ਪ੍ਰਧਾਨ ਮੰਤਰੀ ਦੇ ਘਰ ਦੇ ਬਾਹਰ ਧਰਨਾ ਦੇਣ ਕੈਪਟਨ ਅਮਰਿੰਦਰ : ਖਹਿਰਾ
ਜਲੰਧਰ/ਬਿਊਰੋ ਨਿਊਜ਼
ਪੰਜਾਬ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੇ ਕਿਹਾ ਹੈ ਕਿ ਪਹਾੜੀ ਸੂਬਿਆਂ ਨੂੰ ਟੈਕਸ ਵਿਚ ਛੋਟ ਨਾਲ ਪੰਜਾਬ ਦੇ ਵਪਾਰ ਤੇ ਇੰਡਸਟਰੀ ਦਾ ਘਾਣ ਹੋ ਜਾਵੇਗਾ। ਉਨ੍ਹਾਂ ਨੇ ਕੇਂਦਰ ਸਰਕਾਰ ਵੱਲੋਂ ਪਹਾੜੀ ਸੂਬਿਆਂ ਨੂੰ ਟੈਕਸ ਵਿੱਚ 10 ਸਾਲ ਦੀ ਛੋਟ ਦੇਣ ਦੇ ਮਾਮਲੇ ਬਾਰੇ ਕਿਹਾ ਕਿ ਇਸ ਨਾਲ ਪੰਜਾਬ ਨੂੰ ਹੋਰ ਨੁਕਸਾਨ ਹੋਵੇਗਾ। ਖਹਿਰਾ ਨੇ ਕਿਹਾ ਕਿ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਧਾਨ ਮੰਤਰੀ ਦੇ ਘਰ ਬਾਹਰ ਪੰਜਾਬ ਲਈ ਧਰਨਾ ਦੇਣਾ ਚਾਹੀਦਾ ਹੈ।
ਖਹਿਰਾ ਨੇ ਕਿਹਾ ਕਿ ਪਹਾੜੀ ਸੂਬਿਆਂ ਨੂੰ ਛੋਟ ਦੇਣ ਕਰਕੇ ਪਹਿਲਾਂ ਹੀ ਪੰਜਾਬ ਦੇ ਵਪਾਰ ਤੇ ਇੰਡਸਟਰੀ ਦਾ ਘਾਣ ਹੋ ਚੁੱਕਿਆ ਹੈ। ਇਹ ਛੋਟ ਵਾਜਪਾਈ ਦੀ ਸਰਕਾਰ ਨੇ ਸ਼ੁਰੂ ਕੀਤੀ ਸੀ। ਇਸ ਤੋਂ ਬਾਅਦ 10 ਸਾਲ ਡਾ. ਮਨਮੋਹਨ ਸਿੰਘ ਨੇ ਵੀ ਇਸ ਨੂੰ ਜਾਰੀ ਰੱਖਿਆ। ਹੁਣ ਮੋਦੀ ਸਰਕਾਰ ਨੇ 10 ਸਾਲ ਹੋਰ ਵਧਾ ਦਿੱਤੇ ਹਨ। ਸੁਖਪਾਲ ਖਹਿਰਾ ਨੇ ਇਹ ਵੀ ਕਿਹਾ ਕਿ ਮੋਦੀ ਸਰਕਾਰ ਵਪਾਰੀਆਂ ਦੀ ਸਰਕਾਰ ਹੈ।