰੂ ਸਾਹਿਬ ਨੇ ਕੀਤਾ ਹੈ, ਕਿਸੇ ਪੁਰਸਕਾਰ ਦਾ ਮੁਥਾਜ ਨਹੀਂ ਹੈ ਪਰ ਅਜਿਹੇ ਸਨਮਾਨਾਂ ਨਾਲ ਸਿੱਖ ਕੌਮ ਦਾ ਮਾਣ-ਸਨਮਾਨ ਵਧਦਾ ਹੈ। ਸੰਸਥਾ ਦੇ ਆਗੂ ਰਣਦੀਪ ਸਿੰਘ ਕੋਹਲੀ ਨੇ ਆਖਿਆ ਕਿ ਇਹ ਸਨਮਾਨ ਇੱਥੇ ਲੋਕਾਂ ਦੀ ਆਮਦ, ਸ਼ਰਧਾ ਸਤਿਕਾਰ, ਸਥਾਨ ਦੀ ਮਹਾਨਤਾ, ਵਾਤਾਵਰਨ ਦੇ ਆਧਾਰ ‘ਤੇ ਭੇਟ ਕੀਤਾ ਗਿਆ ਹੈ।

Check Also

ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਨੇ ਸੰਸਦ ਭਵਨ ਦੇ ਬਾਹਰ ਕੀਤਾ ਵਿਰੋਧ ਪ੍ਰਦਰਸ਼ਨ

ਕਿਹਾ : ਸਰਕਾਰ ਕਿਸਾਨਾਂ ਦੀਆਂ ਫਸਲਾਂ ਖਰੀਦਣ ’ਚ ਜਾਣ ਬੁੱਝ ਕੇ ਕਰ ਰਹੀ ਹੈ ਦੇਰੀ …