Breaking News
Home / ਪੰਜਾਬ / ‘ਆਪ’ ਜੂਨ ਤੱਕ ਕਰੇਗੀ ਸਾਰੇ ਉਮੀਦਵਾਰਾਂ ਦਾ ਐਲਾਨ

‘ਆਪ’ ਜੂਨ ਤੱਕ ਕਰੇਗੀ ਸਾਰੇ ਉਮੀਦਵਾਰਾਂ ਦਾ ਐਲਾਨ

APP June Tak copy copyਚੋਣ ਕਰਨ ਦਾ ਅਧਿਕਾਰ ਪੰਜਾਬ ਦੀ ਲੀਡਰਸ਼ਿਪ ਦੇ ਹੱਥ ਆਇਆ; ਚੋਣ ਪ੍ਰਚਾਰ ਤੇ ਸਕਰੀਨਿੰਗ ਲਈ ਕਮੇਟੀਆਂ ਕਾਇਮ
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਨੇ 2017 ਵਿੱਚ ਹੋ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ ਸਾਰੇ ਉਮੀਦਵਾਰਾਂ ਦਾ ਐਲਾਨ 30 ਜੂਨ ਤੱਕ ਕਰਨ ਦਾ ਐਲਾਨ ਕੀਤਾ ਹੈ। ਪਾਰਟੀ ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ 31 ਮਈ ਤੱਕ ਹੀ ਜਾਰੀ ਕਰ ਦਿੱਤੀ ਜਾਵੇਗੀ। ਉਮੀਦਵਾਰਾਂ ਦੀ ਮੁੱਢਲੀ ਚੋਣ ਕਰਨ ਦਾ ਅਧਿਕਾਰ ਪੰਜਾਬ ਦੀ ਲੀਡਰਸ਼ਿਪ ਨੂੰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਪਾਰਟੀ ਦੀ ਕੌਮੀ ਲੀਡਰਸ਼ਿਪ ਲੰਘੀ ਫਰਵਰੀ ਵਿੱਚ ਹੀ ਉਮੀਦਵਾਰਾਂ ਦੀ ਚੋਣ ਕਰਨ ਦੇ ਦਾਅਵੇ ਕਰਦੀ ਆ ਰਹੀ ਸੀ ਪ੍ਰੰਤੂ ਪੰਜਾਬ ਦੀ ਲੀਡਰਸ਼ਿਪ ਚੋਣ ਦੇ ਅਧਿਕਾਰ ਆਪਣੇ ਹੱਥਾਂ ਵਿੱਚ ਲੈਣ ਲਈ ਪਿਛਲੇ ਸਮੇਂ ਤੋਂ ਅੰਦਰਖਾਤੇ ਜੱਦੋ-ਜਹਿਦ ਕਰਦੀ ਆ ਰਹੀ ਸੀ।
ਪੰਜਾਬ ਇਕਾਈ ਦੇ ਇੰਚਾਰਜ ਸੰਜੇ ਸਿੰਘ, ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਉਮੀਦਵਾਰਾਂ ਦੀ ਚੋਣ ਲਈ 16 ਮੈਂਬਰੀ ਚੋਣ ਪ੍ਰਚਾਰ ਕਮੇਟੀ ਅਤੇ ਪੰਜ ਮੈਂਬਰੀ ਸਕਰੀਨਿੰਗ ਕਮੇਟੀ ਕਾਇਮ ਕੀਤੀ ਗਈ ਹੈ। ਇਨ੍ਹਾਂ ਕਮੇਟੀਆਂ ਦੀ ਖਾਸੀਅਤ ਇਹ ਹੈ ਕਿ 16 ਮੈਂਬਰੀ ਚੋਣ ਕਮੇਟੀ ਵਿੱਚ 14 ਅਤੇ ਪੰਜ ਮੈਂਬਰੀ ਸਕਰੀਨਿੰਗ ਕਮੇਟੀ ਵਿੱਚ ਤਿੰਨ ਆਗੂ ਪੰਜਾਬ ਦੇ ਹਨ।ਸੰਜੇ ਸਿੰਘ ਨੇ ਦੱਸਿਆ ਕਿ ਚੋਣ ਪ੍ਰਚਾਰ ਕਮੇਟੀ 25 ਅਪਰੈਲ ਤੋਂ ਬੂਥ ਅਤੇ ਸਰਕਲ ਪੱਧਰ ‘ਤੇ ਮੀਟਿੰਗਾਂ ਕਰਵਾਕੇ ਉਮੀਦਵਾਰਾਂ ਦੇ ਨਾਮ ਹਾਸਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰੇਗੀ। ਇਸ ਤੋਂ ਬਾਅਦ ਚੋਣ ਕਮੇਟੀ ਹਰੇਕ ਵਿਧਾਨ ਸਭਾ ਹਲਕੇ ਦੇ ਉਮੀਦਵਾਰਾਂ ਦੀ ਸੂਚੀ ਵਿੱਚੋਂ 5-5 ਬਿਹਤਰ ਉਮੀਦਵਾਰਾਂ ਦੇ ਨਾਵਾਂ ਦੀ ਚੋਣ ਕਰਕੇ ਸਕਰੀਨਿੰਗ ਕਮੇਟੀ ਅੱਗੇ ਪੇਸ਼ ਕਰੇਗੀ। ਇਸ ਤੋਂ ਬਾਅਦ ਸੰਭਾਵੀ ਉਮੀਦਵਾਰਾਂ ਦੀ ਸੂਚੀ ਪਾਰਟੀ ਦੀ ਕੌਮੀ ਰਾਜਨੀਤਕ ਮਾਮਲਿਆਂ ਦੀ ਕਮੇਟੀ ਅੱਗੇ ਪੇਸ਼ ਕੀਤੀ ਜਾਵੇਗੀ ਅਤੇ ਉਮੀਦਵਾਰਾਂ ਦੀ ਚੋਣ ‘ਤੇ ਅੰਤਿਮ ਮੋਹਰ ਇਹ ਕਮੇਟੀ ਹੀ ਲਾਵੇਗੀ। ਚੋਣ ਪ੍ਰਚਾਰ ਕਮੇਟੀ ਵਿੱਚ ਦੋ ਕੌਮੀ ਆਗੂ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਸ਼ਾਮਲ ਕੀਤੇ ਗਏ ਹਨ ਅਤੇ ਪੰਜਾਬ ਤੋਂ ਸੰਸਦ ਮੈਂਬਰ ਭਗਵੰਤ ਮਾਨ ਤੇ ਪ੍ਰੋ. ਸਾਧੂ ਸਿੰਘ, ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਅਤੇ ਪੰਜਾਬ ਦੇ ਵੱਖ-ਵੱਖ ਵਿੰਗਾਂ ਦੇ ਅਹੁਦੇਦਾਰ ਹਰਜੋਤ ਬੈਂਸ, ਐਚ.ਐਸ. ਕੰਗ, ਕਰਨਵੀਰ ਸਿੰਘ ਟਿਵਾਣਾ, ਹਿੰਮਤ ਸਿੰਘ ਸ਼ੇਰਗਿੱਲ, ਗੁਰਪ੍ਰੀਤ ਘੁੱਗੀ, ਪ੍ਰੋ. ਬਲਜਿੰਦਰ ਕੌਰ, ਕੁਲਤਾਰ ਸਿੰਘ, ਜਗਤਾਰ ਸਿੰਘ ਸੰਘੇੜਾ, ਯਾਮਨੀ ਗੌਮਰ, ਸੁਖਪਾਲ ਖਹਿਰਾ ਅਤੇ ਬੂਟਾ ਸਿੰਘ ਅਸ਼ਾਂਤ ਸ਼ਾਮਲ ਹਨ। ਸਕਰੀਨਿੰਗ ਕਮੇਟੀ ਵਿੱਚ ਸੰਜੇ ਸਿੰਘ, ਦੁਰਗੇਸ਼ ਪਾਠਕ, ਭਗਵੰਤ ਮਾਨ, ਸਾਧੂ ਸਿੰਘ ਅਤੇ ਸੁੱਚਾ ਸਿੰਘ ਛੋਟੇਪੁਰ ਸ਼ਾਮਲ ਕੀਤੇ ਗਏ ਹਨ।
ਕੇਜਰੀਵਾਲ ਦੀ ਥਾਂ ਮੋਦੀ ਵਿਰੁੱਧ ਧਰਨੇ ਦੇਣ ਅਕਾਲੀ
‘ਆਪ’ ਦੇ ਕੌਮੀ ਆਗੂ ਸੰਜੇ ਸਿੰਘ ਨੇ ਕਿਹਾ ਕਿ ਐਸ.ਵਾਈ.ਐਲ. ਨਹਿਰ ਦੀ ਜਨਨੀ ਕਾਂਗਰਸ ਹੈ ਅਤੇ ਇਸ ਦੀ ਖੁਦਾਈ ਅਕਾਲੀ ਸਰਕਾਰ ਵੇਲੇ ਹੋਈ ਹੈ। ਇਸੇ ਤਰ੍ਹਾਂ ਦਿੱਲੀ ਦੇ ਸੀਸਗੰਜ ਗੁਰਦੁਆਰਾ ਸਾਹਿਬ ਦੇ ਪਿਆਓ ਨੂੰ ਭਾਜਪਾ ਦੀ ਹਕੂਮਤ ਵਾਲੀ ਕਾਰਪੋਰੇਸ਼ਨ ਨੇ ਮੋਦੀ ਸਰਕਾਰ ਅਧੀਨ ਆਉਂਦੀ ਦਿੱਲੀ ਪੁਲਿਸ ਦੇ ਡੰਡੇ ਦੇ ਜ਼ੋਰ ਨਾਲ ਤੋੜਿਆ ਹੈ। ਦੂਸਰਾ ‘ਆਪ’ ਸਾਫ਼ ਕਰ ਚੁੱਕੀ ਹੈ ਕਿ ਪੰਜਾਬ ਦੇ ਪਾਣੀਆਂ ‘ਤੇ ਕੇਵਲ ਪੰਜਾਬੀਆਂ ਦਾ ਅਧਿਕਾਰ ਹੈ ਅਤੇ ਉਹ ਇਸ ਸਟੈਂਡ ‘ਤੇ ਕਾਇਮ ਹਨ। ਇਸ ਲਈ ਬਾਦਲਾਂ ਨੂੰ 12 ਅਪਰੈਲ ਨੂੰ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਦੇ ਮੁਖੀ ਅਰਵਿੰਦ ਕੇਜਰੀਵਾਲ ਦੀ ਥਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਧਰਨੇ ਮਾਰਨੇ ਚਾਹੀਦੇ ਹਨ।

Check Also

ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਲ 2024-25 ਲਈ ਬਜਟ ਕੀਤਾ ਗਿਆ ਪੇਸ਼

ਬਜਟ ਇਜਲਾਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਗੂੰਜਿਆ ਅੰਮਿ੍ਰਤਸਰ/ਬਿਊਰੋ ਨਿਊਜ਼ : ਸ਼ੋ੍ਰਮਣੀ …