Breaking News
Home / ਪੰਜਾਬ / ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਚੰਡੀਗੜ੍ਹ ’ਚ ਲੱਗੇਗੀ ਕਲਾਸ

ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਚੰਡੀਗੜ੍ਹ ’ਚ ਲੱਗੇਗੀ ਕਲਾਸ

ਤਿੰਨ ਦਿਨਾ ਕੈਂਪ ’ਚ ਪਹਿਲੀ ਵਾਰ ਚੁਣੇ ਗਏ 82 ਵਿਧਾਇਕਾਂ ਨੂੰ ਦਿੱਤੀ ਜਾਵੇਗੀ ਟੇ੍ਰਨਿੰਗ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਸਰਕਾਰ ਵਿਧਾਨ ਸਭਾ ਚੋਣਾਂ 2022 ਵਿਚ ਜਿੱਤ ਹਾਸਲ ਕਰਕੇ ਪਹਿਲੀ ਵਾਰ ਵਿਧਾਨ ਸਭਾ ਪਹੁੰਚੇ ਆਮ ਆਦਮੀ ਪਾਰਟੀ ਦੇ 82 ਵਿਧਾਇਕਾਂ ਦੀ ਕਲਾਸ ਲਏਗੀ। ਇਸ ਕਲਾਸ ਦੌਰਾਨ ਤਿੰਨ ਦਿਨਾ ਇਕ ਟ੍ਰੇਨਿੰਗ ਕੈਂਪ ਲਗਾਇਆ ਜਾਵੇਗਾ ਜਿਸ ਵਿਚ ਪਹਿਲੀ ਵਾਰ ਚੁਣ ਕੇ ਆਏ ਵਿਧਾਇਕਾਂ ਨੂੰ ਵਿਧਾਨ ਸਭਾ ਦੇ ਕੰਮਕਾਜ ਬਾਰੇ ਸਿਖਲਾਈ ਦਿੱਤੀ ਜਾਵੇਗੀ। ਇਹ ਕੈਂਪ 31 ਮਈ ਤੋਂ 2 ਜੂਨ ਤੱਕ ਲਗਾਇਆ ਜਾਵੇਗਾ, ਜਿਸ ਵਿਚ ਪਾਰਲੀਮੈਂਟਰੀ ਰਿਸਰਚ ਅਤੇ ਟ੍ਰੇਨਿੰਗ ਇੰਸਟੀਚਿਊਟ ਫਾਰ ਡੈਮੋਕਰੇਸੀ ਦੇ ਮਾਹਿਰ ਵਿਧਾਇਕਾਂ ਨੂੰ ਟ੍ਰੇਨਿੰਗ ਦੇਣਗੇ। ਮੰਨਿਆ ਜਾ ਰਿਹਾ ਹੈ ਕਿ ਜੂਨ ’ਚ ਪੰਜਾਬ ਸਰਕਾਰ ਦਾ ਪਹਿਲਾ ਬਜਟ ਸੈਸ਼ਨ ਹੋਵੇਗਾ, ਜਿਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਿਰੋਧੀਆਂ ਨੂੰ ਜਵਾਬ ਦੇਣ ਦੀ ਇਸ ਕੈਂਪ ਰਾਹੀਂ ਰਣਨੀਤੀ ਬਣਾਉਣ ਜਾ ਰਹੀ ਹੈ। ਆਮ ਆਦਮੀ ਪਾਰਟੀ ਦੇ ਲਿਹਾਜ਼ ਨਾਲ ਇਹ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਵਿਚੋਂ 92 ਸੀਟਾਂ ’ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਜਿੱਤ ਹਾਸਲ ਕੀਤੀ ਸੀ, ਜਿਨ੍ਹਾਂ ਵਿਚੋਂ 82 ਵਿਧਾਇਕ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਦੀ ਪੌੜ੍ਹੀ ਚੜ੍ਹੇ ਹਨ, ਜਿਨ੍ਹਾਂ ਵਿਚ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਹਨ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ ਕਾਂਗਰਸ ਪਾਰਟੀ ਦੇ 18 ਵਿਧਾਇਕਾਂ ਨਾਲ ਚੰਡੀਗੜ੍ਹ ਵਿਚ ਇਕ ਮੀਟਿੰਗ ਕੀਤੀ ਸੀ। ਜਿਸ ’ਚ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸ਼ੈਡੋ ਕੈਬਨਿਟ ਬਣਾਏਗੀ, ਜੋ ਸਰਕਾਰ ਅਤੇ ਮੰਤਰੀਆਂ ਦੇ ਕੰਮਕਾਜ ’ਤੇ ਨਜ਼ਰ ਰੱਖੇਗੀ।

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …