4.7 C
Toronto
Tuesday, November 25, 2025
spot_img
Homeਪੰਜਾਬਖੇਤੀ ਕਾਨੂੰਨਾਂ ਦੇ ਮੁੱਦੇ ਉਤੇ ਖੱਟਰ ਤੋਂ ਬਾਅਦ ਕੈਪਟਨ ਤੇ ਕੇਜਰੀਵਾਲ 'ਚ...

ਖੇਤੀ ਕਾਨੂੰਨਾਂ ਦੇ ਮੁੱਦੇ ਉਤੇ ਖੱਟਰ ਤੋਂ ਬਾਅਦ ਕੈਪਟਨ ਤੇ ਕੇਜਰੀਵਾਲ ‘ਚ ਸ਼ਬਦੀ ਜੰਗ ਸ਼ੁਰੂ

Image Courtesy :jagbani(punjabkesari)

ਚੰਡੀਗੜ੍ਹ/ਬਿਊਰੋ ਨਿਊਜ਼ : ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਰਮਿਆਨ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ। ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਖੇਤੀ ਕਾਨੂੰਨ ਲਾਗੂ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰਨ ‘ਤੇ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਰਵਿੰਦ ਕੇਜਰੀਵਾਲ ‘ਤੇ ਹਮਲਾ ਬੋਲਿਆ ਹੈ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਿਚਕਾਰ ਵੀ ਟਵੀਟ ਜੰਗ ਹੋਈ ਸੀ। ਕੇਜਰੀਵਾਲ ਨੇ ਕਿਹਾ ਕਿ ਨਾਜ਼ੁਕ ਮੌਕੇ ‘ਤੇ ਕੈਪਟਨ ਅਮਰਿੰਦਰ ਸਿੰਘ ਘਟੀਆ ਸਿਆਸਤ ‘ਤੇ ਉਤਰ ਆਏ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਭ ਕੁਝ ਜਾਣਦੇ ਹੋਏ ਵੀ ਝੂਠੇ ਦੋਸ਼ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਕਾਨੂੰਨ ਪਾਸ ਕਰਨ ਦੇ ਦੋਸ਼ ਝੂਠੇ ਹਨ, ਕਿਉਂਕਿ ਜਦੋਂ ਕੇਂਦਰ ਸਰਕਾਰ ਨੇ ਇਹ ਕਾਨੂੰਨ ਲਾਗੂ ਕਰ ਦਿੱਤੇ ਤਾਂ ਸੂਬਾ ਸਰਕਾਰਾਂ ਦੇ ਹੱਥ ਵਿਚ ਕੁਝ ਨਹੀਂ ਹੈ, ਅਜਿਹੇ ਮੌਕੇ ਕੈਪਟਨ ਨੂੰ ਸੌੜੀ ਸਿਆਸਤ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ, ‘ਮੋਦੀ ਸਰਕਾਰ ਨੇ ਦਿੱਲੀ ਦੇ ਸਟੇਡੀਅਮਾਂ ਨੂੰ ਜੇਲ੍ਹਾਂ ਵਿਚ ਤਬਦੀਲ ਕਰਨ ਲਈ ਮੇਰੇ ‘ਤੇ ਕਈ ਤਰ੍ਹਾਂ ਦਾ ਦਬਾਅ ਪਾਇਆ ਪਰ ਮੈਂ ਕਿਸਾਨਾਂ ਦੇ ਹੱਕ ਵਿਚ ਡੱਟਦੇ ਹੋਏ ਮਨਜ਼ੂਰੀ ਨਹੀਂ ਦਿੱਤੀ।’ ਉਧਰ, ਕੈਪਟਨ ਅਮਰਿੰਦਰ ਸਿੰਘ ਨੇ ਕੇਜਰੀਵਾਲ ‘ਤੇ ਪਲਟਵਾਰ ਕਰਦਿਆਂ ਕਿਸਾਨਾਂ ਦੇ ਮੁੱਦੇ ‘ਤੇ ਹੇਠਲੇ ਪੱਧਰ ਦੀ ਰਾਜਨੀਤੀ ਕਰਨ ਤੋਂ ਬਾਜ ਆਉਣ ਨੂੰ ਕਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਦਾ ਅਸਰ ਘਟਾਉਣ ਲਈ ਦਿੱਲੀ ਸਰਕਾਰ ਨੇ ਵਿਧਾਨ ਸਭਾ ਵਿਚ ਬਿੱਲ ਪਾਸ ਕਿਉਂ ਨਹੀਂ ਕੀਤਾ, ਜਿਵੇਂ ਪੰਜਾਬ ਨੇ ਕੀਤਾ ਹੈ। ਕੈਪਟਨ ਨੇ ਕਿਹਾ ਕਿ ਜਦੋਂ 2015 ਵਿਚ ਕੇਂਦਰ ਸਰਕਾਰ ਨੇ ਭੂਮੀ ਅਧਿਗ੍ਹਿਣ ਕਾਨੂੰਨ ਬਣਾਇਆ ਸੀ ਤਾਂ ਗੁਜਰਾਤ ਸਰਕਾਰ ਨੇ ਧਾਰਾ 254 (2) ਦੀ ਵਰਤੋਂ ਕਰਦਿਆਂ ਇਸ ਦੇ ਖ਼ਿਲਾਫ਼ ਸਦਨ ਵਿਚ ਬਿਲ ਪਾਸ ਕੀਤਾ ਸੀ ਅਤੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਦਸਤਖਤ ਕੀਤੇ ਸਨ।
ਕੇਜਰੀਵਾਲ ਨੇ ਕਿਸਾਨਾਂ ਦੀ ਪਿੱਠ ‘ਚ ਛੁਰਾ ਮਾਰਿਆ : ਸੁਖਬੀਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਰਵਿੰਦ ਕੇਜਰੀਵਾਲ ਖ਼ਿਲਾਫ਼ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਨ ਤੇ ਭਾਜਪਾ ਸਰਕਾਰ ਵੱਲੋਂ ਬਣਾਏ ਗਏ ਕਾਨੂੰਨਾਂ ਨੂੰ ਦਿੱਲੀ ਵਿਚ ਲਾਗੂ ਕਰਨ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਇਸ ਨੂੰ ਸਿਆਸੀ ਬੇਇਮਾਨੀ ਦੱਸਦਿਆਂ ਕਿਹਾ ਕਿ ਕੇਜਰੀਵਾਲ ਨੂੰ ਮਗਰਮੱਛ ਦੇ ਹੰਝੂ ਨਾ ਵਹਾਏ।

RELATED ARTICLES
POPULAR POSTS