Breaking News
Home / ਪੰਜਾਬ / ਭੁਪਿੰਦਰ ਬੱਬਲ ਨੂੰ ਗੀਤ ‘ਅਰਜਨ ਵੈੱਲੀ’ ਲਈ ਸਰਵੋਤਮ ਪਿੱਠਵਰਤੀ ਗਾਇਕ ਐਵਾਰਡ

ਭੁਪਿੰਦਰ ਬੱਬਲ ਨੂੰ ਗੀਤ ‘ਅਰਜਨ ਵੈੱਲੀ’ ਲਈ ਸਰਵੋਤਮ ਪਿੱਠਵਰਤੀ ਗਾਇਕ ਐਵਾਰਡ

ਗਾਂਧੀਨਗਰ : ਗੁਜਰਾਤ ਦੇ ਗ੍ਰਹਿ ਮੰਤਰੀ ਹਰਸ਼ ਸੰਘਵੀ ਨੇ ਗਾਂਧੀਨਗਰ ਵਿੱਚ ਕਰਵਾਏ 69ਵੇਂ ਫਿਲਮਫੇਅਰ ਐਵਾਰਡ ਵਿੱਚ ਸ਼ਿਰਕਤ ਕਰਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਗੁਜਰਾਤ ਸਿਨੇਮਾ ਨਿਰਮਾਣ ਲਈ ਵੱਡੀਆਂ ਸੰਭਾਵਨਾਵਾਂ ਦਿਖਾਈ ਦੇਣਗੀਆਂ। ਉਨ੍ਹਾਂ ਕਿਹਾ, ”ਇਹ ਐਵਾਰਡ ਸਮਾਗਮ ਗਿਫਟ ਸਿਟੀ ਵਿਚ ਕਰਵਾਇਆ ਗਿਆ ਜਿਸ ਨੂੰ ਸਫਲ ਕਰਨ ਲਈ ਗੁਜਰਾਤੀਆਂ ਨੇ ਕਈ ਸਾਲ ਦਿਨ-ਰਾਤ ਕੰਮ ਕੀਤਾ ਹੈ। ਇਹ ਪਹਿਲੀ ਵਾਰ ਹੋਵੇਗਾ ਜਦੋਂ ਫਿਲਮਫੇਅਰ ਐਵਾਰਡ ਸਮਾਗਮ ਮੁੰਬਈ ਤੋਂ ਬਾਹਰ ਗਾਂਧੀਨਗਰ ਵਿੱਚ ਕਰਵਾਇਆ ਗਿਆ ਹੈ।” ਇਸ ਮੌਕੇ ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਰਣਬੀਰ ਕਪੂਰ ਨੂੰ ਬਿਹਤਰੀਨ ਅਦਾਕਾਰ ਅਤੇ ਆਲੀਆ ਭੱਟ ਨੂੰ ਸਰਵੋਤਮ ਅਦਾਕਾਰਾ ਦਾ ਪੁਰਸਕਾਰ ਦਿੱਤਾ ਗਿਆ। ਰਣਬੀਰ ਨੂੰ ਇਹ ਐਵਾਰਡ ਐਕਸ਼ਨ ਥ੍ਰਿਲਰ ਫਿਲਮ ‘ਐਨੀਮਲ’ ਵਿੱਚ ਬਿਹਤਰੀਨ ਅਦਾਕਾਰੀ ਲਈ ਜਦਕਿ ਆਲੀਆ ਭੱਟ ਨੂੰ ਰੋਮਾਂਟਿਕ ਡਰਾਮਾ ਫਿਲਮ ‘ਰੌਕੀ ਔਰ ਰਾਨੀ ਕੀ ਪ੍ਰੇਮ ਕਹਾਨੀ’ ਵਿੱਚ ਬਿਹਤਰੀਨ ਅਦਾਕਾਰੀ ਲਈ ਦਿੱਤਾ ਗਿਆ। ਪੰਜਾਬੀ ਗਾਇਕ ਭੁਪਿੰਦਰ ਬੱਬਲ ਨੂੰ ਫਿਲਮ ਐਨੀਮਲ ਵਿਚ ਅਰਜਨ ਵੈੱਲੀ ਗੀਤ ਲਈ ਸਰਵੋਤਮ ਪਿੱਠਵਰਤੀ ਗਾਇਕ ਦਾ ਐਵਾਰਡ ਮਿਲਿਆ। ਵਿੱਕੀ ਕੌਸ਼ਲ ਨੂੰ ਫਿਲਮ ‘ਡੰਕੀ’ ਵਿੱਚ ਅਦਾਕਾਰੀ ਲਈ ਸਰਵੋਤਮ ਸਹਾਇਕ ਅਦਾਕਾਰ (ਪੁਰਸ਼) ਦਾ ਪੁਰਸਕਾਰ ਦਿੱਤਾ ਗਿਆ। ’12 ਫੇਲ੍ਹ’ ਨੂੰ ਸਰਵੋਤਮ ਫਿਲਮ ਤੇ ਸਰਵੋਤਮ ਸਕਰੀਨਪਲੇਅ ਐਵਾਰਡ ਮਿਲਿਆ। ਇਸ ਫਿਲਮ ਦੇ ਨਿਰਦੇਸ਼ਕ ਵਿਧੂ ਵਿਨੋਦ ਚੋਪੜਾ ਨੂੰ ਸਰਵੋਤਮ ਨਿਰਦੇਸ਼ਕ ਦਾ ਐਵਾਰਡ ਦਿੱਤਾ ਗਿਆ।
ਸ਼ਬਾਨਾ ਆਜ਼ਮੀ ਨੂੰ ਫਿਲਮ ‘ਰੌਕੀ ਔਰ ਰਾਨੀ ਕੀ ਪ੍ਰੇਮ ਕਹਾਨੀ’ ਲਈ ਸਰਵੋਤਮ ਸਹਾਇਕ ਅਦਾਕਾਰਾ ਦੇ ਖਿਤਾਬ ਨਾਲ ਨਿਵਾਜਿਆ ਗਿਆ।

 

Check Also

ਚੋਣ ਕਮਿਸ਼ਨ ਨੇ ਗਿੱਦੜਬਾਹਾ ’ਚ 24 ਪਿੰਡਾਂ ਦੀਆਂ ਪੰਚਾਇਤੀ ਚੋਣਾਂ ਕੀਤੀਆਂ ਰੱਦ

ਸ਼ੋ੍ਰਮਣੀ ਅਕਾਲੀ ਦਲ ਦੀ ਸ਼ਿਕਾਇਤ ’ਤੇ ਚੋਣ ਕਮਿਸ਼ਨ ਨੇ ਲਿਆ ਫੈਸਲਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ …