17 C
Toronto
Friday, September 12, 2025
spot_img
Homeਪੰਜਾਬ'ਆਪ' ਤੇ ਕਾਂਗਰਸ ਕੋਲ ਬਹੁਮਤ ਪਰ ਚੰਡੀਗੜ੍ਹ ਵਿੱਚ ਮੇਅਰ ਭਾਜਪਾ ਦਾ

‘ਆਪ’ ਤੇ ਕਾਂਗਰਸ ਕੋਲ ਬਹੁਮਤ ਪਰ ਚੰਡੀਗੜ੍ਹ ਵਿੱਚ ਮੇਅਰ ਭਾਜਪਾ ਦਾ

ਮਨੋਜ ਸੋਨਕਰ ਬਣੇ ਚੰਡੀਗੜ੍ਹ ਦੇ ਮੇਅਰ; ਪ੍ਰੀਜ਼ਾਈਡਿੰਗ ਅਫ਼ਸਰ ਵੱਲੋਂ ਅੱਠ ਵੋਟਾਂ ਰੱਦ
ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦੇ ਵੀ ਭਾਜਪਾ ਦੀ ਝੋਲੀ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ‘ਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ 30 ਜਨਵਰੀ ਨੂੰ ਹੋਈ ਚੰਡੀਗੜ੍ਹ ਦੇ ਮੇਅਰ ਦੀ ਚੋਣ ਦੌਰਾਨ ਆਪ-ਕਾਂਗਰਸ ਗੱਠਜੋੜ ਕੋਲ ਲੋੜੀਂਦੇ ਬਹੁਮਤ ਦੇ ਬਾਵਜੂਦ ਭਾਜਪਾ ਉਮੀਦਵਾਰ ਮਨੋਜ ਸੋਨਕਰ ਨੇ ਜਿੱਤ ਦਰਜ ਕੀਤੀ ਹੈ। ਮਨੋਜ ਸੋਨਕਰ ਨੂੰ 16 ਵੋਟ ਤੇ ‘ਆਪ’-ਕਾਂਗਰਸ ਗੱਠਜੋੜ ਦੇ ਉਮੀਦਵਾਰ ਕੁਲਦੀਪ ਕੁਮਾਰ ਧਲੌਰ ਨੂੰ 12 ਵੋਟ ਮਿਲੇ। ਪ੍ਰੀਜ਼ਾਈਡਿੰਗ ਅਧਿਕਾਰੀ ਅਨਿਲ ਮਸੀਹ ਨੇ ਵੋਟਾਂ ਦੀ ਗਿਣਤੀ ਦੌਰਾਨ ਅੱਠ ਵੋਟਾਂ ਰੱਦ ਕਰ ਦਿੱਤੀਆਂ। ਇਸ ਮਗਰੋਂ 4 ਵੋਟਾਂ ਨਾਲ ਭਾਜਪਾ ਉਮੀਦਵਾਰ ਨੂੰ ਜੇਤੂ ਐਲਾਨ ਦਿੱਤਾ ਗਿਆ।
ਚੋਣ ਦੇ ਨਤੀਜੇ ਦਾ ਐਲਾਨ ਹੁੰਦੇ ਹੀ ਆਪ-ਕਾਂਗਰਸ ਗੱਠਜੋੜ ਦੇ ਕੌਂਸਲਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਉਹ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਦਾ ਬਾਈਕਾਟ ਕਰਦੇ ਹੋਏ ਸਦਨ ਵਿਚੋਂ ਵਾਕਆਊਟ ਕਰ ਗਏ ਤੇ ਭਾਜਪਾ ਕੌਂਸਲਰ ਹੀ ਵੋਟਿੰਗ ਵਿਚ ਸ਼ਾਮਲ ਹੋਏ। ਭਾਜਪਾ ਦੇ ਕੁਲਜੀਤ ਸਿੰਘ ਸੀਨੀਅਰ ਡਿਪਟੀ ਮੇਅਰ ਤੇ ਰਾਜਿੰਦਰ ਸ਼ਰਮਾ ਡਿਪਟੀ ਮੇਅਰ ਚੁਣੇ ਗਏ।
ਮੇਅਰ ਦੀ ਚੋਣ ਦੇ ਨਤੀਜੇ ਨਾਲ ਨਾ ਸਿਰਫ਼ ਚੰਡੀਗੜ੍ਹ ਵਿਚ ਸਗੋਂ ਦੇਸ਼ ਭਰ ਵਿਚ ਘਮਸਾਣ ਮਚ ਗਿਆ ਹੈ। ‘ਆਪ’-ਕਾਂਗਰਸ ਗੱਠਜੋੜ ਦੇ ਆਗੂਆਂ ਦਾ ਆਰੋਪ ਹੈ ਕਿ ਭਾਜਪਾ ਦੀ ਜਿੱਤ ਧੱਕੇਸ਼ਾਹੀ ਤੇ ਜਾਅਲਸਾਜ਼ੀ ਨਾਲ ਹੋਈ ਹੈ ਕਿਉਂਕਿ ਪ੍ਰੀਜ਼ਾਈਡਿੰਗ ਅਧਿਕਾਰੀ ਅਨਿਲ ਮਸੀਹ ਨੇ ਨਤੀਜੇ ਜਾਰੀ ਕਰਨ ਮੌਕੇ ਨਿਰਪੱਖਤਾ ਤੇ ਪਾਰਦਰਸ਼ਤਾ ਨਹੀਂ ਦਿਖਾਈ। ‘ਆਪ’ ਤੇ ਕਾਂਗਰਸੀ ਕੌਂਸਲਰਾਂ ਨੇ ਆਰੋਪ ਲਾਇਆ ਕਿ ਪ੍ਰੀਜ਼ਾਈਡਿੰਗ ਅਧਿਕਾਰੀ ਨੇ ਵੋਟਾਂ ਦੀ ਗਿਣਤੀ ਕਰਨ ਮੌਕੇ ਪਾਰਟੀ ਦੇ ਚੋਣ ਏਜੰਟਾਂ ਨੂੰ ਵੀ ਨਹੀਂ ਸੱਦਿਆ। ਇਕੱਲਿਆਂ ਹੀ ਵੋਟਾਂ ਦੀ ਗਿਣਤੀ ਕਰਕੇ 8 ਵੋਟਾਂ ਅਯੋਗ ਕਰਾਰ ਦੇ ਦਿੱਤੀਆਂ। ਉਨ੍ਹਾਂ ਆਰੋਪ ਲਾਇਆ ਕਿ ਭਾਜਪਾ ਨੇ ਧੱਕੇਸ਼ਾਹੀ ਨਾਲ ਚੋਣ ਜਿੱਤੀ ਤੇ ਜਮਹੂਰੀਅਤ ਦਾ ਸਿਆਸੀ ਕਤਲ ਕੀਤਾ ਹੈ। ਕਾਂਗਰਸ ਤੇ ‘ਆਪ’ ਕੌਂਸਲਰਾਂ ਨੇ ਇਹ ਆਰੋਪ ਵੀ ਲਾਏ ਕਿ ਪ੍ਰੀਜ਼ਾਈਡਿੰਗ ਅਧਿਕਾਰੀ ਵਾਇਰਲ ਹੋਈ ਵੀਡੀਓ ਵਿੱਚ ਕਈ ਵੋਟਾਂ ‘ਤੇ ਪੈੱਨ ਚਲਾਉਂਦਾ ਨਜ਼ਰ ਆ ਰਿਹਾ ਹੈ। ਵੀਡੀਓ ਵਿੱਚ ਵੀ ਇਸ ਦੇ ਸਬੂਤ ਹਨ। ਇਸ ਨੂੰ ਲੈ ਕੇ ਸਦਨ ਵਿਚ ਕਾਫੀ ਦੇਰ ਤੱਕ ਹੰਗਾਮਾ ਹੋਇਆ।
ਜਮਹੂਰੀਅਤ ਲਈ ਕਾਲਾ ਦਿਨ : ਕੇਜਰੀਵਾਲ
ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਨ੍ਹਾਂ ਘਟਨਾਵਾਂ ਨੂੰ ‘ਜਮਹੂਰੀਅਤ ਲਈ ਕਾਲਾ ਦਿਨ’ ਕਰਾਰ ਦਿੱਤਾ। ‘ਆਪ’ ਦੇ ਕੌਮੀ ਕਨਵੀਨਰ ਨੇ ਕਿਹਾ, ”ਮੇਅਰ ਦੀ ਚੋਣ ਵਿਚ ਆਪ-ਕਾਂਗਰਸ ਗੱਠਜੋੜ ਕੋਲ ਸਪੱਸ਼ਟ ਬਹੁਮਤ ਸੀ ਤੇ ਇਹ ਸਿੱਧੀ ਚੋਣ ਸੀ। ਅੱਠ ਵੋਟਾਂ ਜਾਂ ਕੁੱਲ ਵੋਟਾਂ ਦਾ 25 ਫੀਸਦ ਨੂੰ ਅਯੋਗ ਐਲਾਨ ਦਿੱਤਾ ਗਿਆ। ਇਹ ਕਿਸ ਤਰ੍ਹਾਂ ਦੀ ਚੋਣ ਸੀ? ਮੇਅਰ ਚੋਣ ਦੇ ਨਤੀਜੇ ਦਰਸਾਉਂਦੇ ਹਨ ਕਿ ਕੁਝ ਗਲਤ ਹੈ ਤੇ ਉਹ (ਭਾਜਪਾ) ਲੋਕ ਸਭਾ ਚੋਣਾਂ ਵਿੱਚ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ।”
ਹਾਈਕੋਰਟ ਦੇ ਸੇਵਾਮੁਕਤ ਜੱਜ ਦੀ ਨਿਗਰਾਨੀ ਹੇਠ ਮੁੜ ਚੋਣ ਹੋਵੇ: ਇੰਡੀਆ ਗੱਠਜੋੜ
ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ, ਚੰਡੀਗੜ੍ਹ ਤੋਂ ਸਾਬਕਾ ਸੰਸਦ ਮੈਂਬਰ ਤੇ ਸੀਨੀਅਰ ਕਾਂਗਰਸੀ ਆਗੂ ਪਵਨ ਕੁਮਾਰ ਬਾਂਸਲ, ‘ਆਪ’ ਚੰਡੀਗੜ੍ਹ ਦੇ ਇੰਚਾਰਜ ਜਰਨੈਲ ਸਿੰਘ, ਪ੍ਰੇਮ ਗਰਗ ਤੇ ਹਰਮੋਹਿੰਦਰ ਸਿੰਘ ਲੱਕੀ ਨੇ ਮੇਅਰ ਦੀ ਚੋਣ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ ਹੈ।
ਉਨ੍ਹਾਂ ਮੰਗ ਕੀਤੀ ਕਿ ਚੰਡੀਗੜ੍ਹ ਮੇਅਰ ਦੀ ਚੋਣ ਰੱਦ ਕਰਕੇ ਮੁੜ ਤੋਂ ਹਾਈ ਕੋਰਟ ਦੇ ਸੇਵਾਮੁਕਤ ਜੱਜ ਦੀ ਨਿਗਰਾਨੀ ਹੇਠ ਕਰਵਾਈ ਜਾਵੇ। ਚੱਢਾ ਨੇ ਕਿਹਾ ਕਿ ਇੰਡੀਆ ਗੱਠਜੋੜ ਦੀਆਂ 20 ਵੋਟਾਂ (13 ‘ਆਪ’ ਅਤੇ 7 ਕਾਂਗਰਸੀ ਕੌਂਸਲਰ) ਸਨ।
ਭਾਜਪਾ ਕੋਲ 16 (14 ਕੌਂਸਲਰ, 1 ਸੰਸਦ ਮੈਂਬਰ ਤੇ 1 ਅਕਾਲੀ ਕੌਂਸਲਰ) ਸਨ। ਇਸ ਲਈ ਭਾਜਪਾ ਨੇ ਚੋਣ ਜਿੱਤਣ ਲਈ ਜਮਹੂਰੀਅਤ ਵਿਰੁੱਧ ਸਾਜ਼ਿਸ਼ ਰਚੀ।

 

 

RELATED ARTICLES
POPULAR POSTS