Breaking News
Home / ਪੰਜਾਬ / ਕਾਲੇ ਖੇਤੀ ਕਾਨੂੰਨ ਰੱਦ ਕਰਾਉਣ ਲਈ ਕਿਸਾਨ ਆਰ-ਪਾਰ ਦੀ ਲੜਾਈ ਲਈ ਤਿਆਰ

ਕਾਲੇ ਖੇਤੀ ਕਾਨੂੰਨ ਰੱਦ ਕਰਾਉਣ ਲਈ ਕਿਸਾਨ ਆਰ-ਪਾਰ ਦੀ ਲੜਾਈ ਲਈ ਤਿਆਰ

ਕਿਸਾਨਾਂ ਦੀ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਰਹੀ ਬੇਸਿੱਟਾ
ਨਵੀਂ ਦਿੱਲੀ : ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਬਰੂਹਾਂ ਤੱਕ ਪੁੱਜੇ ਕਿਸਾਨਾਂ ਨੇ ਇਸ ਮੁੱਦੇ ‘ਤੇ ਪੰਜ ਮੈਂਬਰੀ ਵਿਸ਼ੇਸ਼ ਕਮੇਟੀ ਗਠਿਤ ਕਰਨ ਦੇ ਕੇਂਦਰ ਸਰਕਾਰ ਦੇ ਸੁਝਾਅ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ ਹੈ। ਕੇਂਦਰ ਸਰਕਾਰ ਨੇ ਇਥੇ ਵਿਗਿਆਨ ਭਵਨ ਵਿੱਚ ਕੀਤੀ ਮੀਟਿੰਗ ਦੌਰਾਨ ਖੇਤੀ ਕਾਨੂੰਨਾਂ ਬਾਰੇ ਤੌਖਲਿਆਂ ਨੂੰ ਦੂਰ ਕਰਨ ਲਈ ਕਮੇਟੀ ਬਣਾਉਣ ਦੀ ਪੇਸ਼ਕਸ਼ ਕੀਤੀ ਸੀ, ਜਿਸ ਨੂੰ 35 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਖਾਰਜ ਕਰ ਦਿੱਤਾ। ਕਿਸਾਨ ਯੂਨੀਅਨਾਂ ਨੇ ਕਿਹਾ ਕਿ ਮੰਗਾਂ ਦੀ ਪੂਰਤੀ ਤੱਕ ਰੋਸ ਪ੍ਰਦਰਸ਼ਨਾਂ ਨੂੰ ਦੇਸ਼ ਭਰ ਵਿੱਚ ਹੋਰ ਤਿੱਖਾ ਕੀਤਾ ਜਾਵੇਗਾ। ਮੀਟਿੰਗ ਵਿੱਚ ਸਰਕਾਰ ਵੱਲੋਂ ਤਿੰਨ ਕੇਂਦਰੀ ਮੰਤਰੀ ਮੌਜੂਦ ਸਨ, ਪਰ ਇਸ ਦੇ ਬਾਵਜੂਦ ਗੱਲਬਾਤ ਕਿਸੇ ਤਣ ਪੱਤਣ ਨਹੀਂ ਲੱਗ ਸਕੀ। ਇਸ ਦੌਰਾਨ ਖੇਤੀ ਮੰਤਰਾਲੇ ਨੇ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਹਰਿਆਣਾ, ਯੂਪੀ, ਦਿੱਲੀ ਤੇ ਉੱਤਰਾਖੰਡ ਨਾਲ ਸਬੰਧਤ ਨੁਮਾਇੰਦਿਆਂ ਨਾਲ ਵੱਖਰੇ ਤੌਰ ‘ਤੇ ਮੁਲਾਕਾਤ ਕੀਤੀ। ਬੀਕੇਯੂ ਆਗੂ ਨਰੇਸ਼ ਟਿਕੈਤ ਨੇ ਕਿਹਾ ਕਿ ਕਿਸਾਨ ਆਗੂਆਂ ਦਾ ਇਕ ਹੋਰ ਵਫ਼ਦ ਸ਼ਾਮ ਨੂੰ ਸਰਕਾਰੀ ਨੁਮਾਇੰਦਿਆਂ ਨੂੰ ਮਿਲਿਆ। ਮੀਟਿੰਗ ਦੌਰਾਨ ਹਾਲੀਆ ਅਮਲ ਵਿੱਚ ਆਏ ਖੇਤੀ ਕਾਨੂੰਨਾਂ ਦੇ ਨਾਲ ਕਿਸਾਨਾਂ ਲਈ ਬਿਜਲੀ ਦਰਾਂ ‘ਤੇ ਵੀ ਚਰਚਾ ਹੋਈ। ਪਹਿਲੀ ਮੀਟਿੰਗ ਉਪਰੰਤ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਨੇ ਇਕ ਬਿਆਨ ਵਿੱਚ ਕਿਹਾ ਕਿ ਗੱਲਬਾਤ ਬੇਸਿੱਟਾ ਰਹੀ ਤੇ ਕਿਸਾਨ ਯੂਨੀਅਨਾਂ ਨੂੰ ਪੰਜ ਮੈਂਬਰੀ ਕਮੇਟੀ ਬਣਾਉਣ ਸਬੰਧੀ ਸਰਕਾਰ ਦੀ ਤਜਵੀਜ਼ ਸਵੀਕਾਰ ਨਹੀਂ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਬੀਤੇ ਵਿੱਚ ਵੀ ਅਜਿਹੀਆਂ ਕਈ ਕਮੇਟੀਆਂ ਬਣੀਆਂ, ਪਰ ਨਤੀਜਾ ਸਿਫਰ ਰਿਹਾ।
ਇਸ ਤੋਂ ਪਹਿਲਾਂ ਵਿਗਿਆਨ ਭਵਨ ਵਿੱਚ ਤਿੰਨ ਕੇਂਦਰੀ ਮੰਤਰੀਆਂ ਨਾਲ ਹੋਈ ਮੀਟਿੰਗ ਦੌਰਾਨ 35 ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਖੇਤੀ ਕਾਨੂੰਨਾਂ ਬਾਰੇ ਤੌਖਲੇ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਕਾਨੂੰਨ ਘੱਟੋ-ਘੱਟ ਸਮਰਥਨ ਮੁੱਲ ਪ੍ਰਬੰਧ ਦਾ ਭੋਗ ਪਾਉਣ ਲਈ ਰਾਹ ਪੱਧਰਾ ਕਰਨਗੇ ਤੇ ਕਿਸਾਨ ਵੱਡੇ ਕਾਰਪੋਰੇਟਾਂ ਦੇ ਰਹਿਮੋ ਕਰਮ ‘ਤੇ ਰਹਿ ਜਾਣਗੇ। ਸਰਕਾਰ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਨਵੇਂ ਕਾਨੂੰਨਾਂ ਨਾਲ ਕਿਸਾਨਾਂ ਨੂੰ ਬਿਹਤਰ ਮੌਕੇ ਮਿਲਣਗੇ ਤੇ ਖੇਤੀ ਸੈਕਟਰ ਵਿੱਚ ਨਵੀਆਂ ਤਕਨੀਕਾਂ ਦਾ ਦਾਖ਼ਲਾ ਸੰਭਵ ਹੋਵੇਗਾ।
ਤਿੰਨ ਘੰਟੇ ਦੇ ਕਰੀਬ ਚੱਲੀ ਇਸ ਮੀਟਿੰਗ ਵਿੱਚ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਨਾਲ ਰੇਲ ਅਤੇ ਵਣਜ ਤੇ ਸਨਅਤ ਮੰਤਰੀ ਪਿਊਸ਼ ਗੋਇਲ ਅਤੇ ਵਣਜ ਮੰਤਰਾਲੇ ਵਿਚ ਰਾਜ ਮੰਤਰੀ ਤੇ ਪੰਜਾਬ ਤੋਂ ਸੰਸਦ ਮੈਂਬਰ ਸੋਮ ਪ੍ਰਕਾਸ਼ ਮੌਜੂਦ ਸਨ।
ਯੂਪੀ ਵਿਚੋਂ ਰਾਸ਼ਨ ਆਉਣ ਲੱਗਾ : ਦਿੱਲੀ ਮੋਰਚੇ ਵਿੱਚ ਦੂਜੇ ਸੂਬਿਆਂ ਵਿਚੋਂ ਰਾਸ਼ਨ ਪੁੱਜਣ ਲੱਗਾ ਹੈ। ਹਰਿਆਣਾ ਦੇ ਦਸ ਕਿਸਾਨਾਂ ਨੇ ਵੱਖ-ਵੱਖ ਥਾਵਾਂ ‘ਤੇ ਲੰਗਰ ਚਲਾ ਦਿੱਤੇ ਹਨ। ਮਹਿਲਾ ਆਗੂ ਹਰਿੰਦਰ ਬਿੰਦੂ ਨੇ ਦੱਸਿਆ ਕਿ ਯੂਪੀ ਵਿਚੋਂ ਰਾਸ਼ਨ, ਸੁੱਕੇ ਦੁੱਧ ਅਤੇ ਸ਼ਬਜੀ ਦਾ ਭਰਿਆ ਟਰੱਕ ਪੁੱਜਾ ਹੈ। ਬਰੈੱਡ ਅਤੇ ਗਾਜਰਾਂ ਦਿੱਲੀ ਦੇ ਲੋਕਾਂ ਨੇ ਭੇਜੀਆਂ ਹਨ।ਇੱਧਰ, ਪੰਜਾਬ ਦੇ ਪਿੰਡਾਂ ਵਿੱਚ ਵੀ ਰਾਸ਼ਨ ਇਕੱਠਾ ਹੋ ਰਿਹਾ ਹੈ। ਹਰਿਆਣਾ ਦੇ ਪਿੰਡਾਂ ਵਿਚੋਂ ਬੱਚੀਆਂ ਵੀ ਦਿੱਲੀ ਸਰਹੱਦ ‘ਤੇ ਜਾ ਕੇ ਲੰਗਰ ‘ਚ ਸੇਵਾ ਕਰ ਰਹੀਆਂ ਹਨ।
ਕਿਸਾਨਾਂ ਦੇ ਦਮਖਮ ਦਾ ਇਮਤਿਹਾਨ ਲੈ ਰਹੀ ਹੈ ਸਰਕਾਰ : ਉਗਰਾਹਾਂ
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਦਮਖਮ ਦਾ ਇਮਤਿਹਾਨ ਲੈ ਰਹੀ ਹੈ, ਪਰ ਕਿਸਾਨ ਡਟੇ ਰਹਿਣਗੇ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਕਿਸਾਨ ਜਥੇਬੰਦੀਆਂ ਨੇ ਇਕਜੁੱਟ ਹੋ ਕੇ ਸਰਕਾਰ ਦੇ ਕਮੇਟੀ ਬਣਾਉਣ ਦੇ ਸੁਝਾਅ ਨੂੰ ਰੱਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕਿਸਾਨ ਆਗੂਆਂ ਨੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਰੱਖੀ ਤਾਂ ਕੇਂਦਰੀ ਮੰਤਰੀ ਇਨ੍ਹਾਂ ਕਾਨੂੰਨਾਂ ਦੇ ਕਿਸਾਨ ਪੱਖੀ ਹੋਣ ਦੀਆਂ ਦਲੀਲਾਂ ਦਿੰਦੇ ਰਹੇ। ਉਨ੍ਹਾਂ ਕਿਹਾ ਕਿ ਯੂਨੀਅਨ ਆਗੂਆਂ ਨੂੰ ਡਰ ਹੈ ਕਿ ਸਰਕਾਰ ਉਨ੍ਹਾਂ ਵਿੱਚ ਵੰਡੀਆਂ ਪਾਉਣ ਦੀਆਂ ਕੋਸ਼ਿਸ਼ਾਂ ਕਰਕੇ ਰੋਸ ਮੁਜ਼ਾਹਰਿਆਂ ਕਰਕੇ ਬਣੀ ਲੈਅ ਨੂੰ ਤੋੜਨਾ ਚਾਹੁੰਦੀ ਹੈ।
ਚਾਹ ਦੀ ਆਫਰ ਕੀਤੀ ਤਾਂ ਕਿਸਾਨ ਬੋਲੇ – ਧਰਨਾ ਸਥਾਨ ‘ਤੇ ਆਓ, ਜਲੇਬੀਆਂ ਖੁਆਵਾਂਗੇ
3.45 ਵਜੇ ਮੀਟਿੰਗ ਸ਼ੁਰੂ ਹੋਈ, 4.00 ਵਜੇ ਸਰਕਾਰ ਵਲੋਂ ਕਿਸਾਨ ਆਗੂਆਂ ਨੂੰ ਚਾਹ ਆਫਰ ਕੀਤੀ ਗਈ, ਪਰ ਆਗੂਆਂ ਨੇ ਕਿਹਾ ਕਿ ਚਾਹ ਨਹੀਂ, ਸਾਡੀਆਂ ਮੰਗਾਂ ਪੂਰੀਆਂ ਕਰੋ। ਤੁਸੀਂ ਧਰਨਾ ਸਥਾਨ ‘ਤੇ ਆਓ, ਅਸੀਂ ਤੁਹਾਨੂੰ ਜਲੇਬੀਆਂ ਖੁਆਵਾਂਗੇ। ਖੇਤੀ ਮੰਤਰੀ ਨੇ ਕਿਸਾਨਾਂ ਕੋਲੋਂ ਖੇਤੀ ਕਾਨੂੰਨਾਂ ਬਾਰੇ ਪੁੱਛਿਆ। ਕਿਸਾਨ ਆਗੂ ਡਾ. ਦਰਸ਼ਨਪਾਲ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਐਮਐਸਪੀ ਦੀ ਗਾਰੰਟੀ ਦੇਣ ਦੀ ਗੱਲ ਕਹੀ। ਇਸ ‘ਤੇ ਪਿਊਸ਼ ਗੋਇਲ ਨੇ ਟੋਕਦੇ ਹੋਏ ਕਿਹਾ ਕਿ ਅਸੀਂ ਤਿੰਨਾਂ ਬਿੱਲਾਂ ਅਤੇ ਐਮਐਸਪੀ ‘ਤੇ ਇਕ ਪੀਪੀਟੀ ਤਿਆਰ ਕਰਕੇ ਲਿਆਏ ਹਾਂ, ਉਹ ਦੇਖ ਲਓ, ਫਿਰ ਅੱਗੇ ਗੱਲ ਕਰਾਂਗੇ। ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਤਿੰਨੋ ਕਾਨੂੰਨ ਕਿਸਾਨਾਂ ਦੇ ਲਾਭ ਲਈ ਹਨ। ਇਸ ‘ਤੇ ਡਾ. ਦਰਸ਼ਨਪਾਲ ਨੇ ਕਿਹਾ ਕਿ ਤੁਸੀਂ ਅਜਿਹੇ ਕਾਨੂੰਨ ਲਿਆਂਦੇ ਹਨ, ਜਿਸ ਨਾਲ ਸਾਡੀਆਂ ਜ਼ਮੀਨਾਂ ਵੱਡੇ ਕਾਰਪੋਰੇਟ ਲੈ ਲੈਣਗੇ। ਤੁਸੀਂ ਕਹਿੰਦੇ ਹੋ ਕਿ ਸਰਕਾਰ ਕਿਸਾਨਾਂ ਦਾ ਭਲਾ ਕਰ ਰਹੀ ਹੈ, ਪਰ ਅਸੀਂ ਕਹਿ ਰਹੇ ਹਾਂ ਕਿ ਤੁਸੀਂ ਸਾਡਾ ਭਲਾ ਨਾ ਕਰੋ।
ਪੰਜਾਬ ਦੇ ਪੱਕੇ ਧਰਨਾ ਸਥਾਨ ਬਣੇ ਕੁਲੈਕਸ਼ਨ ਸੈਂਟਰ, ਘਰ-ਘਰ ‘ਚੋਂ ਦਿੱਤਾ ਜਾ ਰਿਹਾ ਆਟਾ, ਤੇਲ ਅਤੇ ਘਿਓ
ਤਾਂ ਕਿ ਕਿਸਾਨਾਂ ਨੂੰ ਨਾ ਹੋ ਸਕੇ ਪਰੇਸ਼ਾਨੀ, ਅੰਦੋਲਨ ਜਾਰੀ ਰਹੇ
ਇਸ ਤਰ੍ਹਾਂ ਕੀਤੀ ਜਾ ਰਹੀ ਹੈ ਮੱਦਦ …
ਚੰਡੀਗੜ੍ਹ : ਭੁੱਖੇ ਢਿੱਡ ਫੌਜ ਜੰਗ ਨਹੀਂ ਲੜ ਸਕਦੀ। ਇਸ ਗੱਲ ਨੂੰ ਪੰਜਾਬ ਦੇ ਕਿਸਾਨਾਂ ਤੋਂ ਬਿਹਤਰ ਕੋਈ ਨਹੀਂ ਜਾਣਦਾ। ਦੋ ਮਹੀਨੇ ਪੰਜਾਬ ਅਤੇ ਹੁਣ ਹਫਤੇ ਤੋਂ ਵੀ ਜ਼ਿਆਦਾ ਦਿਨਾਂ ਤੋਂ ਦਿੱਲੀ ਬਾਰਡਰ ‘ਤੇ ਡਟੇ ਕਿਸਾਨਾਂ ਨੂੰ ਖਾਣ ਦੀ ਮੁਸ਼ਕਲ ਨਾ ਹੋਵੇ, ਇਸਦੇ ਲਈ ਪੂਰੇ ਪੰਜਾਬ ਵਿਚ ਹਰ ਕਿਸਾਨ ਪਰਿਵਾਰ ਯੋਗਦਾਨ ਦੇ ਰਿਹਾ ਹੈ। ਪੰਜਾਬ ਵਿਚ ਲੱਗੇ ਜ਼ਿਆਦਾ ਪੱਕੇ ਧਰਨੇ ਇਨ੍ਹੀ ਦਿਨੀਂ ਕੁਲੈਕਸ਼ਨ ਸੈਂਟਰ ਵਿਚ ਬਦਲ ਦਿੱਤੇ ਗਏ ਹਨ। ਜਿੱਥੇ 70 ਸਾਲ ਦੇ ਬਜ਼ੁਰਗਾਂ ਤੋਂ ਮਹਿਲਾਵਾਂ ਤੱਕ ਸਿਰ ‘ਤੇ ਆਟਾ, ਚਾਵਲ, ਦਾਲ ਦੀਆਂ ਬੋਰੀਆਂ ਚੁੱਕ ਕੇ ਪਹੁੰਚ ਰਹੇ ਹਨ। ਹਰ ਘਰ ਤੋਂ ਆਟਾ, ਦਾਲ, ਘਿਓ, ਫਲ, ਸਬਜ਼ੀਆਂ ਅਤੇ ਦੁੱਧ ਆਦਿ ਪਹਿਲਾਂ ਕੁਲੈਕਸ਼ਨ ਸੈਂਟਰ ਅਤੇ ਫਿਰ ਦਿੱਲੀ ਪਹੁੰਚਾਇਆ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ ਨੇ ਪਿੰਡਾਂ ਵਿਚ ਟੀਮਾਂ ਬਣਾਈਆਂ ਹਨ, ਜੋ ਦੱਸਦੀਆਂ ਹਨ ਕਿ ਦਿੱਲੀ ਤੱਕ ਰਾਸ਼ਨ ਦੀ ਸਪਲਾਈ ਦੀ ਚੇਨ ਨਾ ਟੁੱਟੇ। ਦਿੱਲੀ ਕੂਚ ਤੋਂ ਪਹਿਲਾਂ ਹੀ ਕਿਸਾਨ ਜਥੇਬੰਦੀਆਂ ਨੇ ਸਾਫ ਕਰ ਦਿੱਤਾ ਸੀ ਕਿ 26-27 ਨਵੰਬਰ ਨੂੰ ਚਾਰ ਮਹੀਨੇ ਦਾ ਰਾਸ਼ਨ ਆਪਣੇ ਨਾਲ ਲੈ ਕੇ ਜਾਵਾਂਗੇ। ਪਿੰਡਾਂ ਤੋਂ ਰੋਜ਼ਾਨਾ ਸਮਾਨ ਇਕੱਠਾ ਕੀਤਾ ਜਾ ਰਿਹਾ ਹੈ ਅਤੇ ਜ਼ਰੂਰਤ ਦੇ ਅਨੁਸਾਰ ਧਰਨਾ ਸਥਾਨ ਤੱਕ ਪਹੁੰਚਾਇਆ ਜਾ ਰਿਹਾ ਹੈ। ਕਿਸਾਨ ਆਪਣੇ ਪੱਧਰ ‘ਤੇ ਵੀ ਸਮਾਨ ਲੈ ਕੇ ਪਹੁੰਚ ਰਹੇ ਹਨ।
ਛੋਟੇ ਭਰਾ ਦਾ ਫਰਜ਼ ਨਿਭਾ ਰਿਹਾ ਹਰਿਆਣਾ, ਨਾਲ ਲੱਗਦੇ ਪਿੰਡਾਂ ਤੋਂ ਭੇਜਿਆ ਜਾ ਰਿਹਾ ਦੁੱਧ, ਸਬਜ਼ੀਆਂ ਅਤੇ ਲੱਸੀ
ਕਿਸਾਨਾਂ ਦੇ ਇੰਜੀਨੀਅਰ ਤੇ ਡਾਕਟਰ ਬੇਟੇ ਸਮਝਾ ਰਹੇ ਹਨ ਕਾਨੂੰਨ ਦੀਆਂ ਖਾਮੀਆਂ, ਮੁਫਤ ਕਰ ਰਹੇ ਹਨ ਇਲਾਜ
ਲੁਧਿਆਣਾ ਤੋਂ ਵਿਦਿਆਰਥੀਆਂ ਨੇ ਪਹੁੰਚ ਕੇ ਸੈਂਕੜੇ ਕਿਸਾਨਾਂ ਨੂੰ ਵੰਡੇ ਕੰਬਲ ਅਤੇ ਗਰਮ ਚਾਦਰਾਂ
ਦਿੱਲੀ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਨੇ ਵੀ ਪੇਂਟਿੰਗ ਬਣਾ ਕਿਸਾਨਾਂ ਨੂੰ ਸਮਰਥਨ ਦਿੱਤਾ
ਬਠਿੰਡਾ ਦੇ ਰਿਟਾਇਰਡ ਇੰਜੀਨੀਅਰ ਨੇ ਫਰੂਟ, ਜੂਸ ਅਤੇ ਬਿਸਲੇਰੀਦਾ ਲੰਗਰ ਲਗਾਇਆ
ਦਿੱਲੀ ਦੇ ਬਾਰਡਰ ‘ਤੇ ਚੱਲ ਰਿਹਾ ਕਿਸਾਨ ਅੰਦੋਲਨ ਹੁਣ ਪੰਜਾਬ ਦਾ ਹੀ ਨਹੀਂ ਪੂਰੇ ਦੇਸ਼ ਦਾ ਅੰਦੋਲਨ ਬਣਦਾ ਜਾ ਰਿਹਾ ਹੈ। ਅੰਦੋਲਨ ਦੇ ਫਰੰਟ ਮੋਰਚੇ ‘ਤੇ ਬਜ਼ੁਰਗ ਕਿਸਾਨ ਡਟੇ ਹੋਏ ਹਨ ਅਤੇ ਉਨ੍ਹਾਂ ਨੂੰ ਹਮਾਇਤ ਦੇਣ ਲਈ ਸੀਏ, ਵਕੀਲ, ਇੰਜੀਨੀਅਰ ਅਤੇ ਡਾਕਟਰ ਬੇਟੇ ਪਹੁੰਚ ਕੇ ਸੇਵਾਵਾਂ ਦੇ ਰਹੇ ਹਨ। ਡਾਕਟਰ ਮੁਫਤ ਵਿਚ ਚੈਕਅਪ ਕਰ ਰਹੇ ਹਨ ਅਤੇ ਮੁਫਤ ਵਿਚ ਦਵਾਈਆਂ ਵੰਡ ਰਹੇ ਹਨ। ਇੰਜੀਨੀਅਰ, ਵਕੀਲ ਅਤੇ ਸੀਏ ਲੰਗਰਾਂ ਵਿਚ ਸੇਵਾਵਾਂ ਦੇ ਰਹੇ ਹਨ ਅਤੇ ਕਿਸਾਨਾਂ ਨੂੰ ਖੇਤੀ ਕਾਨੂੰਨ ਦੀਆਂ ਖਾਮੀਆਂ ਸਮਝਾ ਰਹੇ ਹਨ। ਮੰਗਲਵਾਰ ਨੂੰ ਲੁਧਿਆਣਾ ਮਿਸ਼ਨਰੀ ਕਾਲਜ ਦੇ ਨੌਜਵਾਨਾਂ ਨੇ ਪਹੁੰਚ ਕੇ ਕਿਸਾਨਾਂ ਨੂੰ ਕੰਬਲ ਵੰਡੇ। ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕਿਸਾਨਾਂ ਨੂੰ ਮੱਲ੍ਹਮ ਪੱਟੀ ਕੀਤੀ। ਦਿੱਲੀ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਨੇ ਅੰਦੋਲਨ ਵਾਲੀ ਜਗ੍ਹਾ ਪੇਂਟਿੰਗ ਬਣਾ ਕੇ 3 ਖੇਤੀ ਬਿੱਲਾਂ ਦੇ ਖਿਲਾਫ ਆਪਣਾ ਰੋਸ ਜ਼ਾਹਰ ਕੀਤਾ। ਉੱਧਰ, ਅੰਦੋਲਨ ਵਿਚ ਸ਼ਾਮਲ ਹੋਣ ਲਈ ਪੰਜਾਬ, ਹਰਿਆਣਾ ਅਤੇ ਰਾਜਸਥਾਨ ਤੋਂ ਕਿਸਾਨਾਂ ਦਾ ਪਹੁੰਚਣਾ ਜਾਰੀ ਹੈ।
ਰਿਟਾਇਰਡ ਸਿਵਲ ਸਰਜਨ ਡਾ. ਬੋਲੇ – ਜਦ ਤੱਕ ਕਿਸਾਨ ਡਟੇ ਹਨ ਮੈਡੀਕਲ ਸਹੂਲਤਾਂ ਮੁਫਤ ਦਿਆਂਗੇ : ਮੋਹਾਲੀ ਦੇ ਰਿਟਾਇਰਡ ਸਿਵਲ ਸਰਜਨ ਡਾ. ਦਲੇਰ ਸਿੰਘ ਮੁਲਤਾਨੀ ਨੇ ਦੱਸਿਆ ਕਿ ਕਿਸਾਨ ਭਰਾਵਾਂ ਨੂੰ ਮੈਡੀਕਲ ਸਹੂਲਤਾਂ ਦੇਣ ਲਈ ਆਪਣੇ ਸਾਥੀਆਂ ਦੇ ਨਾਲ ਇਕ ਹਫਤੇ ਤੋਂ ਸਿੰਘੂ ਬਾਰਡਰ ‘ਤੇ ਡਟੇ ਹੋਏ ਹਨ। ਕਿਸਾਨਾਂ ਦਾ ਮੈਡੀਕਲ ਚੈਕਅਪ ਕਰਦੇ ਹਨ। ਸਾਰੀਆਂ ਦਵਾਈਆਂ ਮੁਫਤ ਦਿੱਤੀਆਂ ਜਾ ਰਹੀਆਂ ਹਨ ਅਤੇ ਜਦ ਤੱਕ ਸੰਘਰਸ਼ ਚੱਲੇਗਾ ਮੈਡੀਕਲ ਸਹੂਲਤਾਂ ਦਿੰਦੇ ਰਹਾਂਗੇ। ਲੁਧਿਆਣਾ ਵਿਚ ਮੈਡੀਕਲ ਸਟੋਰ ਚਲਾਉਣ ਵਾਲੇ ਗੁਰਦੀਪ ਸਿੰਘ ਗੋਸ਼ਾ ਵੀ ਸਾਥੀਆਂ ਸਣੇ ਪਹੁੰਚ ਕੇ ਮੁਫਤ ਦਵਾਈਆਂ ਵੰਡ ਰਹੇ ਹਨ। ਬਠਿੰਡਾ ਦੇ ਰਿਟਾਇਰਡ ਇੰਜੀਨੀਅਰ ਸੁਖਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਪਹੁੰਚਿਆਂ ਚਾਰ ਦਿਨ ਹੋ ਗਏ ਹਨ। ਕਿਸਾਨਾਂ ਲਈ ਫਰੂਟ, ਜੂਸ ਅਤੇ ਬਿਸਲੇਰੀ ਪਾਣੀ ਦਾ ਲੰਗਰ ਲਗਾਇਆ ਹੋਇਆ ਹੈ। ਬਠਿੰਡਾ ਦੀ ਦੁਕਾਨ ਵਿਚ ਜਿੰਨਾ ਵੀ ਸਮਾਨ ਸੀ, ਗੱਡੀ ਵਿਚ ਰੱਖ ਕੇ ਇੱਥੇ ਪਹੁੰਚ ਗਏ ਹਾਂ।
ਲੰਗਰ ਲਈ ਗੈਸ ਸਿਲੰਡਰ ਵੀ ਭਰਵਾ ਕੇ ਦੇ ਰਹੇ ਹਨ ਹਰਿਆਣਾ ਦੇ ਕਿਸਾਨ : ਹਰਿਆਣਾ ਦੇ ਕਿਸਾਨ ਇਸ ਕਿਸਾਨ ਅੰਦੋਲਨ ਵਿਚ ਛੋਟੇ ਭਰਾ ਦੇ ਰੂਪ ਵਿਚ ਕਿਸਾਨਾਂ ਦੀ ਖੂਬ ਸੇਵਾ ਕਰ ਰਹੇ ਹਨ।
ਟਿਕਰੀ ਬਾਰਡਰ ਅਤੇ ਸਿੰਘੂ ਬਾਰਡਰ ‘ਤੇ ਅੰਦੋਲਨਕਾਰੀ ਕਿਸਾਨਾਂ ਲਈ ਹਰਿਆਣਾ ਦੇ ਦਿੱਲੀ ਬਾਰਡਰ ਨਾਲ ਸਾਰੇ ਪਿੰਡਾਂ ਤੋਂ ਹਰ ਰੋਜ਼ ਸਵੇਰੇ ਸਬਜ਼ੀਆਂ ਪਹੁੰਚ ਰਹੀਆਂ ਹਨ, ਲੱਸੀ ਦੇ ਭਰੇ ਡਰੰਮ ਅਤੇ ਦੁੱਧ ਵੀ ਪਹੁੰਚ ਰਿਹਾ ਹੈ। ਇਸ ਤੋਂ ਇਲਾਵਾ ਹਰਿਆਣਾ ਦੇ ਕਿਸਾਨਾਂ ਨੇ ਆਪਣੀਆਂ ਮੋਟਰਾਂ ਦੇ ਦਰਵਾਜ਼ੇ ਵੀ ਕਿਸਾਨਾਂ ਦੇ ਨਹਾਉਣ ਅਤੇ ਕੱਪੜੇ ਧੋਣ ਲਈ ਖੋਲ੍ਹ ਦਿੱਤੇ ਹਨ।
ਕਿਸਾਨ ਅੰਦੋਲਨ ਦੇ ਫਰੰਟ ‘ਤੇ ਬਜ਼ੁਰਗ ਕਿਸਾਨ ਅਤੇ ਉਨ੍ਹਾਂ ਨੂੰ ਬੈਕਅਪ ਦੇ ਰਹੇ ਹਨ ਪੰਜਾਬੀ ਨੌਜਵਾਨ
ਨਿਰਸਵਾਰਥ ਸੇਵਾ : ਪੰਜਾਬ ਤੋਂ ਮੈਡੀਕਲ ਸਟੂਡੈਂਟ, ਸਾਬਕਾ ਸਿਵਲ ਸਰਜਨ ਤੇ ਕਈ ਸਮਾਜਿਕ ਸੰਸਥਾਵਾਂ ਦੇ ਵਿਅਕਤੀ ਵੀ ਪਹੁੰਚੇ ਹੋਏ ਹਨ। ਇਹ ਨਿਰਸਵਾਰਥ ਸੇਵਾ ਕਰ ਰਹੇ ਹਨ।
ਸਿੰਘੂ ਬਾਰਡਰ ‘ਤੇ ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਲਈ ਨਿਹੰਗ ਸਿੰਘ ਜਥੇਬੰਦੀਆਂ ਅਤੇ ਤਰਨਾ ਦਲ ਦੇ ਨਿਹੰਗ ਸਿੰਘ ਘੋੜਿਆਂ ‘ਤੇ ਸਵਾਰ ਹੋ ਕੇ ਪਹੁੰਚੇ, ਉਥੇ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਵਾਲੇ ਵੀ ਆਪਣੇ ਸਾਥੀਆਂ ਸਮੇਤ ਅੰਦੋਲਨ ਵਿਚ ਪਹੁੰਚੇ। ਕਿਸਾਨਾਂ ਲਈ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲੇ ਦੀ ਜਥੇਬੰਦੀ ਨੇ ਫਰੂਟ, ਸਬਜ਼ੀ, ਦਾਲ ਤੇ ਰੋਟੀ, ਚਾਹ ਦਾ ਲੰਗਰ ਵੀ ਲਗਾਇਆ।
ਕਿਸਾਨ ਅੰਦੋਲਨ ਵਿਚ ਨੌਜਵਾਨ, ਬਜ਼ੁਰਗ ਅਤੇ ਬੀਬੀਆਂ ਹੀ ਨਹੀਂ ਬਲਕਿ ਬੱਚੇ ਵੀ ਸ਼ਾਮਲ
ਸਵੇਰੇ ਟਰਾਲੀਆਂ ਵਿਚ ਬੈਠ ਆਨਲਾਈਨ ਕਲਾਸ ਵਿਚ ਕਰਦੇ ਹਨ ਪੜ੍ਹਾਈ, ਦੁਪਹਿਰ ਬਾਅਦ ਅੰਦੋਲਨ ‘ਚ ਹੁੰਦੇ ਹਨ ਸ਼ਾਮਲ, ਖਾਣਾ ਬਣਾਉਣ ਤੋਂ ਲੈ ਕੇ ਹੋਰ ਕੰਮਾਂ ਵਿਚ ਵੰਡਾਉਂਦੇ ਹਨ ਵੱਡਿਆਂ ਦਾ ਹੱਥ
ਫਤਹਿਗੜ੍ਹ : ਪਿਤਾ ਬਿਮਾਰ ਹੈ, ਉਨ੍ਹਾਂ ਦੀ ਜਗ੍ਹਾ ਚਾਚਾ ਦੇ ਨਾਲ ਮੈਂ ਆਇਆ ਹਾਂ…
ਫਤਹਿਗੜ੍ਹ ਤੋਂ ਪਹੁੰਚੇ 12 ਸਾਲ ਦੇ ਸੁਖਜੀਤ ਨੇ ਦੱਸਿਆ ਕਿ ਉਹ ਪਿਤਾ ਦੀ ਜਗ੍ਹਾ ਚਾਚਾ ਨਾਲ ਆਇਆ ਹੈ। ਹਰ ਘਰ ਤੋਂ ਇਕ ਆਦਮੀ ਨੇ ਆਉਣਾ ਸੀ। ਮੇਰੇ ਪਿਤਾ ਬਿਮਾਰ ਹਨ। 9ਵੀਂ ਵਿਚ ਪੜ੍ਹਦਾ ਹਾਂ। ਆਨਲਾਈਨ ਕਲਾਸ ਲਗਾਉਂਦਾ ਹਾਂ, ਪਰ ਸਹੀ ਢੰਗ ਨਾਲ ਪੜ੍ਹਾਈ ਨਹੀਂ ਹੋ ਰਹੀ। ਬਾਰਡਰ ‘ਤੇ ਨੈਟ ਦੀ ਦਿੱਕਤ ਹੈ। ਕਈ ਵਾਰ ਤਾਂ ਪੂਰੀ ਕਲਾਸ ਹੀ ਨਿਕਲ ਜਾਂਦੀ ਹੈ। ਕਈ ਵਾਰ ਕੰਮ ਵਿਚ ਹੱਥ ਵੰਡਾਉਂਦੇ ਹੋਏ ਸਮਾਂ ਨਿਕਲ ਜਾਂਦਾ ਹੈ।
ਅੰਮ੍ਰਿਤਸਰ : ਧਰਤੀ ਸਾਡੀ ਮਾਂ ਹੈ, ਪਰ ਪੜ੍ਹਾਈ ਵੀ ਤਾਂ ਨਹੀਂ ਛੱਡ ਸਕਦੇ …
ਸਵੇਰੇ 11 ਵਜੇ ਦੋ ਸਿੱਖ ਬੱਚੇ ਬਾਰਡਰ ‘ਤੇ ਟਰਾਲੀਆਂ ਵਿਚ ਬੈਠੇ ਦਿਸੇ। ਪਤਾ ਲੱਗਾ ਕਿ ਅੰਮ੍ਰਿਤਸਰ ਦਾ ਦਿਲਬਾਗ (12) ਅਤੇ ਸੁਖਬੀਰ (13) ਹੈ। ਦਿਲਬਾਗ ਨੇ ਕਿਹਾ ਕਿ ਆਨਲਾਈਨ ਪੜ੍ਹਾਈ ਕਰ ਰਹੇ ਹਾਂ। ਧਰਤੀ ਮਾਂ ਹੈ, ਇਸ ਲਈ ਆਏ ਹਾਂ, ਪਰ ਪੜ੍ਹਾਈ ਵੀ ਜ਼ਰੂਰੀ ਹੈ।
ਰੋਪੜ : ਜਿੱਦ ਕਰਕੇ ਆਇਆ ਹਾਂ, ਖੇਤੀ ‘ਤੇ ਅਸਰ ਨਹੀਂ ਪੈਣ ਦਿਆਂਗੇ
ਰੋਪੜ ਤੋਂ ਆਏ ਦਵਿੰਦਰ (14) ਨੇ ਕਿਹਾ ਕਿ ਘਰ ਵਾਲੇ ਸਾਥ ਨਹੀਂ ਲਿਆ ਰਹੇ ਸਨ, ਜਿੱਦ ਕਰਕੇ ਆਇਆ ਹਾਂ। ਕੀ ਮੰਗਾਂ ਹਨ ਅਤੇ ਕਿਉਂ ਆਏ ਹਾਂ, ਨਹੀਂ ਪਤਾ। ਮੈਨੂੰ ਇਹ ਪਤਾ ਹੈ ਕਿ ਖੇਤੀ ਨਾਲ ਜੁੜੀ ਕੋਈ ਗੱਲ ਹੈ ਅਤੇ ਅਸੀਂ ਖੇਤੀ ‘ਤੇ ਅਸਰ ਨਹੀਂ ਆਉਣ ਦਿਆਂਗੇ। ਮਾਂ ਦੀ ਯਾਦ ਆਉਂਦੀ ਹੈ। ਵਾਪਸ ਜਾਣ ਦਾ ਕੋਈ ਰਸਤਾ ਨਹੀਂ ਹੈ। ਇਸ ਲਈ ਰੋਜ ਸੋਚ ਕੇ ਸੌਂਦਾ ਹਾਂ ਕਿ ਕੱਲ੍ਹ ਸਰਕਾਰ ਮੰਗਾਂ ਮੰਨ ਲਵੇਗੀ ਅਤੇ ਮੈਂ ਵਾਪਸ ਜਾ ਕੇ ਆਪਣੀ ਮਾਂ ਨੂੰ ਮਿਲਾਂਗਾ।

Check Also

ਚੋਣਾਂ ਨੇੜੇ ਆਉਂਦੀਆਂ ਦੇਖ ਸਿਆਸੀ ਆਗੂਆਂ ਨੇ ਡੇਰਿਆਂ ਦੇ ਚੱਕਰ ਲਗਾਉਣੇ ਕੀਤੇ ਸ਼ੁਰੂ

ਪ੍ਰਤਾਪ ਬਾਜਵਾ, ਪ੍ਰਨੀਤ ਕੌਰ ਤੇ ਕੁਲਦੀਪ ਧਾਲੀਵਾਲ ਨੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ …