17 C
Toronto
Sunday, October 5, 2025
spot_img
Homeਪੰਜਾਬਪ੍ਰਕਾਸ਼ ਪੁਰਬ ਸਬੰਧੀ ਪੰਜਾਬ ਸਰਕਾਰ ਵਲੋਂ ਲਗਾਏ ਬੈਨਰਾਂ ਤੋਂ 'ਪੰਜਾਬ' ਗਾਇਬ

ਪ੍ਰਕਾਸ਼ ਪੁਰਬ ਸਬੰਧੀ ਪੰਜਾਬ ਸਰਕਾਰ ਵਲੋਂ ਲਗਾਏ ਬੈਨਰਾਂ ਤੋਂ ‘ਪੰਜਾਬ’ ਗਾਇਬ

ਹਜ਼ਾਰਾਂ ਹੋਰਡਿੰਗਾਂ ਅਤੇ ਬੈਨਰਾਂ ‘ਤੇ ਅੰਗਰੇਜ਼ੀ ਭਾਸ਼ਾ ਦਾ ਬੋਲਬਾਲਾ
ਜਲੰਧਰ/ਬਿਊਰੋ ਨਿਊਜ਼ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਪ੍ਰਣਾਮ ਕਰਨ ਲਈ ਪੰਜਾਬ ਸਰਕਾਰ ਨੇ ਪੂਰੇ ਸੂਬੇ ਵਿਚ ਮੁੱਖ ਮੰਤਰੀ ਦੀ ਤਸਵੀਰ ਵਾਲੇ ਵੱਡੀ ਗਿਣਤੀ ‘ਚ ਵੱਡੇ-ਵੱਡੇ ਹੋਰਡਿੰਗ ਤੇ ਬੈਨਰ ਲਗਾਏ ਗਏ ਹਨ। ਇਹ ਹੋਰਡਿੰਗ ਤੇ ਬੈਨਰ ਸਿਰਫ ਸ਼ਹਿਰਾਂ ਵਿਚ ਹੀ ਨਹੀਂ, ਸਗੋਂ ਵੱਡੇ ਪਿੰਡਾਂ ਵਾਲੇ ਚੌਰਾਹਿਆਂ ਤੇ ਹੋਰ ਅਹਿਮ ਸੜਕਾਂ ਜਾਂ ਸਥਾਨਾਂ ‘ਤੇ ਵੀ ਲਗਾਏ ਗਏ ਹਨ। ਪਰ ਚਰਚਾ ਇਸ ਗੱਲ ਨੂੰ ਲੈ ਕੇ ਭਖ ਰਹੀ ਹੈ ਕਿ ਪੰਜਾਬੀ ਪੰਜਾਬ ਦੀ ਰਾਜ ਭਾਸ਼ਾ ਹੈ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਲਿਖੀ ਬਾਣੀ ਦਾ ਪੰਜਾਬੀ ਬੋਲੀ ਤੇ ਗੁਰਮੁਖੀ ਲਿਪੀ ਨਾਲ ਵਿਸ਼ੇਸ਼ ਸਬੰਧ ਹੈ। ਪੰਜਾਬ ਦੇ 95 ਫੀਸਦੀ ਲੋਕ ਪੰਜਾਬੀ ਬੋਲਦੇ ਤੇ ਪੜ੍ਹਦੇ ਹਨ, ਪਰ ਪੰਜਾਬ ਸਰਕਾਰ ਵਲੋਂ ਲਗਾਏ ਗਏ ਹਜ਼ਾਰਾਂ ਹੋਰਡਿੰਗ ਤੇ ਬੈਨਰਾਂ ਵਿਚੋਂ ਇਕ ਵੀ ਪੰਜਾਬੀ ਭਾਸ਼ਾ ਵਿਚ ਨਹੀਂ ਲਿਖਿਆ ਗਿਆ, ਸਗੋਂ ਸਾਰੇ ਹੀ ਹੋਰਡਿੰਗ ਤੇ ਬੈਨਰ ਅੰਗਰੇਜ਼ੀ ਭਾਸ਼ਾ ਵਿਚ ਲਿਖੇ ਹੋਏ ਲਗਾਏ ਗਏ ਹਨ।
ਹੈਰਾਨੀ ਇਸ ਗੱਲ ਦੀ ਹੈ ਕਿ ਹਾਲੇ ਵੀ ਪੰਜਾਬ ਦੇ 70 ਫੀਸਦੀ ਤੋਂ ਵੀ ਵਧੇਰੇ ਲੋਕ ਨਾ ਤਾਂ ਅੰਗਰੇਜ਼ੀ ਬੋਲਦੇ ਹਨ ਤੇ ਨਾ ਹੀ ਅੰਗਰੇਜ਼ੀ ਚੰਗੀ ਤਰ੍ਹਾਂ ਸਮਝਦੇ ਹੀ ਹਨ, ਪੰਜਾਬ ਦੀ ਅਫਸਰਸ਼ਾਹੀ ਤੇ ਸਰਕਾਰ ਪਤਾ ਨਹੀਂ ਕਿਉਂ ਫਿਰ ਵੀ ਲੋਕਾਂ ਨੂੰ ਬਸਤੀਵਾਦੀ ਗੁਲਾਮੀ ਦਾ ਅਹਿਸਾਸ ਕਰਵਾਉਣ ਲਈ ਹਮੇਸ਼ਾ ਤਤਪਰ ਰਹਿੰਦੀ ਹੈ। ਪੰਜਾਬ ਸਰਕਾਰ ‘ਤੇ ਅਕਸਰ ਹੀ ਪੰਜਾਬੀ ਹਿਤੈਸ਼ੀਆਂ ਤੇ ਲੇਖਕਾਂ ਦਾ ਇਹ ਗਿਲਾ-ਸ਼ਿਕਵਾ ਰਹਿੰਦਾ ਆ ਰਿਹਾ ਹੈ ਕਿ ਇਹ ਸਰਕਾਰ ਮਾਂ ਬੋਲੀ ਪੰਜਾਬੀ ਪ੍ਰਤੀ ਕਦੇ ਵੀ ਸੁਹਿਰਦ ਨਹੀਂ ਰਹੀ ਉਲਟਾ ਸਗੋਂ ਇਸ ਦਾ ਅੰਗਰੇਜ਼ੀ ਹੇਜ਼ ਲਗਾਤਾਰ ਝਲਕਦਾ ਰਹਿੰਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ 550 ਸਾਲਾ ਗੁਰਪੁਰਬ ਸਮਾਗਮਾਂ ਦੀ ਅਗਵਾਈ ਕਰ ਰਹੇ ਭਾਈ ਗੋਬਿੰਦ ਸਿਘ ਲੌਂਗੋਵਾਲ ਨੇ ਪੰਜਾਬੀ ਪ੍ਰਤੀ ਸਰਕਾਰ ਤੇ ਖਾਸ ਕਰ ਮੁੱਖ ਮੰਤਰੀ ਦੇ ਰਵੱਈਏ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਬਾਬਾ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਉਸਤਤ ਪੰਜਾਬੀਆਂ ਨੂੰ ਅੰਗਰੇਜ਼ੀ ਵਿਚ ਲਿਖ ਕੇ ਕਰਨੀ ਸਮੂਹ ਪੰਜਾਬੀਆਂ ਦਾ ਹੀ ਨਿਰਾਦਰ ਨਹੀਂ, ਸਗੋਂ ਇਹ ਪੰਜਾਬੀ ਬੋਲੀ ਵਿਚ ਗੁਰਬਾਣੀ ਰਚਣ ਵਾਲੇ ਗੁਰੂਆਂ ਦੇ ਨਿਰਾਦਰ ਦੇ ਤੁਲ ਹੈ। ਕੁਲ ਹਿੰਦ ਪ੍ਰਗਤੀਸ਼ੀਲ ਲੇਖਕ ਸੰਘ ਦੇ ਆਗੂ ਪ੍ਰੋ: ਸਰਬਜੀਤ ਸਿੰਘ ਨੇ ਇਸ ਨੂੰ ਬੇਹੱਦ ਦੁਖਦਾਈ ਤੇ ਨਿੰਦਣਯੋਗ ਵਰਤਾਰਾ ਗਰਦਾਨਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਪੰਜਾਬੀ ਪ੍ਰਤੀ ਕੋਈ ਮੋਹ ਨਹੀਂ ਹੈ। ਦਫਤਰੀ ਭਾਸ਼ਾ ਬਣਾਏ ਜਾਣ ਦੇ ਬਾਵਜੂਦ ਇਨ੍ਹਾਂ ਦੇ ਦਫਤਰਾਂ ਵਿਚ ਅੰਗਰੇਜ਼ੀ ਚਲਦੀ ਹੈ। ਪੰਜਾਬੀ ਕੇਂਦਰੀ ਲੇਖਕ ਸਭਾ ਦੇ ਪ੍ਰਧਾਨ ਡਾ: ਸੁਖਦੇਵ ਸਿੰਘ ਸਿਰਸਾ ਨੇ ਪੰਜਾਬ ਸਰਕਾਰ ਦੇ ਇਸ ਵਤੀਰੇ ਦੀ ਨਿੰਦਾ ਕੀਤੀ ਹੈ।

RELATED ARTICLES
POPULAR POSTS