ਕਿਹਾ : ਕਾਂਗਰਸ ’ਚ ਹਾਂ ਅਤੇ ਕਾਂਗਰਸ ’ਚ ਹੀ ਰਹਾਂਗਾ
ਅੰਮਿ੍ਰਤਸਰ/ਬਿੳੂਰੋ ਨਿੳੂਜ਼
ਕਾਂਗਰਸ ਹਾਈਕਮਾਂਡ ਵਲੋਂ ਪੰਜਾਬ ’ਚ ਸੀਐਮ ਚਿਹਰਾ ਚਰਨਜੀਤ ਸਿੰਘ ਚੰਨੀ ਨੂੰ ਐਲਾਨ ਦਿੱਤਾ ਗਿਆ ਹੈ। ਇਸ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨਰਾਜ਼ ਤਾਂ ਹਨ, ਪਰ ਫਿਰ ਵੀ ਸਿੱਧੂ ਨੇ ਕਿਹਾ ਕਿ ਕਾਂਗਰਸ ਵਿਚ ਸੀ, ਕਾਂਗਰਸ ਵਿਚ ਹਾਂ ਅਤੇ ਹਮੇਸ਼ਾ ਰਹਾਂਗਾ, ਪਰ ਪੰਜਾਬ ਦੇ ਮੁੱਦਿਆਂ ’ਤੇ ਲੜਾਈ ਜਾਰੀ ਰਹੇਗੀ। ਅੰਮਿ੍ਰਤਸਰ ਵਿਚ ਗੱਲ ਕਰਦਿਆਂ ਸਿੱਧੂ ਨੇ ਕਿਹਾ ਕਿ ਪੰਜਾਬ ਮਾਡਲ ਨੂੰ ਲਾਗੂ ਕਰਨਾ ਚਰਨਜੀਤ ਸਿੰਘ ਚੰਨੀ ਦੀ ਜ਼ਿੰਮੇਵਾਰੀ ਹੈ ਅਤੇ ਕਾਂਗਰਸ ਹਾਈਕਮਾਨ ਦਾ ਫੈਸਲਾ ਸਿਰ ਮੱਥੇ ਪ੍ਰਵਾਨ ਹੈ। ਸਿੱਧੂ ਨੇ ਕਿਹਾ ਕਿ ਪੰਜਾਬ ਮਾਡਲ ਪੂਰੇ ਸੂਬੇ ਲਈ ਸਾਂਝਾ ਹੈ, ਮੇਰਾ ਇਸ ’ਤੇ ਕੋਈ ਕਾਪੀ-ਰਾਈਟ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਂ ਲੋਕਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਦਾ ਇਰਾਦਾ ਰੱਖਦਾ ਹਾਂ ਅਤੇ ਇਸ ਤੋਂ ਕੋਈ ਵੀ ਚੰਗੀ ਗੱਲ ਲੈ ਸਕਦਾ ਹੈ, ਮੈਨੂੰ ਕੋਈ ਇਤਰਾਜ਼ ਨਹੀਂ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਮੈਂ ਪਹਿਲਾਂ ਹੀ ਪੰਜਾਬ ਮਾਡਲ ਪਾਰਟੀ ਨੂੰ ਸੌਂਪ ਚੁੱਕਾ ਹਾਂ ਪਰ ਇਸ ਨੂੰ ਲਾਗੂ ਕਰਨ ਦੀ ਤਾਕਤ ਚਰਨਜੀਤ ਚੰਨੀ ਕੋਲ ਹੈ।