-9.2 C
Toronto
Friday, January 2, 2026
spot_img
Homeਪੰਜਾਬਖੇਤੀਬਾੜੀ ਸਬੰਧੀ ਸੰਸਦ ਦੀ ਸਥਾਈ ਕਮੇਟੀ ਦੀ ਦਿੱਲੀ 'ਚ ਮੀਟਿੰਗ

ਖੇਤੀਬਾੜੀ ਸਬੰਧੀ ਸੰਸਦ ਦੀ ਸਥਾਈ ਕਮੇਟੀ ਦੀ ਦਿੱਲੀ ‘ਚ ਮੀਟਿੰਗ

ਖੇਤੀ ਕਾਨੂੰਨਾਂ ਬਾਰੇ ਚਰਚਾ ਨਾ ਕਰਨ ‘ਤੇ ਸੁਖਦੇਵ ਢੀਂਡਸਾ ਤੇ ਪ੍ਰਤਾਪ ਬਾਜਵਾ ਵੱਲੋਂ ਵਾਕਆਊਟ
ਚੰਡੀਗੜ੍ਹ/ਬਿਊਰੋ ਨਿਊਜ਼
ਖੇਤੀਬਾੜੀ ਸਬੰਧੀ ਮਾਮਲਿਆਂ ਬਾਰੇ ਸੰਸਦ ਸਥਾਈ ਕਮੇਟੀ ਦੀ ਦਿੱਲੀ ਵਿੱਚ ਹੋਈ ਮੀਟਿੰਗ ਦੌਰਾਨ ਖੇਤੀ ਬਾਰੇ ਕਾਲੇ ਕਾਨੂੰਨਾਂ ‘ਤੇ ਕੋਈ ਚਰਚਾ ਨਾ ਕਰਨ ‘ਤੇ ਸ਼੍ਰੋਮਣੀ ਅਕਾਲੀ ਦਲ (ਡੈਮੋਕਰੈਟਿਕ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਮੀਟਿੰਗ ਵਿੱਚੋਂ ਵਾਕਆਊਟ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨਾਲ ਸਹਿਮਤੀ ਪ੍ਰਗਟ ਕਰਦਿਆਂ ਕਮੇਟੀ ਦੇ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੀ ਵਾਕਆਊਟ ਕਰ ਗਏ।
ਮੀਟਿੰਗ ਦੀ ਸ਼ੁਰੂਆਤ ਵਿੱਚ ਜਦੋਂ ਸੁਖਦੇਵ ਸਿੰਘ ਢੀਂਡਸਾ ਨੇ ਖੇਤੀ ਕਾਨੂੰਨਾਂ ਦਾ ਮੁੱਦਾ ਚੁੱਕਿਆ ਅਤੇ ਇਸ ਸਬੰਧੀ ਚਰਚਾ ਕਰਨ ਦੀ ਮੰਗ ਕੀਤੀ ਤਾਂ ਕਮੇਟੀ ਦੇ ਚੇਅਰਮੈਨ ਨੇ ਇਸ ਮੁੱਦੇ ‘ਤੇ ਚਰਚਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਏਜੰਡਾ ਸਿਰਫ਼ ਪਸ਼ੂ ਪਾਲਣ ‘ਤੇ ਆਧਾਰਤ ਹੈ। ਇਸ ਮਗਰੋਂ ਢੀਂਡਸਾ ਮੀਟਿੰਗ ਵਿੱਚੋਂ ਵਾਕਆਊਟ ਕਰ ਕੇ ਬਾਹਰ ਆ ਗਏ। ਢੀਂਡਸਾ ਨੇ ਕਿਹਾ ਕਿ ਦੇਸ਼ ਦਾ ਅੰਨਦਾਤਾ ਕੌਮੀ ਰਾਜਧਾਨੀ ਦੀਆਂ ਸੜਕਾਂ ‘ਤੇ ਬੈਠਾ ਹੈ ਤੇ ਰੋਜ਼ਾਨਾ ਕਿਸਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ।
ਇਸ ਲਈ ਸਾਰੇ ਦੇਸ਼ ਲਈ ਇਹ ਭਖਵਾਂ ਮੁੱਦਾ ਹੈ ਤੇ ਇਸ ‘ਤੇ ਚਰਚਾ ਕੀਤੇ ਜਾਣ ਦੀ ਲੋੜ ਹੈ। ਅਕਾਲੀ ਦਲ ਡੈਮੋਕਰੈਟਿਕ ਦੇ ਪ੍ਰਧਾਨ ਨੇ ਇਹ ਵੀ ਕਿਹਾ ਕਿ ਸੰਸਦੀ ਕਮੇਟੀਆਂ ‘ਚ ਜੇ ਭਖਦੇ ਮੁੱਦਿਆਂ ‘ਤੇ ਚਰਚਾ ਨਹੀਂ ਕਰਨੀ ਤਾਂ ਮੀਟਿੰਗ ਦੀ ਕੀ ਤੁਕ ਰਹਿ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਾਰੇ ਮੁਲਕ ਦਾ ਕਿਸਾਨ ਅੰਦੋਲਨ ਦੇ ਰਾਹ ਪਿਆ ਹੋਇਆ ਹੈ ਤੇ ਸੰਸਦ ਮੈਂਬਰ ਚੁੱਪ ਰਹਿ ਕੇ ਸਭ ਕੁਝ ਨਹੀਂ ਦੇਖ ਸਕਦੇ। ਉਨ੍ਹਾਂ ਕਿਹਾ ਕਿ ਕਮੇਟੀ ਰਾਹੀਂ ਚਰਚਾ ਕਰ ਕੇ ਮੁੱਖ ਮਕਸਦ ਸਾਰੇ ਮਾਮਲੇ ਨੂੰ ਸਰਕਾਰ ਦੇ ਧਿਆਨ ‘ਚ ਲਿਆਉਣਾ ਹੀ ਸੀ।
ਢੀਂਡਸਾ ਨੇ ਕਿਹਾ ਕਿ ਸੰਸਦ ਦੀ ਖੇਤੀਬਾੜੀ ਬਾਰੇ ਸਥਾਈ ਕਮੇਟੀ ਵੱਲੋਂ ਇਸ ਅਹਿਮ ਮੁੱਦੇ ਨੂੰ ਛੱਡ ਕੇ ਸਿਰਫ ਪਸ਼ੂ ਪਾਲਣ ਏਜੰਡੇ ਬਾਰੇ ਚਰਚਾ ਕਰਨਾ ਮਹੱਤਵਪੂਰਨ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਸੁਪਰੀਮ ਕੋਰਟ ਸਰਕਾਰ ਨੂੰ ਕਿਸਾਨਾਂ ਦੀ ਗੱਲ ਸੁਣਨ ਲਈ ਕਹਿ ਸਕਦੀ ਹੈ ਤਾਂ ਸੰਸਦੀ ਕਮੇਟੀ ਸਰਕਾਰ ‘ਤੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਬਾਅ ਕਿਉਂ ਨਹੀਂ ਪਾ ਸਕਦੀ।

RELATED ARTICLES
POPULAR POSTS