ਵਿੱਤ ਵਿਭਾਗ ਨੇ 130 ਕਰੋੜ ਰੁਪਏ ਕੀਤੇ ਜਾਰੀ : ਮਨਪ੍ਰੀਤ ਬਾਦਲ
ਚੰਡੀਗੜ੍ਹ : ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਸੂਬੇ ਦੇ ਨੌਜਵਾਨਾਂ ਨੂੰ ਦੀਵਾਲੀ ਮੌਕੇ ਸਮਾਰਟ ਫੋਨ ਦੇ ਦਿੱਤੇ ਜਾਣਗੇ ਤੇ ਇਸ ਵਾਸਤੇ ਵਿੱਤ ਵਿਭਾਗ ਨੇ 130 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ। ਚੰਡੀਗੜ੍ਹ ਦੇ ਪ੍ਰੈੱਸ ਕਲੱਬ ਵਿਚ ‘ਪੰਜਾਬ ਰਾਈਟਰਜ਼ ਐਂਡ ਕਲਚਰਲ ਫੋਰਮ’ ਦੇ ਪ੍ਰਧਾਨ ਅਤੇ ਬਜ਼ੁਰਗ ਕਾਂਗਰਸੀ ਆਗੂ ਵੇਦ ਪ੍ਰਕਾਸ਼ ਗੁਪਤਾ ਦੀ ਪੁਸਤਕ ‘ਡਾਊਨ ਦਿ ਮੈਮਰੀ ਲੇਨ’ ਰਿਲੀਜ਼ ਕਰਨ ਮੌਕੇ ਮਨਪ੍ਰੀਤ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਚੋਣ ਮੈਨੀਫੈਸਟੋ ਵਿਚ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦਾ ਵਾਅਦਾ ਕੀਤਾ ਸੀ ਤੇ ਇਹ ਵਾਅਦਾ ਪੂਰਾ ਕਰਨ ਲਈ ਪੈਸੇ ਜਾਰੀ ਕਰ ਦਿੱਤੇ ਹਨ ਤੇ ਟੈਂਡਰ ਮੰਗ ਲਏ ਗਏ ਹਨ। ਦੀਵਾਲੀ ਮੌਕੇ ਸੂਬੇ ਦੇ ਨੌਜਵਾਨਾਂ ਨੂੰ ਫੋਨ ਦੇ ਦਿੱਤੇ ਜਾਣਗੇ। ਛੇ ਵਿਧਾਇਕਾਂ ਵਿਚੋਂ ਪੰਜ ਨੂੰ ਕੈਬਨਿਟ ਰੈਂਕ ਅਤੇ ਇਕ ਨੂੰ ਰਾਜ ਮੰਤਰੀ ਰੈਂਕ ਦੇਣ ਨਾਲ ਖ਼ਜ਼ਾਨੇ ‘ਤੇ ਪੈਣ ਵਾਲੇ ਬੋਝ ਬਾਰੇ ਸਵਾਲ ਨੂੰ ਵਿੱਤ ਮੰਤਰੀ ਨੇ ਟਾਲ ਦਿੱਤਾ। ਵਿੱਤ ਮੰਤਰੀ ਨੇ ਪੁਸਤਕ ਬਾਰੇ ਕਿਹਾ ਕਿ ਸੂਬੇ ਵਿਚ ਪੜ੍ਹਨ-ਲਿਖਣ ਦਾ ਰੁਝਾਨ ਘਟਦਾ ਜਾ ਰਿਹਾ ਹੈ ਤੇ ਇਸ ਨਾਲ ਸਾਡੀਆਂ ਨੈਤਿਕ ਕਦਰਾਂ-ਕੀਮਤਾਂ ਵਿਚ ਗਿਰਾਵਟ ਆਈ ਹੈ। ਦੇਸ਼ ਦੀ ਮੌਜੂਦਾ ਹਾਲਤ ‘ਤੇ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜਿਸ ਰਸਤੇ ਜਾ ਰਹੀ ਹੈ, ਉਸ ਨਾਲ ਦੇਸ਼ ਕਮਜ਼ੋਰ ਹੋ ਜਾਵੇਗਾ। ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਨੇ ਕਿਹਾ ਕਿ ਸਾਡਾ ਦੇਸ਼ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਚੱਲਣ ਵਾਲਾ ਦੇਸ਼ ਹੈ ਪਰ ਅਜੋਕੇ ਸਮੇਂ ਵਿਚ ਅਜਿਹਾ ਨਹੀਂ ਹੋ ਰਿਹਾ। ਇਸ ਕਰਕੇ ਆਉਣ ਵਾਲੇ ਸਮੇਂ ਵਿਚ ਮੁਸ਼ਕਿਲਾਂ ਵਧਣਗੀਆਂ। ਇਸ ਲਈ ਪਿਛਲੱਗ ਬਣਨ ਦੀ ਥਾਂ ਸਿਧਾਂਤਾਂ ‘ਤੇ ਚੱਲਣ ਦੀ ਰਾਜਨੀਤੀ ਦੀ ਲੋੜ ਹੈ। ਪੁਸਤਕ ਦੇ ਲੇਖਕ ਵੇਦ ਪ੍ਰਕਾਸ਼ ਗੁਪਤਾ ਨੇ ਆਪਣੀ ਜ਼ਿੰਦਗੀ ਦੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਬਹੁਤ ਉਤਰਾਅ-ਚੜ੍ਹਾਅ ਦੇਖੇ ਹਨ ਪਰ ਉਹ ਕਦੇ ਵੀ ਆਪਣੇ ਮਾਰਗ ਤੋਂ ਭਟਕੇ ਨਹੀਂ। ਉਨ੍ਹਾਂ ਕਿਹਾ ਕਿ ਪਾਰਟੀ ਂਚ ਮਿਹਨਤੀ ਵਰਕਰਾਂ ਦੀ ਕਦਰ ਕੀਤੀ ਜਾਣੀ ਚਾਹੀਦੀ ਹੈ। ਇਸ ਮੌਕੇ ਕਾਂਗਰਸ ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਲਖਵਿੰਦਰ ਸਿੰਘ ਲੱਖਾ, ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਤੇ ਰਾਈਟਰਜ਼ ਫੋਰਮ ਦੇ ਅਹੁਦੇਦਾਰ ਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।
ਕੈਪਟਨ ਹੋਰ ਵਿਧਾਇਕਾਂ ਨੂੰ ਵੀ ਦੇਣਾ ਚਾਹੁੰਦੇ ਸਨ ‘ਕੈਬਨਿਟ ਰੈਂਕ’
ਚੰਡੀਗੜ੍ਹ : ਕਾਂਗਰਸ ਦੇ 6 ਵਿਧਾਇਕਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਰਕਾਰ ਵਿਚ ਕੈਬਨਿਟ ਰੈਂਕ ਦੇਣ ਤੋਂ ਬਾਅਦ ਅਹਿਮ ਖੁਲਾਸਾ ਹੋਇਆ ਹੈ ਕਿ ਕਈ ਹੋਰ ਵਿਧਾਇਕਾਂ ਨੂੰ ਵੀ ਉਨ੍ਹਾਂ ਦੀ ਨਰਾਜ਼ਗੀ ਦੂਰ ਕਰਨ ਲਈ ਕੈਬਨਿਟ ਰੈਂਕ ਦੀ ਪੇਸ਼ਕਸ਼ ਕੀਤੀ ਸੀ। ਕੈਪਟਨ ਚਾਰ ਹੋਰ ਵਿਧਾਇਕਾਂ ਨੂੰ ਕੈਬਨਿਟ ਰੈਂਕ ਦੇ ਕੇ ਸਲਾਹਕਾਰ ਬਣਾਉਣਾ ਚਾਹੁੰਦੇ ਸਨ, ਇਨ੍ਹਾਂ ਵਿਚੋਂ ਇਕ ਪ੍ਰਗਟ ਸਿੰਘ ਅਤੇ ਦੂਜਾ ਨਾਮ ਸੁਰਜੀਤ ਧੀਮਾਨ ਦਾ ਹੈ। ਪ੍ਰਗਟ ਸਿੰਘ ਅਤੇ ਧੀਮਾਨ ਨੇ ਇਹ ਗੱਲ ਸਵੀਕਾਰ ਵੀ ਕੀਤੀ ਹੈ ਕਿ ਉਨ੍ਹਾਂ ਨੂੰ ਅਜਿਹੀ ਪੇਸ਼ਕਸ਼ ਹੋਈ ਸੀ।
ਗਾਇਕ ਐਲੀ ਮਾਂਗਟ ਨੂੰ ਮਿਲੀ ਜ਼ਮਾਨਤ
ਮੁਹਾਲੀ : ਮੁਹਾਲੀ ਦੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਹਰਜਿੰਦਰ ਕੌਰ ਨੇ ਸੋਹਾਣਾ ਪੁਲਿਸ ਵੱਲੋਂ ਪੰਜਾਬੀ ਗੀਤ ਨੂੰ ਲੈ ਕੇ ਫੇਸਬੁੱਕ ‘ਤੇ ਇਤਰਾਜ਼ਯੋਗ ਟਿੱਪਣੀਆਂ ਕਰਨ ਅਤੇ ਇੱਕ-ਦੂਜੇ ਨੂੰ ਧਮਕੀਆਂ ਦੇਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਪੰਜਾਬੀ ਗਾਇਕ ਹਰਕੀਰਤ ਸਿੰਘ ਉਰਫ਼ ਐਲੀ ਮਾਂਗਟ ਅਤੇ ਹਰਦੀਪ ਸਿੰਘ ਵਾਲੀਆ ਨੂੰ ਰਾਹਤ ਦਿੰਦਿਆਂ ਮੁਲਜ਼ਮਾਂ ਦੀਆਂ ਜ਼ਮਾਨਤ ਅਰਜ਼ੀਆਂ ਮਨਜ਼ੂਰ ਕਰ ਲਈਆਂ ਹਨ। ਲੰਘੀ 14 ਸਤੰਬਰ ਨੂੰ ਮੁਹਾਲੀ ਦੇ ਡਿਊਟੀ ਮੈਜਿਸਟ੍ਰੇਟ ਅਮਿਤ ਬਖ਼ਸ਼ੀ ਨੇ ਮੁਲਜ਼ਮ ਗਾਇਕ ਤੇ ਸਾਥੀ ਵਾਲੀਆ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਅਧੀਨ 27 ਸਤੰਬਰ ਤੱਕ ਰੂਪਨਗਰ ਜੇਲ੍ਹ ਭੇਜ ਦਿੱਤਾ ਸੀ। ਇਸ ਸਮੇਂ ਦੋਵੇਂ ਜਣੇ ਜੇਲ੍ਹ ਵਿੱਚ ਹਨ।ਜਾਣਕਾਰੀ ਅਨੁਸਾਰ ਗਾਇਕ ਐਲੀ ਮਾਂਗਟ ਤੇ ਹਰਦੀਪ ਵਾਲੀਆ ਨੇ ਆਪਣੇ ਵਕੀਲਾਂ ਜੀਪੀਐੱਸ ਘੁੰਮਣ ਤੇ ਜੀਐੱਸ ਘੁੰਮਣ ਰਾਹੀਂ ਮੁਹਾਲੀ ਅਦਾਲਤ ਵਿੱਚ ਵੱਖੋ-ਵੱਖਰੀਆਂ ਅਰਜ਼ੀਆਂ ਦਾਇਰ ਕਰ ਕੇ ਜ਼ਮਾਨਤ ਦੀ ਅਪੀਲ ਕੀਤੀ ਸੀ।