ਕੇਜਰੀਵਾਲ ਨੇ ਆਖੀ ਸੀ ਰਿਸ਼ਵਤ ਬਾਰੇ ਹੋਈ ਪੇਸ਼ਕਸ਼ ਸਬੰਧੀ ਗੱਲ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ’ਚ ਮਾਫ਼ੀਆ ਦੇ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨੇ ’ਤੇ ਲਿਆ ਹੈ। ਉਨ੍ਹਾਂ ਕੇਜਰੀਵਾਲ ਨੂੰ ਕਿਹਾ ਕਿ ਰਿਸ਼ਵਤ ਲੈਣਾ, ਰਿਸ਼ਵਤ ਦੇਣਾ ਅਤੇ ਮੁੱਖ ਮੰਤਰੀ ਨੂੰ ਰਿਸ਼ਵਤ ਦੇਣ ਦੀ ਪੇਸ਼ਕਸ਼ ਕਰਨਾ ਵੀ ਇਕ ਵੱਡਾ ਜੁਰਮ ਹੈ। ਰਾਜਾ ਵੜਿੰਗ ਨੇ ਕਿਹਾ ਕਿ ਰਿਸ਼ਵਤ ਦੇਣ ਦੀ ਪੇਸ਼ਕਸ਼ ਕਰਨ ਵਾਲਿਆਂ ਦਾ ਨਾਂ ਜਨਤਕ ਨਾ ਕਰਕੇ, ਜਾਂ ਉਨ੍ਹਾਂ ’ਤੇ ਕਾਰਵਾਈ ਨਾ ਕਰਕੇ, ਖੁਦ ਇਸ ’ਚ ਸ਼ਾਮਲ ਹੋਣ ਜਾਂ ਚੁੱਪੀ ਧਾਰ ਕੇ ਉਹ ਉਨ੍ਹਾਂ ਦਾ ਸਮਰਥਨ ਕਰ ਰਹੇ ਹਨ। ਵੜਿੰਗ ਨੇ ਕੇਜਰੀਵਾਲ ਨੂੰ ਚੁਣੌਤੀ ਭਰੇ ਲਹਿਜੇ ’ਚ ਪੁੱਛਿਆ ਕੀ ਉਹ ਮਾਫ਼ੀਆ ਦਾ ਨਾਂ ਜਨਤਕ ਕਰਨਗੇ। ਇਸ ਮਾਮਲੇ ’ਤੇ ਆਮ ਆਦਮੀ ਪਾਰਟੀ ਨੇ ਕਿਹਾ ਕਿ ਸਰਕਾਰ ਇਸ ’ਤੇ ਕਾਰਵਾਈ ਕਰ ਰਹੀ ਹੈ ਅਤੇ ਮਾਫ਼ੀਆ ਰਾਤੋ-ਰਾਤ ਖਤਮ ਨਹੀਂ ਹੋਵੇਗਾ। ਧਿਆਨ ਰਹੇ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਕੇਜਰੀਵਾਲ ਨੇ ਕਿਹਾ ਸੀ ਕਿ ਜਦ ਤੋਂ ਸੂਬੇ ’ਚ ਉਨ੍ਹਾਂ ਦੀ ਸਰਕਾਰ ਬਣੀ ਹੈ ਤਾਂ ਪੰਜਾਬ ਨੂੰ ਲੁੱਟਣ ਵਾਲੇ ਮਾਫ਼ੀਆ ਨੇ ਉਨ੍ਹਾਂ ਤੱਕ ਪਹੁੰਚ ਕਰਨੀ ਸ਼ੁਰੂ ਕਰ ਦਿੱਤੀ ਹੈ। ਕੇਜਰੀਵਾਲ ਨੇ ਕਿਹਾ ਕਿ ਮਾਫ਼ੀਆ ਨੇ ਮੇਰੇ ਤੱਕ, ਮੁੱਖ ਮੰਤਰੀ ਭਗਵੰਤ ਮਾਨ ਤੱਕ ਅਤੇ ਸਾਡੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਵੀ ਸੰਪਰਕ ਕੀਤਾ ਹੈ। ਮਾਫ਼ੀਆ ਨੇ ਸਾਨੂੰ ਪੁੱਛਿਆ ਕਿ ਤੁਹਾਡਾ ਸਿਸਟਮ ਕੀ ਹੈ, ਕਿਸ ਨੂੰ ਪੈਸਾ ਦੇਣਾ ਹੁੰਦਾ ਹੈ ਅਤੇ ਕਿਸ ਤਰ੍ਹਾਂ ਦੇਣਾ ਹੁੰਦਾ ਹੈ। ਕੇਜਰੀਵਾਲ ਨੇ ਕਿਹਾ ਕਿ ਮੈਂ ਸਭ ਨੂੰ ਕਿਹਾ ਕਿ ਸਾਰੇ ਇਮਾਨਦਾਰੀ ਨਾਲ ਕੰਮ ਕਰੋ ਵਰਨਾ ਸਭ ਨੂੰ ਜੇਲ੍ਹ ਭੇਜ ਦਿਆਂਗੇ। ਉਨ੍ਹਾਂ ਕਿਹਾ ਕਿ ਇਕ ਮਹੀਨੇ ਅੰਦਰ ਹੀ ਸਭ ਕੁਝ ਠੀਕ ਹੋ ਗਿਆ। ਇਸ ਵੀਡੀਓ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕੇਜਰੀਵਾਲ ’ਤੇ ਨਿਸ਼ਾਨਾ ਸਾਧਿਆ ਹੈ।
Check Also
ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਮੂਹ ਕੈਬਨਿਟ ਨੇ ਪੰਜਾਬ ਵਾਸੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਦਿੱਤੀ ਵਧਾਈ
ਕਿਹਾ : ਰੌਸ਼ਨੀਆਂ ਦਾ ਇਹ ਪਵਿੱਤਰ ਤਿਉਹਾਰ ਆਪਸੀ ਏਕਤਾ ਅਤੇ ਸਦਭਾਵਨਾ ਦਾ ਸੁਨੇਹਾ ਦਿੰਦਾ ਹੈ …