‘ਪਰਾਊਡ ਟੂ ਬੀ ਅਕਾਲੀ’ ਦੇ ਸਟਿੱਕਰ ਗੱਡੀਆਂ ’ਤੇ ਲਗਾਏ
ਚੰਡੀਗੜ੍ਹ/ਬਿਊਰੋ ਨਿਊਜ਼
ਸ਼ੋ੍ਰਮਣੀ ਅਕਾਲੀ ਦਲ ਵਲੋਂ ‘ਪਰਾਊਡ ਟੂ ਬੀ ਅਕਾਲੀ’ ਲਹਿਰ ਦੀ ਸ਼ੁਰੂਆਤ ਕੀਤੀ ਗਈ ਹੈ। ਇਸਦੀ ਜਾਣਕਾਰੀ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਦਿੱਤੀ ਗਈ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਤੇ ਪੰਜਾਬੀਆਂ ਦੀ ਆਪਣੀ ਪੰਥਕ ਖੇਤਰੀ ਪਾਰਟੀ ਸ਼ੋ੍ਰਮਣੀ ਅਕਾਲੀ ਦਲ ਦੇ ਸ਼ਾਨਾਮੱਤੀ ਇਤਿਹਾਸ ਅਤੇ ਵਿਰਸੇ ਉਤੇ ਹਰ ਪੰਜਾਬੀ ਮਾਣ ਕਰਦਾ ਹੈ ਤੇ ਹਮੇਸ਼ਾ ਕਰਦਾ ਰਹੇਗਾ। ਉਨ੍ਹਾਂ ਕਿਹਾ ਕਿ ਅੱਜ ਅਕਾਲ ਪੁਰਖ ਅਤੇ ਗੁਰੂ ਸਾਹਿਬਾਨ ਤੋਂ ਅਸ਼ੀਰਵਾਦ ਲੈ ਕੇ ਇਸੇ ਜਜ਼ਬੇ ਨੂੰ ਸਮਰਪਿਤ ‘ਪਰਾਊਡ ਟੂ ਬੀ ਅਕਾਲੀ’ ਲਹਿਰ ਦਾ ਅਗਾਜ਼ ਸ਼ੋ੍ਰਮਣੀ ਅਕਾਲੀ ਦਲ ਦੇ ਮੁੱਖ ਦਫਤਰ ਚੰਡੀਗੜ੍ਹ ਤੋਂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਾਰਟੀ ਦੇ ਅਣਗਿਣਤ ਵਰਕਰਾਂ ਨੇ ਆਪਣੀਆਂ ਗੱਡੀਆਂ ’ਤੇ ‘ਮੈਨੂੰ ਮਾਣ ਅਕਾਲੀ ਹੋਣ ਉਤੇ’ ਦੇ ਸਟਿੱਕਰ ਲਗਾ ਕੇ ਇਸਦੀ ਸ਼ੁਰੂਆਤ ਕੀਤੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਇਸ ਮੁਹਿੰਮ ਨੂੰ ਪੰਜਾਬ ਦੇ ਹਰ ਸ਼ਹਿਰ, ਪਿੰਡ, ਮੁਹੱਲੇ ਅਤੇ ਘਰ-ਘਰ ਤੱਕ ਲਿਜਾਇਆ ਜਾਵੇਗਾ।